ਚੰਡੀਗੜ੍ਹ: ਪੰਜਾਬ ਦੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨੇ ਸਾਰੇ ਵਿਭਾਗਾਂ ਦੇ ਪ੍ਰਬੰਧਕੀ ਸਕੱਤਰਾਂ ਨੂੰ ਭ੍ਰਿਸ਼ਟਾਚਾਰ ਦੇ ਮਾਮਲਿਆਂ ਦਾ ਸਮਾਂਬੱਧ ਤਰੀਕੇ ਨਾਲ ਨਿਪਟਾਰਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਆਪਣੇ ਦਫਤਰ ਵਿਚ ਸਮੂਹ ਵਿਭਾਗਾਂ ਅਤੇ ਵਿਜੀਲੈਂਸ ਵਿਭਾਗ ਦੇ ਸੀਨੀਅਰ ਅਫਸਰਾਂ ਦੀ ਮੀਟਿੰਗ ਦੌਰਾਨ ਮੁੱਖ ਸਕੱਤਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਫ ਤੇ ਸਪੱਸ਼ਟ ਹਦਾਇਤਾਂ ਹਨ ਕਿ ਭ੍ਰਿਸ਼ਟਾਚਾਰ ਨਾਬਰਦਾਸ਼ਤਯੋਗ ਹੈ ਅਤੇ ਕਿਸੇ ਵੀ ਰਿਸ਼ਵਤਖੋਰ ਖਿਲਾਫ ਬਿਲਕੁਲ ਵੀ ਨਰਮੀ ਨਾ ਵਰਤੀ ਜਾਵੇ।
ਮੁੱਖ ਸਕੱਤਰ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬਵਾਸੀਆਂ ਨੂੰ ਸਾਫ-ਸੁਥਰਾ, ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸ਼ਨ ਦੇਣ ਲਈ ਵਚਨਬੱਧ ਹੈ ਅਤੇ ਇਸ ਮਕਸਦ ਲਈ ਉੱਪਰ ਤੋਂ ਹੇਠਲੇ ਪੱਧਰ ਤੱਕ ਰਿਸ਼ਵਤਖੋਰੀ ਨੂੰ ਹਰ ਹਾਲਤ ਵਿਚ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਿਹੜੇ ਵਿਭਾਗਾਂ ਵਿਚ ਵਿਜੀਲੈਂਸ ਵੱਲੋਂ ਜਾਂ ਸਬੰਧਤ ਵਿਭਾਗ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ-ਪੜਤਾਲ ਚੱਲ ਰਹੀ ਹੈ ਉਸ ਨੂੰ ਨਿਯਮਾਂ ਮੁਤਾਬਕ ਮੁਕੰਮਲ ਕੀਤਾ ਜਾਵੇ ਅਤੇ ਇਸ ਵਿਚ ਕਿਸੇ ਵੀ ਪ੍ਰਕਾਰ ਦੀ ਦੇਰੀ ਜਾਂ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਉਨ੍ਹਾਂ ਸਪੱਸ਼ਟ ਹਦਾਇਤ ਕੀਤੀ ਕਿ ਕਿਸੇ ਵੀ ਦੋਸ਼ੀ ਨੂੰ ਬਿਲਕੁਲ ਵੀ ਬਖਸ਼ਿਆਂ ਨਾ ਜਾਵੇ। ਕਾਨੂੰਨ ਅਨੁਸਾਰ ਰਿਸ਼ਵਤਖੋਰਾਂ ਖਿਲਾਫ ਸਖਤ ਐਕਸ਼ਨ ਲਿਆ ਜਾਵੇ ਪਰ ਕਿਸੇ ਵੀ ਨਿਰਦੋਸ਼ ਵਿਅਕਤੀ ਨਾਲ ਅਨਿਆਂ ਬਿਲਕੁਲ ਨਾ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਵੱਖ-ਵੱਖ ਵਿਭਾਗਾਂ ਵਿਚ ਪੈਂਡਿੰਗ ਕੇਸਾਂ ਬਾਬਤ ਜਾਣਕਾਰੀ ਅਤੇ ਪ੍ਰਗਤੀ ਰਿਪੋਰਟ ਲਈ।
ਉਨ੍ਹਾਂ ਸੂਬੇ ਦੇ ਸਾਰੇ ਉੱਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕਿਸੇ ਵੀ ਪੱਧਰ ‘ਤੇ ਆਮ ਲੋਕਾਂ ਨੂੰ ਸਰਕਾਰੀ ਸੇਵਾਵਾਂ ਲੈਣ ਵਿਚ ਕੋਈ ਮੁਸ਼ਕਿਲ ਨਾ ਆਉਣ ਦਿੱਤੀ ਜਾਵੇ ਅਤੇ ਇਸ ਬਾਰੇ ਸਬੰਧਤ ਵਿਭਾਗ ਆਪੋ-ਆਪਣੇ ਸਟਾਫ ਨੂੰ ਹਦਾਇਤਾਂ ਜਾਰੀ ਕਰ ਦੇਣ। ਉਨ੍ਹਾਂ ਪੰਜਾਬ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕੋਈ ਵੀ ਸਰਕਾਰੀ ਮੁਲਾਜ਼ਮ ਜਾਂ ਅਫਸਰ ਉਨ੍ਹਾਂ ਤੋਂ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਇਸ ਦੀ ਤੁਰੰਤ ਸ਼ਿਕਾਇਤ ਕੀਤੀ ਜਾਵੇ।
ਇਹ ਵੀ ਪੜ੍ਹੋ: ਪੁਲਿਸ ਯਾਦਗਾਰੀ ਦਿਵਸ: ਡੀਜੀਪੀ ਗੌਰਵ ਯਾਦਵ ਨੇ ਪੁਲਿਸ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