ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਅਤੇ ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ ਵਾਲੇ ਸੀਨੀਅਰ ਵਕੀਲ ਐੱਚਐੱਸ ਫੂਲਕਾ ਦਾ ਅਸਤੀਫ਼ਾ ਸ਼ੁੱਕਰਵਾਰ ਨੂੰ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਵੱਲੋਂ ਮਨਜ਼ੂਰ ਕਰ ਲਿਆ ਗਿਆ ਸੀ। ਅੱਜ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦੇ ਹੋਏ ਫੂਲਕਾ ਨੇ ਕਿਹਾ ਕਿ ਮੈਂ ਆਪਣਾ ਅਸਤੀਫ਼ਾ ਬੇਅਦਬੀ ਮਾਮਲਿਆਂ 'ਤੇ ਕਾਰਵਾਈ ਨਾ ਹੋਣ ਕਾਰਨ ਦਿੱਤਾ ਹੈ।
ਉਨ੍ਹਾਂ ਨੇ ਕਿਹਾ ਕਿ 2018 ਵਿੱਚ ਵਿਧਾਨ ਸਭਾ 'ਚ ਬੇਅਦਬੀ ਮਾਮਲਿਆਂ ਨੂੰ ਲੈ ਕੇ ਸਪੈਸ਼ਲ ਸੈਸ਼ਨ ਹੋਇਆ ਸੀ ਜਿਸ ਦੌਰਾਨ ਕਈ ਵੱਡੇ ਖੁਲਾਸੇ ਕੀਤੇ ਗਏ ਸਨ। ਉਸ ਸਮੇਂ ਸਰਕਾਰ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਕੋਈ ਸਜ਼ਾ ਨਾ ਹੋਣ 'ਤੇ ਮੈਂ ਆਪਣਾ ਅਸਤੀਫ਼ਾ ਦਿੱਤਾ। ਫੂਲਕਾ ਨੇ ਕਿਹਾ ਕਿ ਇੱਕ ਸਾਲ ਹੋਣ ਮਗਰੋਂ ਹੁਣ ਕੋਈ ਵੀ ਰਣਜੀਤ ਸਿੰਘ ਦੀ ਰਿਪੋਰਟ 'ਤੇ ਗੱਲ ਨਹੀਂ ਕਰਦਾ। ਫੂਲਕਾ ਨੇ ਕਿਹਾ ਕਿ ਉਹ ਸਾਰੇ ਖ਼ੁਲਾਸੇ ਯਾਦ ਕਰੋਂ। ਇਸ ਦੇ ਨਾਲ ਹੀ ਫੂਲਕਾ ਨੇ ਨਵਜੋਤ ਸਿੰਘ ਸਿੱਧੂ, ਰਮਨਜੀਤ ਸਿੰਘ ਸਿੱਕੀ, ਹਰਮਿੰਦਰ ਗਿੱਲ, ਬੈਂਸ ਭਰਾ ਸੁਖਪਾਲ ਸਿੰਘ ਖਹਿਰਾ ਅਤੇ ਹੋਰ ਮੰਤਰੀਆਂ ਨੂੰ ਬੇਅਦਬੀ ਮੁੱਦੇ 'ਤੇ ਸਟੈਂਡ ਲੈਣ ਲਈ ਕਿਹਾ।