ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਖਿਲਾਫ ਜੇਲ੍ਹ 'ਚੋਂ ਇੰਟਰਵਿਊ ਦੇਣ ਦੇ ਦੋਸ਼ 'ਚ ਪੰਜਾਬ 'ਚ ਦੋ ਮਾਮਲੇ ਦਰਜ ਕੀਤੇ ਗਏ ਹਨ। ਇਹ ਇੰਟਰਵਿਊ 14 ਅਤੇ 17 ਮਾਰਚ 2023 ਨੂੰ ਇੱਕ ਨਿੱਜੀ ਚੈਨਲ 'ਤੇ ਪ੍ਰਸਾਰਿਤ ਕੀਤੇ ਗਏ ਸਨ। ਜਿਸ ਤੋਂ ਬਾਅਦ ਸਟੇਟ ਕ੍ਰਾਈਮ ਬਿਊਰੋ 'ਚ ਲਾਰੈਂਸ ਅਤੇ ਉਸਦੇ ਗਿਰੋਹ ਦੇ ਮੈਂਬਰਾਂ ਖਿਲਾਫ ਇਹ ਮਾਮਲਾ ਦਰਜ ਕੀਤਾ ਗਿਆ ਹੈ।
ਹਾਈ ਕੋਰਟ ਵਲੋਂ ਗਠਨ ਨਵੀਂ ਜਾਂਚ ਟੀਮ: ਇਹ ਕਾਰਵਾਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 23 ਦਸੰਬਰ ਦੇ ਹੁਕਮਾਂ ਤੋਂ ਬਾਅਦ ਕੀਤੀ ਗਈ ਹੈ। ਹਾਈ ਕੋਰਟ ਨੇ ਪੰਜਾਬ ਸਰਕਾਰ ਵੱਲੋਂ ਬਣਾਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੀ ਜਾਂਚ ਨੂੰ ਰੱਦ ਕਰਦਿਆਂ ਨਵੀਂ ਜਾਂਚ ਟੀਮ ਦਾ ਗਠਨ ਕਰ ਦਿੱਤਾ ਸੀ। ਇਸ ਦੀ ਅਗਵਾਈ ਵਿਸ਼ੇਸ਼ ਡੀਜੀਪੀ ਪ੍ਰਬੋਧ ਕੁਮਾਰ ਕਰਨਗੇ। ਇਸ ਐਫਆਈਆਰ ਰਾਹੀਂ ਪੰਜਾਬ ਪੁਲਿਸ ਹੁਣ ਦੂਜੇ ਰਾਜਾਂ ਵਿੱਚ ਵੀ ਲਾਰੈਂਸ ਦੀ ਇੰਟਰਵਿਊ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਕਰ ਸਕੇਗੀ। ਸੁਣਵਾਈ ਦੌਰਾਨ ਹਾਈਕੋਰਟ ਨੇ ਪੰਜਾਬ ਪੁਲਿਸ ਦੇ ਸਪੈਸ਼ਲ ਡੀਜੀਪੀ ਕੁਲਦੀਪ ਸਿੰਘ ਅਤੇ ਏਡੀਜੀਪੀ ਜੇਲ੍ਹ ਅਰੁਣ ਪਾਲ ਸਿੰਘ ਦੀ ਜਾਂਚ ਰਿਪੋਰਟ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਮਾਮਲੇ ਦੀ ਅਗਲੀ ਸੁਣਵਾਈ 10 ਜਨਵਰੀ ਨੂੰ ਹੋਵੇਗੀ।
