ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਚੱਲਦਿਆਂ ਪੂਰੇ ਦੇਸ਼ ਵਿੱਚ 22 ਮਾਰਚ ਤੋਂ ਲੌਕਡਾਊਨ ਚੱਲ ਰਿਹਾ ਹੈ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪਹਿਲੇ ਦਿਨ ਤੋਂ ਹੀ ਚੰਡੀਗੜ੍ਹ ਵਿੱਚ ਕਰਫਿਊ ਲਗਾਇਆ ਹੋਇਆ ਹੈ। ਇਸ ਦੇ ਨਾਲ ਹੀ 3 ਮਈ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਲੋਕਾਂ ਵਿੱਚ ਕੁਝ ਰਿਆਇਤਾਂ ਦਿੱਤੀਆਂ ਗਈਆਂ ਹਨ।
ਚੰਡੀਗੜ੍ਹ ਵਿੱਚ ਜਿਹੜੇ ਪ੍ਰਵਾਸੀ ਮਜ਼ਦੂਰ ਰਹਿ ਰਹੇ ਹਨ। ਉਨ੍ਹਾਂ ਦੇ ਜਾਣ ਵਾਸਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਫਾਰਮ ਦਿੱਤੇ ਜਾ ਰਹੇ ਹਨ। ਇਸ ਤੋਂ ਇਲਾਵਾ ਪ੍ਰਵਾਸੀ ਮਜ਼ਦੂਰਾਂ ਲਈ ਫਾਰਮ ਆਨਲਾਈਨ ਅਪਲਾਈ ਕਰਨ ਲਈ ਕਿਹਾ ਗਿਆ ਹੈ।
ਮਨੀਮਾਜਰਾ ਵਿੱਚ ਈਟੀਵੀ ਭਾਰਤ ਨੇ ਜਦੋਂ ਕੰਪਿਊਟਰ ਸੈਂਟਰ ਵਿੱਚ ਜਾ ਕੇ ਜਾਇਜ਼ਾ ਲਿਆ ਤਾਂ ਉੱਥੇ ਪ੍ਰਵਾਸੀ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ ਆਪਣੇ ਘਰ ਵਾਪਸ ਜਾਣ ਵਾਸਤੇ ਇਹ ਫਾਰਮ ਭਰ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਇੱਥੇ ਕਿਸੇ ਵੀ ਪ੍ਰਕਾਰ ਦੀ ਸੁਵਿਧਾ ਨਹੀਂ ਮਿਲ ਰਹੀ ਹੈ। ਪ੍ਰਸ਼ਾਸਨ ਵੱਲੋਂ ਸ਼ੁਰੂ ਵਿੱਚ ਖਾਣ ਪੀਣ ਲਈ ਸਮਾਨ ਮਿਲਿਆ ਸੀ, ਪਰ ਉਹ ਪੂਰੇ ਪਰਿਵਾਰ ਵਾਸਤੇ ਪੂਰਾ ਨਹੀਂ ਪੈਂਦਾ ਸੀ, ਜਿਸ ਕਰਕੇ ਉਹ ਵਾਪਸ ਆਪਣੇ ਪਿੰਡ ਜਾਣਾ ਚਾਹੁੰਦੇ ਹਨ।