ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਖੌਫ਼ ਕਾਰਨ ਸੂਬੇ 'ਚ ਲੱਗੇ ਕਰਫਿਊ ਦੌਰਾਨ ਲੋਕਾਂ ਨੂੰ ਜ਼ਰੂਰੀ ਸਮਾਨ ਤੋਂ ਲੈ ਕੇ ਖਾਣੇ ਦਾ ਪ੍ਰਬੰਧ ਕਰਨ ਤਕ ਜਿੱਥੇ ਪ੍ਰਸਾਸ਼ਨ ਆਪਣਾ ਕੰਮ ਕਰ ਰਿਹਾ ਹੈ ਉੱਥੇ ਹੀ ਧਾਰਮਿਕ ਅਸਥਾਨ ਵੀ ਆਪਣੀ ਭੂਮਿਕਾ ਨਿਭਾ ਰਹੇ ਹਨ। ਧਾਰਮਿਕ ਸੰਸਥਾਵਾਂ ਲੋੜਵੰਦਾਂ ਲਈ ਲੰਗਰ ਬਣਾ ਕੇ ਪ੍ਰਸ਼ਾਸਨ ਦਾ ਸਹਿਯੋਗ ਕਰ ਰਹੀਆਂ ਹਨ। ਚੰਡੀਗੜ੍ਹ ਦੇ ਮਨੀਮਾਜਰਾ ਦੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ 'ਚ ਨੌਜਵਾਨਾਂ ਵੱਲੋਂ ਰੋਜ਼ਾਨਾ ਲੰਗਰ ਤਿਆਰ ਕਰ ਪ੍ਰਸਾਸ਼ਨ ਦੇ ਸਹਿਯੋਗ ਨਾਲ ਲੋੜਵੰਦਾਂ 'ਚ ਵੰਡਿਆ ਜਾਂਦਾ ਹੈ।
ਈਟੀਵੀ ਭਾਰਤ ਦੀ ਟੀਮ ਵੱਲੋਂ ਗੁਰਦੁਆਰੇ ਜਾ ਇਸ ਸਾਰੀ ਗਤੀਵਿਧੀ ਸੰਬੰਧੀ ਜਾਣਕਾਰੀ ਹਾਸਲ ਕੀਤੀ ਗਈ ਹੈ। ਗੁਰਦੁਆਰੇ 'ਚ ਖ਼ਾਸ ਤੌਰ 'ਤੇ ਨੌਜਵਾਨਾਂ ਵੱਲੋਂ ਇਹ ਲੰਗਰ ਬਣਾਉਣ ਦੀ ਸੇਵਾ ਨਿਭਾਈ ਜਾ ਰਹੀ ਹੈ। ਗੱਲਬਾਤ ਕਰਦਿਆਂ ਸੇਵਾਦਾਰਾਂ ਨੇ ਦੱਸਿਆ ਕਿ ਲੌਕਡਾਊਨ ਦੌਰਾਨ ਲੋੜਵੰਦਾਂ ਦੀ ਮਦਦ ਲਈ ਇੱਥੇ ਹਰ ਰੋਜ਼ ਲੰਗਰ ਬਣਾਇਆ ਜਂਦਾ ਹੈ ਅਤੇ ਇਸ ਲੰਗਰ ਲਈ ਰਸਦ ਉਨ੍ਹਾਂ ਦੇ ਆਪਣੇ ਪੈਸਿਆਂ ਜਾਂ ਕਿਸੇ ਦਾਨੀ ਸੱਜਣ ਦੇ ਦਾਨ 'ਤੇ ਨਿਰਭਰ ਕਰਦੀ ਹੈ। ਗੁਰਦੁਆਰੇ 'ਚ ਹਰ ਰੋਜ਼ ਸੱਤ ਤੋਂ ਅੱਠ ਹਜ਼ਾਰ ਲੋਕਾਂ ਲਈ ਲੰਗਰ ਪਕਾਇਆ ਜਾਂਦਾ ਹੈ ਅਤੇ ਬਿਨ੍ਹਾਂ ਕਿਸੇ ਭੇਦਭਾਵ ਤੋਂ ਹਰ ਧਰਮ ਅਤੇ ਜਾਤ ਦੇ ਲੋਕਾਂ ਵਿੱਚ ਵੰਡਿਆ ਜਾਂਦਾ ਹੈ। ਸੇਵਾਦਾਰਾਂ ਦਾ ਇਹ ਵੀ ਕਹਿਣਾ ਹੈ ਕਿ ਨੌਜਵਾਨਾਂ ਵੱਲੋਂ ਇੱਥੇ ਸੇਵਾ ਨਿਭਾਉਣ ਨਾਲ ਨੌਜਵਾਨ ਨਸ਼ੇ ਵਰਗੀਆਂ ਭੈੜੀ ਆਦਤਾਂ ਤੋਂ ਦੂਰ ਹੋ ਰਹੇ ਹਨ।
ਜ਼ਿਕਰ-ਏ-ਖ਼ਾਸ ਹੈ ਕਿ ਗੁਰਦੁਆਰਾ ਸਾਹਿਬ ਮੁੱਢ ਤੋਂ ਹੀ ਹਰ ਘੜੀ 'ਚ ਲੋੜਵੰਦਾਂ ਦੀ ਮਦਦ ਲਈ ਲੰਗਰ ਦੀ ਸੇਵਾ ਨਿਭਾਉਂਦੇ ਹਨ। ਮੁੱਢ ਤੋਂ ਚੱਲੀ ਆ ਰਹੀ ਇਸ ਪਰੰਪਰਾ ਦਾ ਸਿੱਖ ਭਾਈਚਾਰਿਆਂ ਵੱਲੋਂ ਹੁਣ ਵੀ ਪਾਲਣ ਕਰਨਾ ਇਹ ਦਰਸਾਉਂਦਾ ਹੈ ਕਿ ਸਿੱਖਾਂ ਨੇ ਅਤੇ ਲੋਕਾਂ ਨੇ ਗੁਰੂ ਸਾਹਿਬਾਨਾਂ ਦੀ ਸਿੱਖਿਆਵਾਂ ਨੂੰ ਅਪਣਾਇਆ ਹੈ ਅਤੇ ਉਸ 'ਤੇ ਅਮਲ ਕਰ ਰਹੇ ਹਨ।