ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ 28 ਫਰਵਰੀ ਯਾਨੀ ਅੱਜ ਦੁਪਹਿਰ 12 ਵਜੇ ਪੰਜਾਬ ਸਕੱਤਰੇਤ ਵਿਖੇ ਹੋਵੇਗੀ। ਹਾਲਾਂਕਿ ਇਸ ਤੋਂ ਪਹਿਲਾਂ ਇਹ ਮੀਟਿੰਗ ਸਵੇਰੇ 10 ਵਜੇ ਬੁਲਾਈ ਗਈ ਸੀ ਪਰ ਬਾਅਦ ਵਿੱਚ ਇਸ ਦਾ ਸਮਾਂ ਬਦਲ ਦਿੱਤਾ ਗਿਆ।
ਮੀਟਿੰਗ ਕਈ ਪੱਖਾਂ ਤੋਂ ਅਹਿਮ ਹੋਵੇਗੀ: ਅੱਜ ਦੀ ਮੀਟਿੰਗ ਕਈ ਪੱਖਾਂ ਤੋਂ ਅਹਿਮ ਹੋਵੇਗੀ, ਕਿਉਂਕਿ ਬਜਟ ਸੈਸ਼ਨ ਨੂੰ ਲੈ ਕੇ ਸਰਕਾਰ ਅਤੇ ਰਾਜਪਾਲ ਵਿਚਾਲੇ ਪਹਿਲਾਂ ਹੀ ਤਲਵਾਰਾਂ ਖਿੱਚੀਆਂ ਜਾ ਚੁੱਕੀਆਂ ਹਨ, ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਹੈ। ਦਰਅਸਲ, ਰਾਜਪਾਲ ਨੇ ਚਿੱਠੀਆਂ ਰਾਹੀਂ ਸਰਕਾਰ ਤੋਂ ਕਈ ਸਵਾਲਾਂ ਦੇ ਜਵਾਬ ਮੰਗੇ ਸਨ, ਪਰ ਸਰਕਾਰ ਨੇ ਇਸ ਦਾ ਕੋਈ ਜਵਾਬ ਨਹੀਂ ਦਿੱਤਾ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਰਾਜਪਾਲ ਦੀ ਨਿਯੁਕਤੀ 'ਤੇ ਸਵਾਲ ਚੁੱਕੇ ਸਨ, ਜਿਸ ਤੋਂ ਬਾਅਦ ਮਾਮਲਾ ਹੋਰ ਗਰਮਾ ਗਿਆ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ 3 ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਪਰ ਇਸ ਬਜਟ ਸੈਸ਼ਨ ਨੂੰ ਲੈ ਕੇ ਅਜੇ ਵੀ ਸ਼ੰਕੇ ਬਰਕਰਾਰ ਹਨ, ਕਿਉਂਕਿ ਸੈਸ਼ਨ ਦੀ ਸ਼ੁਰੂਆਤ ਰਾਜਪਾਲ ਦੇ ਸੰਬੋਧਨ ਨਾਲ ਹੋਵੇਗੀ ਅਤੇ ਅਜੇ ਤੱਕ ਰਾਜਪਾਲ ਵੱਲੋਂ ਸੈਸ਼ਨ ਲਈ ਕੋਈ ਇਜਾਜ਼ਤ ਨਹੀਂ ਦਿੱਤੀ ਗਈ ਹੈ। ਅਜਿਹੇ ਵਿੱਚ ਕੈਬਨਿਟ ਮੀਟਿੰਗ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਵਿਚਾਲੇ ਇਸ ਸਮੇਂ ਤਕਰਾਰ ਚੱਲ ਰਹੀ ਹੈ, ਰਾਜਪਾਲ ਦੀ ਤਰਫੋਂ ਮਾਨ ਸਰਕਾਰ ਨੂੰ ਬਜਟ ਸੈਸ਼ਨ ਬੁਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ, ਦੂਜੇ ਪਾਸੇ ਪੰਜਾਬ ਸਰਕਾਰ ਨੇ ਰਾਜਪਾਲ ਖਿਲਾਫ ਮਾਮਲਾ ਦਰਜ ਕਰ ਲਿਆ। ਇਸ ਤੋਂ ਇਲਾਵਾ ਦਿੱਲੀ ਵਿੱਚ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਦੀ ਪੋਤਰੀ ਦੇ ਵਿਆਹ ਵਿੱਚ ਸਾਰੇ ਸਿਆਸਤਦਾਨ ਇਕੱਠੇ ਨਜ਼ਰ ਆਏ।
