ਚੰਡੀਗੜ੍ਹ: ਵਿਦਿਆਰਥੀ ਸੰਘ ਦੀਆਂ ਚੋਣਾਂ ਜਿੱਤਣ ਤੋਂ ਬਾਅਦ ਪੰਜਾਬ ਕਾਂਗਰਸ ਵਿੱਚ ਇਕ ਨਵੀਂ ਰੂਹ ਫੂਕੀ ਗਈ ਹੈ। ਹੁਣ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਯੂਥ ਕਾਂਗਰਸ ਯੂਥ ਜੋੜੋ ਬੂਥ ਜੋੜੋ ਅਭਿਆਨ ਸ਼ੁਰੂ ਕਰਨ ਜਾ ਰਹੀ ਹੈ। ਕਾਂਗਰਸ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣੀ ਦਾਅਵੇਦਾਰੀ ਹੋਰ ਵੀ ਮਜ਼ਬੂਰ ਕਰਨਾ ਚਾਹੁੰਦੀ ਹੈ। ਜਿਸ ਤਰ੍ਹਾਂ ਪੰਜਾਬ ਯੂਨੀਵਰਸਿਟੀ ਵਿਚ ਸਿਆਸੀ ਸਮੀਕਰਨ ਬਦਲੇ ਉਸ ਤਰ੍ਹਾਂ ਪੰਜਾਬ ਦੀ ਰਾਜਨੀਤੀ ਵਿਚ ਸਿਆਸੀ ਸਮੀਕਰਨ ਬਦਲਣ ਦੀ ਉਮੀਦ ਕਾਂਗਰਸ ਨੂੰ ਜਾਗੀ ਹੈ। ਪੰਜਾਬ ਯੂਥ ਕਾਂਗਰਸ ਇਸ ਲਈ ਪਹਿਲ ਕਦਮੀ ਦੀ ਸ਼ੁਰੂਆਤ ਕਰ ਰਹੀ ਹੈ।
ਯੂਥ ਕਾਂਗਰਸ 2024 ਚੋਣਾਂ 'ਚ ਕਰ ਸਕੇਗੀ ਕਮਾਲ ? : ਇਸ ਸਵਾਲ ਉੱਤੇ ਸਿਆਸੀ ਮਾਹਿਰ ਪ੍ਰੋ. ਮਨਜੀਤ ਸਿੰਘ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆ ਕਿਹਾ ਕਿ ਇਹ ਕਹਿਣਾ ਅਜੇ ਜਲਦਬਾਜ਼ੀ ਹੋਵੇਗੀ ਕਿ ਪੰਜਾਬ ਯੂਨੀਵਰਸਿਟੀ ਦੇ ਚੋਣ ਨਤੀਜਿਆਂ ਦਾ ਅਸਰ ਪੰਜਾਬ ਦੀਆਂ ਲੋਕ ਸਭਾ ਚੋਣਾਂ 'ਤੇ ਵੀ ਹੋਵੇਗਾ। ਕਿਉਂਕਿ ਇਹ ਕੇਂਦਰ ਸਾਸ਼ਿਤ ਪ੍ਰਦੇਸ਼ ਦੀ ਯੂਨੀਵਰਸਿਟੀ ਹੈ, ਜਿੱਥੇ ਕਈ ਸੂਬਿਆਂ ਦੇ ਬੱਚੇ ਪੜਨ ਆਉਂਦੇ ਹਨ। ਜਿਸ ਕਰਕੇ ਇਸ ਨੂੰ ਪੰਜਾਬ ਦੀ ਰਾਜਨੀਤੀ ਨਾਲ ਸਿੱਧੇ ਤੌਰ 'ਤੇ ਨਹੀਂ ਜੋੜਿਆ ਜਾ ਸਕਦਾ। ਪਰ, ਕਾਂਗਰਸ ਜੋਸ਼ ਵਿੱਚ ਜ਼ਰੂਰ ਹੈ ਅਤੇ ਉਮੀਦ ਵਿੱਚ ਵੀ ਹੈ। ਜਿਸ ਤਰ੍ਹਾਂ ਚੰਡੀਗੜ੍ਹ 'ਚ ਮਿਊਂਸੀਪਲ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਹਨੇਰੀ ਚੱਲੀ ਅਤੇ ਉਸਦਾ ਪ੍ਰਭਾਵ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਵੀ ਵੇਖਣ ਨੂੰ ਮਿਲਿਆ। ਜਿਸ ਕਰਕੇ ਲੋਕ ਸਭਾ ਚੋਣਾਂ 2024 ਦੀ ਸਿਆਸੀ ਤਸਵੀਰ 'ਤੇ ਕਈ ਕਿਆਸ ਸ਼ੁਰੂ ਹੋ ਗਏ ਹਨ।
ਨੌਜਵਾਨਾਂ ਨੇ ਘਨੱਈਆ ਕੁਮਾਰ ਦਾ ਪ੍ਰਭਾਵ ਕਬੂਲਿਆ !: ਘਨੱਈਆ ਕੁਮਾਰ ਨੇ ਜਿਸ ਤਰ੍ਹਾਂ ਆ ਕੇ ਪੰਜਾਬ ਯੂਨੀਵਰਸਿਟੀ ਵਿੱਚ ਚੋਣ ਰਣਨੀਤੀ ਉਲੀਕੀ, ਉਸ ਨੇ ਕਾਂਗਰਸ ਦੇ ਵਿਦਿਆਰਥੀ ਵਿੰਗ ਲਈ ਸੰਜੀਵਨੀ ਬੂਟੀ ਦਾ ਕੰਮ ਕੀਤਾ। ਦੇਸ਼ ਪੱਧਰ 'ਤੇ ਨੌਜਵਾਨਾਂ ਨਾਲ ਘਨੱਈਆ ਕੁਮਾਰ ਆਪਣੀ ਇਸ ਤਰ੍ਹਾਂ ਦੀ ਰਣਨੀਤੀ ਨਾਲ ਹੀ ਕੰਮ ਕਰੇਗਾ। ਕਾਂਗਰਸ ਦੇ ਯੂਥ ਲਈ ਘਨੱਈਆ ਕੁਮਾਰ ਦੀ ਲੀਡਰਸ਼ਿਪ ਦੇਸ਼ ਲਈ ਵੀ ਅਤੇ ਪੰਜਾਬ ਲਈ ਵੀ ਸਾਰਥਕ ਸਾਬਿਤ ਹੋ ਸਕਦੀ ਹੈ। ਰਾਹੁਲ ਗਾਂਧੀ ਨੂੰ ਵੀ ਯੂਥ ਕਾਂਗਰਸ ਲਈ ਚੰਗਾ ਆਦਰਸ਼ਵਾਦੀ ਨੇਤਾ ਮੰਨਿਆ ਜਾਂਦਾ ਹੈ। ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੇ ਵੀ ਸਿਆਸੀ ਤਸਵੀਰ ਦੇ ਕਈ ਫ੍ਰੇਮ ਬਦਲੇ ਅਤੇ ਰਾਹੁਲ ਗਾਂਧੀ ਪ੍ਰਤੀ ਲੋਕਾਂ ਦਾ ਨਜ਼ਰੀਆ ਵੀ।
ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਅਤੇ ਘਨੱਈਆ ਕੁਮਾਰ ਦੀ ਸਾਂਝੀ ਲੀਡਰਸ਼ਿਪ ਦਾ ਅਸਰ ਕਾਫ਼ੀ ਹੱਦ ਤੱਕ ਪੰਜਾਬ ਦੀ ਸਿਆਸਤ ਵਿਚ ਵੀ ਵਿਖਾਈ ਦੇ ਸਕਦਾ ਹੈ। ਹਾਲਾਂਕਿ ਇਹ ਅਸਰ ਕਬੂਲਣ ਵਿਚ ਥੋੜਾ ਸਮਾਂ ਲੱਗ ਸਕਦਾ ਹੈ। ਪੰਜਾਬ ਯੂਥ ਕਾਂਗਰਸ ਵਿਚ ਵੀ ਕਈ ਯੂਥ ਲੀਡਰਾਂ ਦਾ ਚੰਗਾ ਪ੍ਰਭਾਵ ਰਿਹਾ ਰਾਜਾ ਵੜਿੰਗ ਵੀ ਉਹਨਾਂ ਵਿਚੋਂ ਇਕ ਹੈ। ਪੰਜਾਬ ਯੂਥ ਕਾਂਗਰਸ ਨੇ ਵੀ ਆਪਣੇ ਢਾਂਚੇ ਵਿਚ ਕਈ ਬਦਲਾਅ ਕੀਤੇ ਹਨ ਅਤੇ ਨਵੇਂ ਪ੍ਰਧਾਨ ਮੋਹਿਤ ਮਹਿੰਦਰਾ ਦੀ ਯੂਥ ਪ੍ਰਧਾਨ ਵਜੋਂ ਨਿਯੁਕਤੀ ਕੀਤੀ ਹੈ।
ਯੂਥ ਕਾਂਗਰਸ ਦਾ ਪੰਜਾਬ ਦੀ ਸਿਆਸਤ ਵਿੱਚ ਹੁਣ ਤੱਕ ਕੀ ਰਿਹਾ ਅਸਰ ?: ਪੰਜਾਬ ਯੂਥ ਕਾਂਗਰਸ ਦੀ ਪ੍ਰਧਾਨਗੀ ਕਈ ਵੱਡੇ ਚਿਹਰਿਆਂ ਨੇ ਕੀਤੀ। ਮਨੀਸ਼ ਤਿਵਾੜੀ, ਅਮਰਿੰਦਰ ਸਿੰਘ ਰਾਜਾ ਵੜਿੰਗ, ਰਨਵੀਤ ਬਿੱਟੂ ਅਤੇ ਬਰਿੰਦਰ ਢਿੱਲੋਂ ਆਪਣੇ ਆਪਣੇ ਸਮਿਆਂ ਵਿੱਚ ਇਨ੍ਹਾਂ ਦੀ ਪੰਜਾਬ ਯੂਥ ਕਾਂਗਰਸ ਉੱਤੇ ਪਕੜ ਰਹੀ ਅਤੇ ਪਾਰਟੀ ਲਈ ਅਧਾਰ ਵੀ ਮਜ਼ਬੂਤ ਰਿਹਾ। ਮਨੀਸ਼ ਤਿਵਾੜੀ, ਰਾਜਾ ਵੜਿੰਗ ਅਤੇ ਰਵਨੀਤ ਬਿੱਟੂ ਕਾਂਗਰਸ ਵਿੱਚ ਕਈ ਵੱਡੇ ਅਹੁੱਦਿਆਂ 'ਤੇ ਰਹੇ। ਮਨੀਸ਼ ਤਿਵਾੜੀ, ਤਾਂ ਕੇਂਦਰੀ ਮੰਤਰੀ ਵੀ ਬਣੇ।
ਪੰਜਾਬ ਯੂਥ ਕਾਂਗਰਸ ਦੇ ਮੌਜੂਦਾ ਪ੍ਰਧਾਨ ਮੋਹਿਤ ਮਹਿੰਦਰਾ ਹਨ, ਜੋ ਕਿ ਸੀਨੀਅਰ ਕਾਂਗਰਸੀ ਆਗੂ ਬ੍ਰਹਮ ਮਹਿੰਦਰਾ ਦੇ ਬੇਟੇ ਹਨ। ਮੋਹਿਤ ਮਹਿੰਦਰਾ ਨੇ ਹਾਲਾਂਕਿ ਆਪਣੇ ਕਰੀਅਰ ਦੀ ਪਹਿਲੀ ਚੋਣ ਪਟਿਆਲਾ ਦਿਹਾਤੀ ਤੋਂ ਲੜੀ ਅਤੇ ਆਮ ਆਦਮੀ ਪਾਰਟੀ ਦੇ ਡਾ. ਬਲਬੀਰ ਤੋਂ ਹਾਰ ਗਏ। ਇਸ ਦੇ ਬਾਵਜੂਦ ਵੀ ਕਾਂਗਰਸ ਪਾਰਟੀ ਨੇ ਉਨ੍ਹਾਂ ਉੱਤੇ ਭਰੋਸਾ ਵਿਖਾਇਆ ਅਤੇ ਪੰਜਾਬ ਯੂਥ ਕਾਂਗਰਸ ਦੀ ਵਾਗਡੋਰ ਸੌਂਪੀ।
