ਚੰਡੀਗੜ੍ਹ: ਪੰਜਾਬ ਦੀ ਸਿਆਸਤ ਅੰਦਰ ਅਕਸਰ ਵੇਖਿਆ ਜਾਂਦਾ ਸੀ ਕਿ ਜੇਕਰ ਸਰਪੰਚੀ ਪਤਨੀ ਕੋਲ ਹੈ ਤਾਂ ਸਾਰੇ ਸਰਕਾਰੀ ਕੰਮਕਾਜ ਸਰਪੰਚ ਪਤਨੀ ਦੀ ਥਾਂ ਪਤੀ ਕਰਦਾ ਨਜ਼ਰ ਆਉਂਦਾ ਹੈ। ਜਿਸ ਕੋਲ ਸੰਵਿਧਾਨਿਕ ਅਹੁਦਾ ਨਹੀਂ ਅਤੇ ਹੁਣ ਤਾਂ ਮਹਿਲਾ ਵਿਧਾਇਕ ਦੇ ਪਤੀ ਵੀ ਖੁਦ ਨੂੰ ਵਿਧਾਇਕ ਦੀ ਥਾਂ ਖੜ੍ਹਾ ਕਰ ਰਹੇ ਨੇ। ਇਸ ਸਾਰੇ ਮਸਲੇ ਸਬੰਧੀ ਸੀਨੀਅਰ ਪੱਤਰਕਾਰ ਪ੍ਰੀਤਮ ਸਿੰਘ ਰੁਪਾਲ ਕਹਿੰਦੇ ਹਨ ਕਿ ਇਹ ਸੋਚ ਸਿਰਫ਼ ਰਾਜਨੀਤੀ ਦੀ ਹੀ ਨਹੀਂ ਬਲਕਿ ਸਮਾਜ ਦੀ ਹੈ। ਪਿਤਾ ਪੁਰਖੀ ਅਤੇ ਮਰਦ ਪ੍ਰਧਾਨ ਸਮਾਜ ਦੀ ਮਾਨਸਿਕਤਾ ਵਿਚ ਅਜੇ ਬਦਲਾਅ ਨਹੀਂ ਆਇਆ। ਨਾ ਤਾਂ ਮਰਦ ਅਤੇ ਨਾ ਹੀ ਔਰਤਾਂ ਪੂਰੀ ਤਰ੍ਹਾਂ ਇਸ ਮਾਨਸਿਕਤਾ ਵਿਚੋਂ ਨਿਕਲ ਸਕੇ ਹਨ। ਉਨ੍ਹਾਂ ਕਿਹਾ ਭਾਵੇਂ ਇਹ ਮਾਮਲਾ ਨਰਿੰਦਰ ਕੌਰ ਭਰਾਜ ਦੇ ਐਮਐਲਏ ਹੋਣ ਕਾਰਨ ਸਾਹਮਣੇ ਆਇਆ ਪਰ ਇਸ ਤੋਂ ਪਹਿਲਾਂ ਪੰਚੀ ਸਰਪੰਚੀ ਵਿੱਚ ਵੀ ਇਹੀ ਕੁਝ ਹੋਇਆ ਹੈ।ਪਤਨੀਆਂ ਸਰਪੰਚ ਹੁੰਦੀਆਂ ਹਨ ਅਤੇ ਉਹਨਾਂ ਦਾ ਕੰਮਕਾਰ ਪਤੀ ਕਰਦੇ ਹਨ ਇਥੋਂ ਤੱਕ ਡਿਪਟੀ ਕਮਿਸ਼ਨਰਾਂ ਨਾਲ ਜੋ ਮੀਟਿੰਗਾਂ ਹੁੰਦੀਆਂ ਹਨ ਉਹ ਵੀ ਅਟੈਂਡ ਕਰਦੇ ਰਹੇ।
