ਚੰਡੀਗੜ: ਮੁੱਖ ਮੰਤਰੀ ਰਾਹਤ ਫ਼ੰਡ ਉੱਤੇ ਆਲੋਚਨਾ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਤੱਤੇ ਹੁੰਦੇ ਨਜ਼ਰ ਆਏ। ਉਨ੍ਹਾਂ ਨੇ ਅਕਾਲੀਆਂ ਨੂੰ ਕਿਹਾ ਕਿ ਲੋਕ ਮਰ ਰਹੇ ਹਨ ਅਤੇ ਤੁਸੀਂ ਲੋਕ ਹੋਛੀ ਰਾਜਨੀਤੀ ਕਰ ਰਹੇ ਹੋ।
ਕੈਪਟਨ ਨੇ ਅਕਾਲੀ ਦਲ ਦੇ ਇਸ ਕਾਰੇ ਨੂੰ ਸ਼ਰਮਨਾਕ ਦੱਸਦਿਆਂ ਆਖਿਆ ਕਿ ਮੈਂ ਆਪਣੇ ਰਾਜਸੀ ਜੀਵਨ ਵਿੱਚ ਅਜਿਹੀ ਤੰਗਦਿਲ ਰਾਜਨੀਤੀ ਕਿਤੇ ਨਹੀਂ ਵੇਖੀ। ਇਹ ਜ਼ਿੰਦਗੀ ਤੇ ਮੌਤ ਅਤੇ ਪੰਜਾਬ ਦੇ ਭਵਿੱਖ ਦਾ ਸਵਾਲ ਹੈ।
ਫੇਸਬੁੱਕ ਉੱਤੇ ਆਪਣੇ ਹਫ਼ਤਾਵਾਰੀ ਲਾਈਵ ਦੌਰਾਨ 'ਕੈਪਟਨ ਨੂੰ ਸਵਾਲ' 'ਚ ਅਮਰਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਰਾਹਤ ਫੰਡ ਵਿੱਚ ਪਏ 64 ਕਰੋੜ ਰੁਪਏ ਕੋਵਿਡ ਰਾਹਤ ਕੰਮਾਂ ਉੱਤੇ ਹੀ ਖਰਚੇ ਜਾਣਗੇ। ਉਨ੍ਹਾਂ ਕਿਹਾ ਕਿ ਮਹਾਂਮਾਰੀ ਨੇ ਹਾਲੇ ਸਿਖਰ ਨਹੀਂ ਛੂਹਿਆ ਹੈ।
ਕੈਪਟਨ ਨੇ ਦੱਸਿਆ ਕਿ ਸਰਕਾਰ ਕੋਵਿਡ ਦੇ ਕੰਮਾਂ ਉੱਤੇ 300 ਕਰੋੜ ਰੁਪਏ ਖਰਚ ਚੁੱਕੀ ਹੈ ਅਤੇ ਇਸ ਕੰਮ ਉਤੇ ਘੱਟੋ-ਘੱਟ 200 ਕਰੋੜ ਰੁਪਏ ਹੋਰ ਖਰਚੇ ਜਾਣਗੇ।
ਮੁੱਖ ਮੰਤਰੀ ਨੇ ਮੁੜ ਧਾਰਮਿਕ ਸੰਸਥਾਵਾਂ ਦੇ ਪ੍ਰਬੰਧਕਾਂ ਨੂੰ ਆਪਣੀ ਅਪੀਲ ਦੁਹਰਾਉਂਦਿਆਂ ਕਿਹਾ ਕਿ ਉਹ ਕੋਰੋਨਾ ਸਬੰਧੀ ਸਾਰੇ ਇਹਤਿਆਤਾਂ ਦੀ ਪਾਲਣਾ ਕਰਨ ਦੇ ਨਾਲ ਵਾਧੂ ਭੀੜ ਜਟਾਉਣ ਤੋਂ ਪ੍ਰਹੇਜ਼ ਕਰਨ।