ਅਰਾਜਕਤਾ ਦਾ ਮਾਹੌਲ: ਦੱਸ ਦਈਏ ਕਿ ਪੰਜਾਬ ਸਰਕਾਰ ਦੇ ਇਸ ਪਹਿਲੇ ਬਜਟ ਸੈਸ਼ਨ ਉੱਤੇ ਜਿੱਥੇ ਤਲਵਾਰਾਂ ਲਟਕ ਰਹੀਆਂ ਨੇ ਉੱਥੇ ਹੀ ਪੰਜਾਬ ਵਜ਼ਾਰਤ ਦੀ ਇਹ ਮੀਟਿੰਗ ਸੂਬੇ ਅੰਦਰ ਅੰਮ੍ਰਿਤਪਾਲ ਦੇ ਐਕਸ਼ਨਾਂ ਕਰਕੇ ਬਣੇ ਅਰਾਜਕਤਾ ਵਾਲੇ ਮਾਹੌਲ ਕਰਕੇ ਵੀ ਅਹਿਮ ਮੰਨੀ ਜਾ ਰਹੀ ਹੈ, ਕਿਉਂਕਿ ਵਿਰੋਧੀ ਪਾਰਟੀਆਂ ਪੰਜਾਬ ਸਰਕਾਰ ਨੂੰ ਵਾਰ- ਵਾਰ ਕਾਨੂੰਨ ਦੇ ਮੁੱਦੇ ਉੱਤੇ ਲਪੇਟ ਰਹੀਆਂ ਨੇ। ਦੂਜੇ ਪਾਸੇ ਜੇਲ੍ਹਾਂ ਦੇ ਅੰਦਰ ਵੀ ਸ਼ਰੇਆਮ ਗੈਂਗਸਟਰਾਂ ਦੇ ਕਤਲ ਹੋ ਰਹੇ ਹਨ ਅਤੇ ਕਾਨੂੰਨ ਵਿਵਸਥਾ ਪੰਜਾਬ ਸਰਕਾਰ ਲਈ ਪਹਿਲੇ ਦਿਨ ਤੋਂ ਚੁਣੌਤੀ ਬਣੀ ਹੋਈ ਹੈ। ਇਸ ਤੋਂ ਇਲਾਵਾ ਮੰਤਰੀ ਮੰਡਲ ਦੀ ਇਹ ਮੀਟਿੰਗ ਇਸ ਲਈ ਵੀ ਖ਼ਾਸ ਹੋ ਸਕਦੀ ਹੈ ਕਿਉਂਕਿ ਪੰਜਾਬ ਸਰਕਾਰ ਨੇ ਆਪਣੇ ਪਹਿਲੇ ਬਜਟ ਸੈਸ਼ਨ ਨੂੰ ਲੈਕੇ ਬਹੁਤ ਜ਼ਿਆਦਾ ਪ੍ਰਚਾਰ ਕੀਤਾ ਸੀ, ਪਰ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੂਬੇ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਕਲੇਸ਼ ਕਰਕੇ ਹੁਣ ਇਸ ਬਜਟ ਸੈਸ਼ਨ ਉੱਤੇ ਵੀ ਤਲਵਾਰ ਲਟਕ ਰਹੀ ਹੈ। ਪੰਜਾਬ ਸਰਕਾਰ ਦੀ ਮੀਟਿੰਗ ਵਿੱਚ ਕੀ ਕੁੱਝ ਨਵਾਂ ਫੈਸਲਾ ਵੇਖਣ ਨੂੰ ਮਿਲੇਗੇ ਇਸ ਨੂੰ ਲੈਕੇ ਸਾਰੇ ਹੀ ਪੱਬਾਂ ਭਾਰ ਹਨ।
ਇਹ ਵੀ ਪੜ੍ਹੋ: Punjab government: ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਬਿਕਰਮ ਮਜੀਠੀਆ ਨੇ ਲਿਆ ਨਿਸ਼ਾਨੇ 'ਤੇ, ਸਿਸੋਦੀਆ ਦੀ ਗ੍ਰਿਫ਼ਤਾਰੀ 'ਤੇ ਵੀ ਕੱਸੇ ਤੰਜ