ਔਰਤਾਂ ਨੂੰ ਰਿਜ਼ਰਵੇਸ਼ਨ ਮਿਲੀ ਪਰ ਹੱਕ ਨਹੀਂ: ਪ੍ਰੀਤਮ ਸਿੰਘ ਰੁਪਾਲ ਕਹਿੰਦੇ ਹਨ ਕਿ ਰਾਜਨੀਤੀ ਵਿਚ ਔਰਤਾਂ ਨੂੰ ਰਿਜ਼ਰਵੇਸ਼ਨ ਮਿਲੀ ਪਰ ਹੱਕ ਨਹੀਂ। ਉਹਨਾਂ ਕੋਲ ਸਮਾਜ ਵਿੱਚ ਅਤੇ ਆਪਣੇ ਹਲਕੇ ਵਿੱਚ ਵਿਚਰਣ ਦੇ ਸਿੱਧੇ ਹੱਕ ਨਹੀਂ ਅਤੇ ਉਹਨਾਂ ਨੂੰ ਆਪਣੇ ਪਤੀਆਂ ਦੇ ਜ਼ਰੀਏ ਹੀ ਵਿਚਰਨਾ ਪੈ ਰਿਹਾ ਹੈ। ਇਕ ਪੱਖ ਇਹ ਵੀ ਹੈ ਕਿ ਨਰਿੰਦਰ ਕੌਰ ਭਰਾਜ ਜਦੋਂ ਰਾਜਨੀਤੀ ਵਿਚ ਆਏ ਸਨ ਤਾਂ ਉਹ ਵਿਆਹੁਤਾ ਨਹੀਂ ਸਨ। ਉਹਨਾਂ ਤੋਂ ਪਹਿਲਾਂ ਵੀ ਕਈ ਅਜਿਹੀਆਂ ਲੜਕੀਆਂ ਸਨ ਜਿਹਨਾਂ ਦਾ ਰਾਜਨੀਤੀ ਵਿਚ ਆਉਣ ਤੋਂ ਬਾਅਦ ਵਿਆਹ ਹੋਇਆ ਅਤੇ ਜਦੋਂ ਉਹਨਾਂ ਦਾ ਵਿਆਹ ਹੋ ਜਾਂਦਾ ਹੈ ਤਾਂ ਸਮਾਜਿਕ ਬੰਧਨ ਵਿਚ ਮਰਦ ਪ੍ਰਧਾਨ ਮਾਨਸਿਕਤਾ ਉਹਨਾਂ 'ਤੇ ਭਾਰੀ ਪੈਂਦੀ ਹੈ। ਅਜਿਹੇ ਦੇ ਵਿੱਚ ਪ੍ਰਧਾਨਗੀ ਕੌਣ ਕਰੇ ਮਰਦ ਜਾਂ ਔਰਤ ਅਜਿਹੇ ਮਸਲੇ ਉੱਠਦੇ ਹਨ, ਉਨ੍ਹਾਂ ਕਿਹਾ ਕਈ ਵਾਰ ਇਹ ਵਰਤਾਰਾ ਉਲਟ ਵੀ ਹੁੰਦਾ ਹੈ ਕਈ ਮੰਤਰੀਆਂ ਜਾਂ ਵਿਧਾਇਕਾਂ ਕੋਲ ਸਮਾਂ ਨਹੀਂ ਹੁੰਦਾ ਤਾਂ ਉਹਨਾਂ ਦੀਆਂ ਪਤਨੀਆਂ ਜਾ ਕੇ ਉਦਘਾਟਨ ਕਰਦੀਆਂ ਹਨ।
ਰਾਜਨੀਤੀ 'ਚ ਜਾਣ ਪਛਾਣ ਕਰਾਉਣਾ ਵੀ ਇਕ ਮੁੱਖ ਕਾਰਨ: ਰੁਪਾਲ ਕਹਿੰਦੇ ਹਨ ਕਿ ਇਸ ਦਾ ਇਕ ਕਾਰਨ ਇਹ ਵੀ ਹੈ ਕਿ ਸਿਆਸੀ ਆਧਾਰ ਰੱਖਣ ਵਾਲੀਆਂ ਪਤਨੀਆਂ ਜਾਂ ਪਤੀ ਆਪਣੇ ਪਰਿਵਾਰਿਕ ਮੈਂਬਰਾਂ ਦੀ ਸਿਆਸਤ ਵਿਚ ਜਾਣ ਪਛਾਣ ਵਧਾਉਣੇ ਚਾਹੁੰਦੇ ਹਨ ਤਾਂ ਕਿ ਉਹਨਾਂ ਦਾ ਰਾਜਨੀਤਿਕ ਦਾਇਰਾ ਵਧੇ ਤਾਂ ਕਿ ਸਿਆਸਤ ਵਿਚ ਉਹਨਾਂ ਦਾ ਦਬਦਬਾ ਵਧੇ ਅਤੇ ਹੌਲੀ ਹੌਲੀ ਉਹਨਾਂ ਨੂੰ ਚੋਣ ਲੜਾਈ ਜਾ ਸਕੇ ਅਤੇ ਉਹਨਾਂ ਨੂੰ ਟਿਕਟ ਦਿਵਾਈ ਜਾ ਸਕੇ। ਨਰਿੰਦਰ ਕੌਰ ਭਰਾਜ ਵਾਲੇ ਮਾਮਲੇ ਤੋਂ ਵੀ ਅਜਿਹਾ ਹੀ ਪ੍ਰਤੀਤ ਹੁੰਦਾ ਹੈ ਕਿ ਉਹਨਾਂ ਦੇ ਪਤੀ ਰਾਜਨੀਤੀ ਵਿਚ ਆਪਣੀ ਜਾਣ ਪਛਾਣ ਵਧਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਭਾਵੇਂ ਰਾਜਨੀਤੀ ਹੋਵੇ ਜਾਂ ਸਮਾਜ ਦਾ ਦਾਇਰਾ ਇਹ ਰਿਵਾਇਤ ਗਲਤ ਹੈ, ਉਨ੍ਹਾਂ ਕਿਹਾ ਕਿਸੇ ਵੀ ਵਿਅਕਤੀ ਭਾਵੇਂ ਉਹ ਔਰਤ ਹੈ ਜਾਂ ਮਰਦ ਉਹਨਾਂ ਨੂੰ ਆਪਣੀ ਕਾਬਲੀਅਤ ਦੇ ਬਲਬੂਤੇ ਉੱਤੇ ਅੱਗੇ ਆਉਣਾ ਚਾਹੀਦਾ। ਜੇਕਰ ਔਰਤ ਰਾਜਨੀਤੀ ਵਿਚ ਵੱਡੇ ਅਹੁੱਦੇ ਉੱਤੇ ਪਹੁੰਚ ਜਾਂਦੀ ਹੈ ਤਾਂ ਕਈ ਪਰਿਵਾਰ ਦੌਫਾੜ ਹੁੰਦੇ ਵੀ ਦੇਖੇ ਗਏ ਹਨ।
ਬ੍ਰਿਟਿਸ਼ ਰਾਜ ਵਿੱਚ ਔਰਤਾਂ ਦਾ ਸਿੱਕਾ : ਪ੍ਰੀਤਮ ਸਿੰਘ ਰੁਪਾਲ ਕਹਿੰਦੇ ਹਨ ਅਜਿਹਾ ਵਰਤਾਰਾ ਸਿਰਫ਼ ਭਾਰਤੀ ਰਾਜਨੀਤੀ ਵਿਚ ਹੁੰਦਾ ਹੈ ਹੋਰ ਕਿਧਰੇ ਨਹੀਂ। ਇਹ ਇਕੱਲਾ ਪੰਜਾਬ ਹੀ ਨਹੀਂ ਪੂਰੇ ਦੇਸ਼ ਦਾ ਬਿਰਤਾਂਤ ਹੈ। ਉਨ੍ਹਾਂ ਕਿਹਾ ਕਿ ਜੇਕਰ ਬ੍ਰਿਟੇਨ ਵਿਚ ਮਹਾਰਾਣੀ ਅਧੀਨ ਸਾਸ਼ਨ ਚੱਲ ਰਿਹਾ ਤਾਂ ਕੂਈਨ ਸਾਸ਼ਨ ਹੀ ਮੰਨਿਆ ਜਾਂਦਾ ਜੇਕਰ ਪ੍ਰਿੰਸ ਸਾਸ਼ਨ ਹੈ ਤਾਂ ਸ਼ਾਸ ਨ ਪ੍ਰਿੰਸ਼ ਅਧੀਨ ਹੀ ਮੰਨਿਆ ਜਾਂਦਾ ਹੈ। ਸਿਰਫ਼ ਇਕ ਭਾਰਤ ਹੀ ਅਜਿਹਾ ਦੇਸ਼ ਹੈ ਜਿੱਥੇ ਮਰਦ ਪ੍ਰਧਾਨ ਸਮਾਜ ਦੀ ਬਿਰਤੀ ਰਾਜਨੀਤੀ ਵਿਚ ਕੰਮ ਕਰਦੀ ਹੈ ਅਤੇ ਪਤਨੀਆਂ ਦੀ ਥਾਂ ਪਤੀਆਂ ਦੀ ਤੂਤੀ ਬੋਲਦੀ ਹੈ।
ਨਰਿੰਦਰ ਕੌਰ ਭਰਾਜ ਤੋਂ ਪਹਿਲਾਂ ਕਈ ਵਿਧਾਇਕ ਬੀਬੀਆਂ ਦੇ ਪਤੀ ਰਹੇ ਭਾਰੂ: ਹੁਣ ਜ਼ਰਾ ਪਿੱਛੇ ਚੱਲਦੇ ਹਾਂ ਕਾਂਗਰਸ ਕਾਰਜਕਾਲ ਦੌਰਾਨ ਫਿਰੋਜ਼ਪੁਰ ਤੋਂ ਵਿਧਾਇਕ ਸਤਿਕਾਰ ਕੌਰ ਗਹਿਰੀ ਦੇ ਪਤੀ ਆਪਣੀ ਪਤਨੀ ਦੀ ਕੰਮ ਕਰਦੇ ਕਈ ਵਾਰ ਸੁਰਖੀਆਂ ਵਿੱਚ ਆਏ। ਸਾਬਕਾ ਕੈਬਨਿਟ ਮੰਤਰੀ ਅਰੁਣਾ ਚੌਧਰੀ ਦੇ ਪਤੀ ਵੀ ਆਪਣੀ ਪਤਨੀ ਦੇ ਬਲਬੂਤੇ ਲੋਕਾਂ ਵਿੱਚ ਆਪਣਾ ਅਸਰ ਰਸੂਖ ਕਾਇਮ ਕਰਦੇ ਕਈ ਵਾਰ ਨਜ਼ਰ ਆਏ। ਨਰਿੰਦਰ ਕੌਰ ਭਰਾਜ ਦੇ ਮਾਮਲੇ ਤੋਂ ਪਹਿਲਾਂ ਲੁਧਿਆਣਾ ਤੋਂ ਵਿਧਾਇਕਾ ਰਵਿੰਦਰ ਪਾਲ ਕੌਰ ਦੇ ਪਤੀ ਕੰਪਿਊਟਰ ਲੈਬ ਦਾ ਉਦਘਾਟਨ ਕਰਦੇ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋਏ ਅਤੇ ਲੋਕਾਂ ਵਿਚ ਚੀਫ਼ ਗੈਸਟ ਬਣਕੇ ਪਹੁੰਚਦੇ ਰਹੇ ਇਸ ਤੋੇਂ ਇਲਾਵਾ ਪੰਜਾਬ ਵਿਚ ਸਰਪੰਚੀ ਪੱਧਰ ਉੱਤੇ ਅਜਿਹੇ ਕਈ ਮਾਮਲੇ ਸਾਹਮਣੇ ਆਏ।
ਇਹ ਵੀ ਪੜ੍ਹੋ: Qaumi Insaaf Morcha : ਚੰਡੀਗੜ੍ਹ ਮੋਹਾਲੀ ਬਾਰਡਰ 'ਤੇ ਹੋਰ ਕਰੜੀ ਕੀਤੀ ਸੁਰੱਖਿਆ, ਮੋਰਚੇ ਦੇ 31 ਮੈਂਬਰ ਕਰਨਗੇ ਚੰਡੀਗੜ੍ਹ ਕੂਚ
ਔਰਤਾਂ ਲਈ 50 ਪ੍ਰਤੀਸ਼ਤ ਰਾਖਵਾਂਕਰਨ: ਪੰਜਾਬ ਵਿਚ ਸੱਤਾ ਉੱਤੇ ਜਿਹੜੀ ਵੀ ਸਰਕਾਰ ਬਿਰਾਜਮਾਨ ਹੋਈ ਉਸਨੇ ਨਾਰੀ ਸ਼ਸ਼ਕਤੀਕਰਨ ਦੀ ਦਾ ਰਾਮ ਰੌਲਾ ਜ਼ਰੂਰ ਪਾਇਆ। ਆਪ ਸਰਕਾਰ ਨੇ ਨਾਰੀ ਸ਼ਕਤੀ ਦੇ ਕਈ ਦਾਅਵੇ ਕੀਤੇ ਪਰ ਉਹ ਫੋਕੇ ਹੀ ਰਹਿ ਗਏ। ਨਵੀਂ ਬਣੀ ਪੰਜਾਬ ਸਰਕਾਰ ਨੇ ਭਾਵੇਂ ਨਿਰਦੇਸ਼ ਦਿੱਤੇ ਕਿ ਜੇਕਰ ਸਰਪੰਚ ਮਹਿਲਾ ਹੈ ਤਾਂ ਸਾਰੇ ਸਰਕਾਰੀ ਅਤੇ ਪੇਂਡੂ ਪੱਧਰ ਉੱਤੇ ਕੰਮਕਾਜ ਉਹ ਖੁੱਦ ਕਰਨਗੀਆਂ, ਪਰ ਧਰਾਤਲ ਉੱਤੇ ਇਸਦਾ ਕੋਈ ਅਸਰ ਹੁੰਦਾ ਵਿਖਾਈ ਨਹੀਂ ਦਿੱਤਾ। ਪੰਜਾਬ ਵਿੱਚ ਜਿੰਨੀਆਂ ਪਾਰਟੀਆਂ ਸੱਤਾ ਵਿਚ ਆਈਆਂ ਸਭ ਨੇ ਰਾਂਖਵੇਕਰਨ ਦੇ ਦਾਅਵੇ ਕੀਤੇ ਪਰ ਜ਼ਮੀਨੀ ਹਕੀਕਤ ਹਰ ਵਾਰ ਕੁਝ ਹੋਰ ਹੀ ਬਿਆਨਦੀ ਰਹੀ । ਪੰਚਾਇਤ, ਨਗਰ ਨਿਗਮ, ਨਗਰ ਪਰਿਸ਼ਦਾਂ ਵਿਚ ਔਰਤਾਂ ਦੀ ਹਾਜ਼ਰੀ ਵੀ ਲਾਜ਼ਮੀ ਕੀਤੀ ਗਈ ਪਰ ਇਸਦਾ ਕੋਈ ਅਸਰ ਨਹੀਂ ਹੋ ਸਕਿਆ।