ਯੂਥ ਜੋੜੋ, ਬੂਥ ਜੋੜੋ ਅਭਿਆਨ ਕੀ ਹੈ ?: ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਨੇ ਦੱਸਿਆ ਕਿ ਬੂਥ ਜੋੜੋ ਯੂਥ ਜੋੜੋ ਅਭਿਆਨ ਦੀ ਸ਼ੁਰੂਆਤ ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੀਤੀ ਗਈ ਹੈ। ਜਿਸ ਨਾਲ ਪਾਰਟੀ ਨੂੰ ਬੂਥ ਪੱਧਰ 'ਤੇ ਮਜ਼ਬੂਤ ਕੀਤਾ ਜਾਵੇਗਾ। ਪੰਜਾਬ ਵਿਚ ਇਕ ਬੂਥ 'ਤੇ ਪੰਜ ਨੌਜਵਾਨ ਨਿਯੁਕਤ ਕੀਤੇ ਜਾਣਗੇ, ਜਿਨ੍ਹਾਂ ਦੀ ਨਿਗਰਾਨੀ ਕੌਮੀ ਪੱਧਰ 'ਤੇ ਕੀਤੀ ਜਾਵੇਗੀ। ਸਾਰੇ ਲੋਕ ਸਭਾ ਹਲਕਿਆਂ ਵਿਚ ਲੜੀਵਾਰ ਮੀਟਿੰਗਾਂ ਕੀਤੀਆਂ ਜਾਣਗੀਆਂ, ਜਿਨ੍ਹਾਂ ਵਿੱਚ 3 ਹੋ ਚੁੱਕੀਆਂ ਹਨ ਅਤੇ 10 ਬਾਕੀ ਹਨ। ਬੂਥ ਪੱਧਰ 'ਤੇ ਨੌਜਵਾਨ ਪਾਰਟੀ ਲਈ ਪ੍ਰਚਾਰ ਵਿਚ ਜੁੱਟਣਗੇ।
ਸਿਆਸੀ ਮਾਹਿਰ ਕੀ ਕਹਿੰਦੇ ਹਨ ?: ਸਿਆਸੀ ਮਾਹਿਰ ਪ੍ਰੋਫੈਸਰ ਮਨਜੀਤ ਸਿੰਘ ਦਾ ਕਹਿਣਾ ਹੈ ਹਾਲਾਂਕਿ ਯੂਨੀਵਰਸਿਟੀ ਦੇ ਚੋਣ ਨਤੀਜਿਆਂ ਨੂੰ ਪੰਜਾਬ ਨਾਲ ਜੋੜ ਕੇ ਨਹੀਂ ਵੇਖਿਆ ਜਾ ਸਕਦਾ। ਪਰ, ਇਸ ਜਿੱਤ ਤੋਂ ਬਾਅਦ ਕਾਂਗਰਸ ਵਿਚ ਜੋਸ਼ ਜ਼ਰੂਰ ਹੈ ਅਤੇ ਕਾਂਗਰਸ ਪੱਬਾਂ ਭਾਰ ਵੀ ਹੈ। ਕਾਂਗਰਸ ਅੰਦਰ ਜੇਕਰ ਘਨੱਈਆ ਕੁਮਾਰ ਵਰਗੀ ਲੀਡਰਸ਼ਿਪ ਹੋਵੇ, ਤਾਂ ਪੰਜਾਬ ਲੋਕ ਸਭਾ 'ਚ ਇਨ੍ਹਾਂ ਚੋਣ ਨਤੀਜਿਆਂ ਦਾ ਪ੍ਰਭਾਵ ਵੇਖਣ ਨੂੰ ਮਿਲ ਸਕਦਾ ਹੈ। ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੇ ਵੀ ਕਾਫ਼ੀ ਪ੍ਰਭਾਵ ਪਾਇਆ ਹੈ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਚਰਚਾ ਪੰਜਾਬ ਨਾਮੀ ਮੁਹਿੰਮ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਹੈ।