ਚੰਡੀਗੜ੍ਹ: ਦਿਵਾਲੀ ਵਾਲੇ ਦਿਨ ਵੀ ਪੰਜਾਬ ਦੇ ਕਿਸਾਨਾਂ ਦਾ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਜਾਰੀ ਹੈ। ਅਜਿਹੇ ‘ਚ ਪੰਜਾਬ ਦੀਆਂ 30 ਕਿਸਾਨ-ਜਥੇਬੰਦੀਆਂ ਨੇ ਬੰਦੀ ਛੋੜ ਦਿਵਸ ਅਤੇ ਦਿਵਾਲੀ ਮਸ਼ਾਲਾਂ ਬਾਲ ਕੇ ਮਨਾਉਣ ਦਾ ਸੱਦਾ ਦਿੱਤਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਭਰ 'ਚ ਲੱਗੇ ਕਿਸਾਨ-ਮੋਰਚਿਆਂ 'ਤੇ ਕਿਸਾਨ ਮਸ਼ਾਲਾਂ ਬਾਲ ਕੇ ਪਿੰਡਾਂ 'ਚ ਮਸ਼ਾਲ-ਮਾਰਚ ਕਰਦਿਆਂ ਚਾਨਣ ਵੰਡਣਗੇ।
ਇਸ ਦੌਰਾਨ ਉਨ੍ਹਾਂ ਸੰਦੇਸ਼ ਦਿੱਤਾ ਕਿ ਕਿਸਾਨੀ ਸਮੇਤ ਸਮੁੱਚੇ ਵਰਗਾਂ ਦੇ ਜੀਵਨ ਨੂੰ ਖੁਸ਼ਹਾਲ ਬਣਾਉਣ ਲਈ ਭਾਈਚਾਰਕ ਸਾਂਝ ਮਜ਼ਬੂਤ ਕੀਤੀ ਜਾਵੇ ਅਤੇ ਜਥੇਬੰਦਕ ਸੰਘਰਸ਼ਾਂ 'ਤੇ ਧਿਆਨ ਦਿੱਤਾ ਜਾਵੇ। 12 ਨਵੰਬਰ ਦੀ ਮੀਟਿੰਗ ਦੇ ਫੈਸਲਿਆਂ ਮੁਤਾਬਿਕ ਕਿਸਾਨ ਆਗੂਆਂ ਨੇ ਸਪੱਸ਼ਟ ਕੀਤਾ ਹੈ ਕਿ ਕਾਲੀ-ਦੀਵਾਲੀ ਦਾ ਨਹੀਂ, ਸਗੋਂ ਮਸ਼ਾਲਾਂ ਬਾਲ ਕੇ ਚਾਨਣ ਵੰਡਣ ਦਾ ਸੰਦੇਸ਼ ਦਿੱਤਾ ਗਿਆ ਹੈ।