ਚੰਡੀਗੜ੍ਹ: ਪੰਜਾਬ ਕੇਸਰੀ ਦੇ ਮਾਣ ਨਾਲ ਜਾਣੇ ਜਾਂਦੇ ਲਾਲਾ ਲਾਜਪਤ ਰਾਏ ਉਹ ਆਗੂ ਨੇ ਜੋ ਆਜ਼ਾਦੀ ਦੀ ਲੜਾਈ ਵਿੱਚ ਮੋਹਰੀ ਰਹੇ ਹਨ। ਆਜ਼ਾਦੀ ਦੀ ਲੜਾਈ ਦੌਰਾਨ ਪੰਜਾਬ ਵਿੱਚ ਪ੍ਰਮੁੱਖ ਕ੍ਰਾਂਤੀਕਾਰੀ ਲੀਡਰ ਦੇ ਰੂਪ ਵਿੱਚ ਸਥਾਪਿਤ ਲਾਲਾ ਲਾਜਪਤ ਰਾਏ ਕਾਂਗਰਸ ਦੀ ਗਰਮ ਦਲ ਵਿਚਾਰਧਾਰਾ ਵਾਲੇ ਅਗਾਂਹਵਧੂ ਲੀਡਰ ਸਨ। ਭਾਰਤ ਵਿੱਚ ਬੈਂਕਿੰਗ ਪ੍ਰਬੰਧ ਨੂੰ ਸਥਾਪਿਤ ਕਰਨ ਅਤੇ ਗਰੀਬਾਂ ਦੇ ਹਿੱਤਾਂ ਲਈ ਕੰਮ ਕਰਨ ਵਾਲੇ ਲਾਲਾ ਲਾਜਪਤ ਰਾਇ ਵਲੋਂ ਕਈ ਪ੍ਰੋਗਰਾਮ ਤੇ ਸੰਸਥਾਵਾਂ ਸ਼ੁਰੂ ਕੀਤੀਆਂ ਗਈਆਂ।
ਆਪਣੇ ਜੀਵਨ ਦੌਰਾਨ ਲਾਲਾ ਲਾਜਪਤ ਰਾਏ ਨੇ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਚੰਦਰਸ਼ੇਖਰ ਵਰਗੇ ਕ੍ਰਾਂਤੀਕਾਰੀ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ। ਲਾਲਾ ਲਾਜਪਤ ਰਾਏ ਦੀ ਜਯੰਤੀ ਹਰੇਕ ਸਾਲ 28 ਜਨਵਰੀ ਨੂੰ ਮਨਾਈ ਜਾਂਦੀ ਹੈ। ਇਨ੍ਹਾਂ ਦਾ ਜਨਮ 28 ਜਨਵਰੀ 1865 ਨੂੰ ਮੋਗਾ ਜਿਲ੍ਹੇ ਵਿੱਚ ਹੋਇਆ ਸੀ। ਪਿੰਡ ਦਾ ਨਾਂ ਦੁਧਿਕੇ ਸੀ। ਬਚਪਨ ਤੋਂ ਹੀ ਦੇਸ਼ਪ੍ਰੇਮ ਦੀ ਭਾਵਨਾ ਨਾਲ ਲਬਰੇਜ ਲਾਲਾ ਲਾਜਪਤ ਰਾਏ ਦੀ ਮੁੰਢਲੀ ਸਿੱਖਿਆ ਰੇਵਾੜੀ, ਪੰਜਾਬ ਤੋਂ ਪੂਰੀ ਕਰਨ ਤੋਂ ਬਾਅਦ ਸਿਖਿਆ ਲਈ ਗਈ। ਇਸ ਤੋਂ ਬਾਅਦ ਹਿਸਾਰ, ਰੋਹਤਕ ਜਿਲ੍ਹਿਆਂ ਵਿਚ ਵਕਾਲਤ ਦਾ ਕੰਮ ਵੀ ਕੀਤਾ। ਇਨ੍ਹਾਂ ਨੇ ਪੰਜਾਬ ਵਿੱਚ ਕਈ ਆਜ਼ਾਦੀ ਲਈ ਕਈ ਅੰਦੋਲਨ ਛੇੜੇ। ਇਸੇ ਕਰਕੇ ਇਨ੍ਹਾਂ ਨੂੰ ਪੰਜਾਬ ਕੇਸਰੀ ਅਤੇ ਪੰਜਾਬ ਦਾ ਸ਼ੇਰ ਜਾਂ ਸ਼ੇਰ-ਏ-ਪੰਜਾਬ ਵੀ ਕਿਹਾ ਜਾਂਦਾ ਸੀ।