ਹਾਈਕੋਰਟ ਨੇ ਨਹੀਂ ਮੰਨੀ ਪੁਲਿਸ ਦੀ ਜਾਂਚ ਰਿਪੋਰਟ: ਇਸ ਮਾਮਲੇ 'ਚ 23 ਦਸੰਬਰ ਨੂੰ ਸੁਣਵਾਈ ਦੌਰਾਨ ਹਾਈਕੋਰਟ ਨੇ ਪੰਜਾਬ ਪੁਲਿਸ ਵੱਲੋਂ ਦਾਇਰ ਜਾਂਚ ਰਿਪੋਰਟ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਹੈ ਕਿ ਇੰਟਰਵਿਊ ਬਠਿੰਡਾ ਜਾਂ ਕਿਸੇ ਹੋਰ ਜੇਲ੍ਹ ਜਾਂ ਥਾਣੇ ਵਿੱਚ ਹੋਈ ਸੀ। ਇਸ ਰਿਪੋਰਟ ਨੂੰ ਰੱਦ ਕਰਨ ਦੇ ਨਾਲ ਹੀ ਅਦਾਲਤ ਨੇ ਵਿਸ਼ੇਸ਼ ਡੀਜੀਪੀ ਪ੍ਰਬੋਧ ਕੁਮਾਰ ਦੀ ਨਿਗਰਾਨੀ ਹੇਠ ਨਵੀਂ ਐਸਆਈਟੀ ਦਾ ਗਠਨ ਕੀਤਾ ਸੀ। ਵਿਜੀਲੈਂਸ ਬਿਊਰੋ ਦੇ ਸੰਯੁਕਤ ਡਾਇਰੈਕਟਰ ਡਾ.ਐਸ.ਰਾਹੁਲ ਅਤੇ ਡੀ.ਆਈ.ਜੀ ਨੀਲਾਂਬਰੀ ਜਗਦਲੇ ਨੂੰ ਉਨ੍ਹਾਂ ਦੇ ਨਾਲ ਰੱਖਿਆ ਗਿਆ ਹੈ।
ਸਰਕਾਰ ਵਲੋਂ ਰੱਖੇ ਪੱਖ 'ਤੇ ਹਾਈਕੋਰਟ ਦੀ ਪਈ ਸੀ ਝਾੜ: ਇਸ ਤੋਂ ਪਹਿਲਾਂ ਹਾਈ ਕੋਰਟ ਵਿੱਚ ਪੰਜਾਬ ਜੇਲ੍ਹ ਦੇ ਏਡੀਜੀਪੀ ਅਰੁਣਪਾਲ ਸਿੰਘ ਨੇ ਕਿਹਾ ਸੀ ਕਿ ਐਸਆਈਟੀ ਨੂੰ ਪੰਜਾਬ ਦੀ ਜੇਲ੍ਹ ਵਿੱਚ ਜਾਂ ਜੇਲ੍ਹ ਤੋਂ ਬਾਹਰ ਪੰਜਾਬ ਵਿੱਚ ਕਿਤੇ ਵੀ ਲਾਰੈਂਸ ਦੀ ਇੰਟਰਵਿਊ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਇਸ 'ਤੇ ਹਾਈਕੋਰਟ ਨੇ ਪੁੱਛਿਆ ਕਿ ਕੀ ਹਰਿਆਣਾ 'ਚ ਇੰਟਰਵਿਊ ਹੋਣ ਦੀ ਸੰਭਾਵਨਾ ਹੈ ਤਾਂ ਏਡੀਜੀਪੀ ਨੇ ਇਸ ਸੰਭਾਵਨਾ ਤੋਂ ਇਨਕਾਰ ਕਰਦਿਆਂ ਕਿਹਾ ਕਿ ਇੰਟਰਵਿਊ ਦੇ ਸਮੇਂ ਉਹ ਦਿੱਲੀ ਅਤੇ ਰਾਜਸਥਾਨ ਪੁਲਿਸ ਦੀ ਹਿਰਾਸਤ 'ਚ ਸਨ। ਰਾਜਸਥਾਨ ਤੋਂ ਇੰਟਰਵਿਊ ਦੀ ਸੰਭਾਵਨਾ ਹੈ। ਇਸ 'ਤੇ ਹਾਈਕੋਰਟ ਨੇ ਕਿਹਾ ਕਿ ਹੁਣ ਦੱਸਿਆ ਜਾ ਰਿਹਾ ਹੈ ਕਿ ਇਹ ਇੰਟਰਵਿਊ ਪੰਜਾਬ ਦੀ ਜੇਲ੍ਹ 'ਚ ਨਹੀਂ ਹੋਈ। ਆਖ਼ਰ ਐਸਆਈਟੀ ਨੇ ਕੀ ਕੀਤਾ ਤੇ ਐਸਆਈਟੀ ਨੂੰ ਕੀ ਹੁਕਮ ਦਿੱਤਾ ਗਿਆ ਸੀ? ਹਾਈ ਕੋਰਟ ਨੇ ਕਿਹਾ ਕਿ ਇਹ ਬਹੁਤ ਗੰਭੀਰ ਮਾਮਲਾ ਹੈ ਅਤੇ ਇਸ ਮਾਮਲੇ ਦੀ ਸੁਣਵਾਈ ਜ਼ਰੂਰੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੀ ਕੋਈ ਘਟਨਾ ਨਾ ਵਾਪਰੇ।
