ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਵਿਧਾਨ ਸਭਾ ਦੇ ਸੈਸ਼ਨ ਨੂੰ ਲੈ ਕੇ ਸਪੱਸ਼ਟ ਕਿਹਾ ਹੈ ਕਿ ਅਸੀਂ ਕਾਂਗਰਸ ਸਰਕਾਰ ਨੂੰ ਵਿਧਾਨ ਸਭਾ ਸੈਸ਼ਨ ਬੁਲਾਉਣ ਦੇ ਲਈ 7 ਦਿਨ ਦਾ ਸਮਾਂ ਦਿੰਦੇ ਹਾਂ। ਉਨ੍ਹਾਂ ਕਿਹਾ ਜੇ 7 ਦਿਨਾਂ ਦੇ ਵਿੱਚ ਸੈਸ਼ਨ ਨਹੀਂ ਬੁਲਾਇਆ ਜਾਂਦਾ ਅਤੇ ਕਾਂਗਰਸ ਵੱਲੋਂ ਪਾਸ ਕੀਤੇ ਏਪੀਐੱਮਸੀ ਐਕਟ ਨੂੰ ਰੱਦ ਨਹੀਂ ਕੀਤਾ ਜਾਂਦਾ ਤਾਂ 20 ਅਕਤੂਬਰ ਨੂੰ ਅਕਾਲੀ ਦਲ ਕਾਂਗਰਸ ਖ਼ਿਲਾਫ ਰੋਸ ਪ੍ਰਦਰਸ਼ਨ ਕਰੇਗਾ।
ਮਜੀਠੀਆ ਨੇ ਕਿਹਾ ਕਿ ਪਹਿਲਾਂ ਕਾਂਗਰਸ ਨੇ ਹੀ ਇਸ ਦੀ ਪਹਿਲ ਕੀਤੀ ਸੀ। ਮਜੀਠੀਆ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਸਕੱਤਰ ਵੱਲੋਂ ਚਿੱਠੀਆਂ ਬੇਸ਼ੱਕ ਭੇਜੀਆਂ ਜਾ ਰਹੀਆਂ ਹਨ, ਪਰ ਇਸ ਦਾ ਫ਼ਾਇਦਾ ਉਦੋਂ ਹੀ ਹੋਵੇਗਾ, ਜਦੋਂ ਪ੍ਰਧਾਨ ਮੰਤਰੀ ਖ਼ੁਦ ਇਸ ਉੱਤੇ ਹਸਤਾਖ਼ਰ ਕਰਨਗੇ, ਕਿਉਂਕਿ ਇਹ ਨਰਿੰਦਰ ਤੋਮਰ ਦੇ ਬਸ ਵਿੱਚ ਨਹੀਂ ਹੈ ਕਿ ਉਹ ਵੱਡੇ ਫ਼ੈਸਲੇ ਲੈ ਸਕਣ।
ਨਵਜੋਤ ਸਿੱਧੂ ਬਾਰੇ ਮਜੀਠੀਆ ਨੇ ਕਿਹਾ ਕਿ ਕਾਂਗਰਸ ਦੀ ਸਟੇਜ ਤੋਂ ਹੀ ਸਭ ਕੁੱਝ ਪਤਾ ਚੱਲ ਗਿਆ ਕਿ ਆਖ਼ਿਰ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ, ਜਿਸ ਵਿੱਚ ਰਾਹੁਲ ਗਾਂਧੀ ਨੇ ਦਿੱਲੀ ਜਾ ਕੇ ਕਿਹਾ ਕਿ ਮੈਂ ਰਾਫ਼ੇਲ ਦਾ ਵਿਰੋਧ ਕਰਦਾ ਹਾਂ। ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿੱਚ ਸਿੱਧੂ ਨੂੰ ਰਾਫ਼ੇਲ ਕਿਹਾ ਗਿਆ ਸੀ।
ਉੱਥੇ ਹੀ ਅਕਾਲੀ ਦਲ ਦੀ ਮੀਟਿੰਗ ਵਿੱਚ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਨੂੰ ਲੈ ਕੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰਨ ਦੀ ਗੱਲ ਕਹੀ ਗਈ ਹੈ।