ਲਾਲ-ਬਾਲ-ਪਾਲ ਤਿਕੜੀ ਦੇ ਸੂਤਰਧਾਰ: ਸਾਲ 1905 ਵਿੱਚ ਅੰਗ੍ਰੇਜਾਂ ਵਲੋਂ ਬੰਗਾਲ ਦੀ ਵੰਡ ਕਰਨ ਕਰਕੇ ਉਨ੍ਹਾਂ ਦਾ ਅੰਗ੍ਰੇਜਾਂ ਦੇ ਖਿਲਾਫ ਮਨ ਹੋਰ ਪੱਕਾ ਹੋ ਗਿਆ। ਸਾਲ 1907 ਦੇ ਸੂਰਤ ਵਿੱਚ ਹੋਏ ਸੈਸ਼ਨ ਦੌਰਾਨ ਕਾਂਗਰਸ ਦੋ ਭਾਗਾਂ ਵਿੱਚ ਵੰਡੀ ਗਈ। ਕਾਂਗਰਸ ਦੇ ਗਰਮ ਦਲ ਦੀ ਅਗੁਵਾਈ ਵਿਪਨ ਚੰਦਰ ਪਾਲ, ਬਾਲ ਗੰਗਾਧਰ ਤਿਲਕ ਅਤੇ ਲਾਲਾ ਲਾਜਪਤ ਰਾਏ ਨੇ ਕੀਤੀ ਅਤੇ ਇਸੇ ਤਿਕੜੀ ਨੂੰ ਲਾਲ ਬਾਲ ਪਾਲ ਕਿਹਾ ਜਾਣ ਲੱਗਾ।
ਪੰਜਾਬ ਨੈਸ਼ਨਲ ਬੈਂਕ ਦੇ ਸੰਸਥਾਪਕ: ਲਾਲਾ ਲਾਜਪਤ ਰਾਏ ਨੇ 19 ਮਈ 1894 ਨੂੰ ਭਾਰਤ ਦੇ ਪਹਿਲੇ ਆਪਣੇ ਬੈਂਕ ਪੰਜਾਬ ਨੈਸ਼ਨਲ ਬੈਂਕ ਦੀ ਸਥਾਪਨਾ ਕੀਤੀ। ਇਸ ਕਾਰਜ ਵਿੱਚ ਉਨਾਂ ਦਾ ਸਹਿਯੋਗ ਦਿਆਲ ਸਿੰਘ ਮਜੀਠੀਆ ਨੇ ਕੀਤਾ। ਨਾਲ ਹੀ ਕਾਂਗੜਾ ਵੈਲੀ ਰਿਲੀਫ ਕਮੇਟੀ, ਸਰਵੇਂਟ ਆਫ ਪੀਪਲ ਸੁਸਾਇਟੀ ਸੰਸਥਾਵਾਂ ਦੇ ਜਰੀਏ ਉਨ੍ਹਾਂ ਨੇ ਦੇਸ਼ ਸੇਵਾ ਵਿੱਚ ਯੋਗਦਾਨ ਪਾਇਆ। ਇਸ ਤੋਂ ਇਲਾਵਾ ਆਰਿਆ ਸਮਾਜ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਛੂਤਛਾਤ, ਜਾਤੀਵਾਦ ਤੇ ਗਰੀਬੀ ਜੇ ਖਿਲਾਫ ਵੀ ਕੰਮ ਕੀਤਾ। ਸਿਖਿਆ ਵਧਾਉਣ ਲਈ ਦੇਸ਼ ਵਿਚ ਦਯਾਨੰਦ ਐਂਗਲੋ ਵੈਦਿਕ ਸਕੂਲ ਖੋਲ੍ਹੇ, ਜਿਨ੍ਹਾਂ ਨੂੰ ਹੁਣ ਡੀਏਵੀ ਸਕੂਲ ਤੇ ਕਾਲੇਜ ਕਿਹਾ ਜਾਂਦਾ ਹੈ।
ਸਾਈਮਨ ਕਮੀਸ਼ਨ ਦਾ ਵਿਰੋਧ: ਸਾਲ 1928 ਨੂੰ ਬ੍ਰਿਟਿਸ਼ ਸਰਕਾਰ ਵਲੋਂ ਸਾਈਮਨ ਕਮੀਸ਼ਨ ਭਾਰਤ ਭੇਜਿਆ ਗਿਆ। ਇਸ ਵਿੱਚ ਇਕ ਵੀ ਭਾਰਤੀ ਮੈਂਬਰ ਨਹੀਂ ਸੀ। ਇਸ ਕਾਰਣ ਇਸਦਾ ਵਿਰੋਧ ਹੋਇਆ ਸੀ। 30 ਅਕਤੂਬਰ 1928 ਨੂੰ ਲਾਹੌਰ ਵਿੱਚ ਸਾਈਮਨ ਕਮੀਸ਼ਨ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਹੋਇਆ ਤੇ ਲਾਲਾ ਲਾਜਪਤ ਰਾਏ ਦੇ ਲਾਠੀਚਾਰਜ ਕਾਰਨ ਸੱਟਾਂ ਵੱਜੀਆਂ। ਇਸ ਕਾਰਣ 17 ਨਵੰਬਰ 1928 ਨੂੰ ਇਨ੍ਹਾਂ ਦੀ ਮੌਤ ਹੋ ਗਈ ਸੀ।