ਚੰਡੀਗੜ੍ਹ (ਡੈਸਕ) : ਪੰਜਾਬ ਦੇ ਖੁਰਾਕ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਦੀਆਂ ਮੁਸ਼ਕਿਲਾਂ ਘੱਟ ਨਹੀਂ ਹੋ ਰਹੀਆਂ। ਅਸ਼ਲੀਲ ਵੀਡੀਓਜ਼ ਦੇ ਮਾਮਲੇ ਵਿੱਚ ਹੁਣ ਸਖਤ ਕਾਰਵਾਈ ਹੋਣ ਦੀ ਸੰਭਾਵਨਾ ਹੈ। ਇਸ ਮਾਮਲੇ ਵਿੱਚ ਸੂਬੇ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਵੀ ਬਕਾਇਦਾ ਟਿੱਪਣੀ ਕਰਕੇ ਸਰਕਾਰ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਪਰ ਇਸ ਮਾਮਲੇ ਵਿੱਚ ਫੌਰੀ ਕਾਰਵਾਈ ਤੋਂ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਪਛੜ ਗਿਆ ਹੈ।
ਪੀੜਤ ਦੀ ਜਾਨ ਨੂੰ ਖਤਰਾ : ਜਾਣਕਾਰੀ ਮੁਤਾਬਿਕ ਹੁਣ ਇਸ ਮਾਮਲੇ ਵਿੱਚ ਐੱਸ ਕਮਿਸ਼ਨ ਵਲੋਂ ਸਰਕਾਰ ਨੂੰ ਤੀਸਰਾ ਨੋਟਿਸ ਜਾਰੀ ਕੀਤਾ ਹੈ। ਦੂਜੇ ਪਾਸੇ ਐਸਸੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਵੀ ਮਾਨ ਸਰਕਾਰ ਨੂੰ ਇਸ ਮਾਮਲੇ ਵਿੱਚ ਕੀਤੀ ਗਈ ਕਾਰਵਾਈ ਦੇ ਸਾਰੇ ਦਸਤਾਵੇਜਾਂ ਨਾਲ 12 ਜੂਨ ਨੂੰ ਕਮਿਸ਼ਨ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਸਾਂਪਲਾ ਨੇ ਵੀ ਇਹ ਵੀ ਕਿਹਾ ਸੀ ਕਿ ਪੀੜਤ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ ਅਤੇ ਇਸਦੀ ਲਿਖਤੀ ਸੂਚਨਾ ਵੀ ਪੰਜਾਬ ਪੁਲਿਸ ਨੂੰ ਦਿੱਤੀ ਗਈ ਸੀ। ਪੀੜਤ ਵਲੋਂ ਕਿਹਾ ਗਿਆ ਸੀ ਕਿ ਉਹ ਐਸਆਈਟੀ ਸਾਹਮਣੇ ਪੇਸ਼ ਹੋ ਕੇ ਆਪਣੇ ਬਿਆਨ ਨਹੀਂ ਰਿਕਾਰਡ ਕਰਵਾ ਸਕਦਾ ਅਤੇ ਉਸ ਵਲੋਂ ਵੀਡਿਓ ਕਾਨਫਰੰਸਿੰਗ ਰਾਹੀਂ ਜਾਂ ਦਿੱਲੀ ਵਿੱਚ ਰਿਕਾਰਡ ਕਰਨ ਦੀ ਮੰਗ ਕੀਤੀ ਗਈ ਸੀ। ਉਸ ਵਲੋਂ ਸੁਰੱਖਿਆ ਵੀ ਮੰਗੀ ਗਈ ਸੀ।
ਦਰਅਸਲ ਇਸ ਮਾਮਲੇ ਵਿੱਚ ਐਸਸੀ ਕਮਿਸ਼ਨ ਵਲੋਂ ਸਰਕਾਰ ਨੂੰ ਪਹਿਲਾਂ ਦੋ ਨੋਟਿਸ ਭੇਜ ਕੇ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਸਨ। ਇਨ੍ਹਾਂ ਵਿੱਚ ਵੀ ਕੀਤੀ ਗਈ ਕਾਰਵਾਈ ਦੀ ਡਿਟੇਲ ਹੀ ਮੰਗੀ ਗਈ ਸੀ। ਪਰ ਹੈਰਾਨੀ ਵਾਲੀ ਗੱਲ ਹੈ ਕਿ ਸਰਕਾਰ ਦੇ ਅਧਿਕਾਰੀ ਕਮਿਸ਼ਨ ਅੱਗੇ ਪੇਸ਼ ਨਹੀਂ ਹੋਏ।