ਪਹਿਲੇ ਇੰਟਰਵਿਊ 'ਚ ਮੂਸੇਵਾਲਾ ਕਤਲ ਦੀ ਜ਼ਿੰਮੇਵਾਈ: ਗੈਂਗਸਟਰ ਲਾਰੈਂਸ ਦਾ ਪਹਿਲਾ ਇੰਟਰਵਿਊ 14 ਮਾਰਚ ਦੀ ਸ਼ਾਮ ਨੂੰ ਨਿੱਜੀ ਚੈਨਲ ਵਲੋਂ ਪ੍ਰਸਾਰਿਤ ਕੀਤਾ ਗਿਆ ਸੀ। ਉਦੋਂ ਡੀਜੀਪੀ ਪੰਜਾਬ ਨੇ ਪਹਿਲੀ ਇੰਟਰਵਿਊ ਤੋਂ ਬਾਅਦ ਸਪੱਸ਼ਟ ਕਿਹਾ ਸੀ ਕਿ ਲਾਰੈਂਸ ਦੀ ਇੰਟਰਵਿਊ ਪੰਜਾਬ ਤੋਂ ਬਾਹਰ ਹੋਈ ਹੈ। ਇਸ ਵਿੱਚ ਲਾਰੈਂਸ ਨੇ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਉਣ ਦੀ ਗੱਲ ਕਬੂਲੀ ਸੀ। ਲਾਰੈਂਸ ਨੇ ਕਿਹਾ ਸੀ ਕਿ ਮੂਸੇਵਾਲਾ ਗਾਉਣ ਦੀ ਬਜਾਏ ਗੈਂਗਵਾਰ ਵਿੱਚ ਦਖ਼ਲ ਦੇ ਰਿਹਾ ਸੀ। ਉਸ ਦੇ ਕਾਲਜ ਦੇ ਦੋਸਤ ਅਤੇ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਵਿੱਚ ਵੀ ਮੂਸੇਵਾਲਾ ਦਾ ਹੱਥ ਸੀ।
ਦੂਜੇ ਇੰਟਰਵਿਊ 'ਚ ਸਲਮਾਨ ਨੂੰ ਧਮਕੀ: ਇਸ ਤੋਂ ਤਿੰਨ ਦਿਨ ਬਾਅਦ 17 ਮਾਰਚ ਨੂੰ ਦੂਜਾ ਭਾਗ ਦੁਬਾਰਾ ਪ੍ਰਸਾਰਿਤ ਕੀਤਾ ਗਿਆ। ਜਿਸ ਵਿੱਚ ਲਾਰੈਂਸ ਨੇ ਜੇਲ੍ਹ ਅੰਦਰੋਂ ਇੰਟਰਵਿਊ ਕਰਵਾਉਣ ਦਾ ਸਬੂਤ ਵੀ ਦਿੱਤਾ ਸੀ। ਉਸ ਨੇ ਆਪਣੀ ਬੈਰਕ ਵੀ ਦਿਖਾ ਕੇ ਦੱਸਿਆ ਕਿ ਉਸ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ ਪਰ ਮੋਬਾਈਲ ਉਸ ਕੋਲ ਆ ਜਾਂਦਾ ਹੈ ਅਤੇ ਸਿਗਨਲ ਵੀ ਹੈ। ਇੰਟਰਵਿਊ ਦੌਰਾਨ ਹੀ ਲਾਰੈਂਸ ਨੇ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਕਾਲੇ ਹਿਰਨ ਦੇ ਸ਼ਿਕਾਰ ਤੋਂ ਬਾਅਦ ਲਾਰੈਂਸ ਸਲਮਾਨ ਤੋਂ ਨਾਰਾਜ਼ ਹੈ।