ਮੁੱਖ ਮੰਤਰੀ ਨੇ ਕਿਹਾ ਕਿ ਲਗਾਤਾਰ ਸਿਹਤ ਸਲਾਹਕਾਰੀਆਂ ਦੀ ਉਲੰਘਣਾ ਕਰਨ ਕਰਕੇ ਉਨ੍ਹਾਂ ਦੀ ਸਰਕਾਰ ਵੱਲੋਂ ਹੋਰ ਵਾਧੂ ਜ਼ੁਰਮਾਨੇ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਜੇ ਲੋੜ ਪਈ ਤਾਂ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਲਈ ਮਾਸਕ ਨਾ ਪਹਿਨਣ ਅਤੇ ਥੁੱਕ ਸੁੱਟਣ ਆਦਿ ਉੱਤੇ ਲਗਾਏ ਜ਼ੁਰਮਾਨਿਆਂ ਵਿੱਚ ਵੀ ਹੋਰ ਵਾਧਾ ਕੀਤਾ ਜਾਵੇਗਾ।
ਕੋਵਿਡ ਸਬੰਧੀ ਅੰਕੜੇ ਸਾਂਝੇ ਕਰਦੇ ਕੈਪਟਨ ਨੇ ਦੱਸਿਆ ਕਿ ਪੰਜਾਬ ਇਸ ਵੇਲੇ 18ਵੇਂ ਨੰਬਰ ਉੱਤੇ ਹੈ ਪਰ ਪਿਛਲੇ ਦਿਨਾਂ ਤੋਂ ਰੋਜ਼ਾਨਾ ਵੱਖ-ਵੱਖ ਥਾਵਾਂ ਤੋਂ 400 ਦੇ ਕਰੀਬ ਕੇਸਾਂ ਦੇ ਆਉਣ ਕਾਰਨ ਸਥਿਤੀ ਚਿੰਤਾ ਵਾਲੀ ਬਣੀ ਹੋਈ ਹੈ।
ਫਰੰਟਲਾਈਨ ਵਰਕਰਾਂ ਵਿੱਚ ਕੋਵਿਡ ਕੇਸਾਂ ਦੀ ਵਧਦੀ ਗਿਣਤੀ 'ਤੇ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ 250 ਦੇ ਕਰੀਬ ਪੁਲਿਸ ਕਰਮੀ ਪ੍ਰਭਾਵਿਤ ਹੋਏ ਹਨ।
ਕੰਟੇਨਮੈਂਟ ਤੇ ਬਫਰ ਜ਼ੋਨਾਂ ਬਾਰੇ ਮੁੱਖ ਮੰਤਰੀ ਨੇ ਦੱਸਿਆ ਕਿ ਸਰਕਾਰ ਵੱਲੋਂ ਮਾਈਕਰੋ ਪੱਧਰ 'ਤੇ ਕੰਟੇਨਮੈਂਟ ਜ਼ੋਨ ਬਣਾਉਣ ਦੀ ਰਣਨੀਤੀ ਦਾ ਮਕਸਦ ਹੈ ਕਿ ਆਰਥਿਕ ਗਤੀਵਿਧੀਆਂ ਵਿੱਚ ਖੜੋਤ ਨਾ ਆਵੇ। ਪ੍ਰਧਾਨ ਮੰਤਰੀ ਨੇ ਵੀ ਮਾਈਕਰੋ ਕੰਟੇਨਮੈਂਟ ਰਣਨੀਤੀ ਦੀ ਪ੍ਰਸੰਸਾ ਕੀਤੀ ਹੈ ਅਤੇ ਬਾਕੀ ਸੂਬਿਆਂ ਨੂੰ ਵੀ ਇਸ ਨੂੰ ਅਪਣਾਉਣ ਲਈ ਕਿਹਾ ਹੈ।
ਜਲ੍ਹਿਆਂਵਾਲਾ ਬਾਗ ਵਿੱਚ ਇਤਰਾਜ਼ਯੋਗ ਤਸਵੀਰਾਂ ਦੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਤਿਹਾਸਕ ਸਥਾਨਾਂ ਉੱਤੇ ਭਾਰਤ ਸਰਕਾਰ ਅਤੇ ਏ.ਐਸ.ਆਈ. (ਪੁਰਾਤੱਤਵ ਸਰਵੇਖਣ) ਦਾ ਕੰਟਰੋਲ ਹੁੰਦਾ ਹੈ । ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਹ ਮਾਮਲਾ ਕੇਂਦਰ ਸਰਕਾਰ ਦੇ ਧਿਆਨ ਵਿੱਚ ਲਿਆਏਗੀ ਅਤੇ ਇਨ੍ਹਾਂ ਤਸਵੀਰਾਂ ਨੂੰ ਹਟਾਉਣਾ ਚਾਹੀਦਾ ਹੈ।
ਅਕਤੂਬਰ ਵਿੱਚ ਸਥਾਨਕ ਸਰਕਾਰਾਂ ਦੀਆਂ ਚੋਣਾਂ ਬਾਰੇ ਕੈਪਟਨ ਨੇ ਕਿਹਾ ਕਿ ਚੋਣਾਂ ਕਰਵਾਉਣੀਆਂ ਸੰਵਿਧਾਨਕ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਹਾਲੇ ਤੱਕ ਤਾਰੀਕ ਕੋਈ ਨਿਸ਼ਚਤ ਨਹੀਂ ਹੋਈ ਅਤੇ ਸੂਬਾ ਸਰਕਾਰ ਨੇ ਸੂਬਾਈ ਚੋਣ ਕਮਿਸ਼ਨ ਨੂੰ ਤਰੀਕ ਬਾਰੇ ਫੈਸਲਾ ਲੈਣ ਲਈ ਕਿਹਾ ਹੈ।
ਮੁੱਖ ਮੰਤਰੀ ਨੇ ਕਿਸਾਨਾਂ ਨਾਲ ਇਕ ਵਾਅਦਾ ਕੀਤਾ ਕਿ ਲੌਕਡਾਊਨ ਸਮੇਂ ਵਿੱਚ ਜਦੋਂ ਮਿੱਲਾਂ ਬੰਦ ਸੀ, ਗੁਰਦਾਸਪੁਰ ਦੀ ਸਰਕਾਰੀ ਖੰਡ ਮਿੱਲ ਵਿੱਚ ਆਪਣੀ ਫਸਲ ਨਾ ਵੇਚਣ ਕਰਕੇ ਲਗਾਏ ਜ਼ੁਰਮਾਨਿਆਂ ਨੂੰ ਮਆਫ਼ ਕਰ ਦਿੱਤਾ ਜਾਵੇਗਾ।
2015 ਵਿੱਚ ਅਮਰੀਕਾ ਵਿੱਚ ਹੋਈਆਂ ਪੈਰਾਲੰਪਿਕ ਗੇਮਾਂ ਵਿੱਚ ਸਾਇਕਲਿੰਗ ਵਿੱਚ ਸੋਨ ਤਮਗ਼ਾ ਜਿੱਤਣ ਵਾਲੇ ਰਾਜਬੀਰ ਸਿੰਘ ਦੇ ਇਲਾਜ ਸਬੰਧੀ ਕੈਪਟਨ ਨੇ ਪਰਿਵਾਰ ਨੂੰ ਦੱਸਿਆ ਕਿ ਇਸ ਸਬੰਧੀ ਕੋਈ ਵੀ ਸਪੈਸ਼ਲ ਨੀਤੀ ਨਹੀਂ ਹੈ, ਪਰ ਉਹ ਵਿਭਾਗ ਨੂੰ ਕਹਿਣਗੇ ਕਿ ਰਾਜਬੀਰ ਅਤੇ ਉਸ ਵਰਗੇ ਹੋਰਨਾਂ ਖਿਡਾਰੀਆਂ ਦੀ ਮੱਦਦ ਲਈ ਕੋਈ ਨੀਤੀ ਦਾ ਖਰੜਾ ਤਿਆਰ ਕਰਨ।