ਚੰਡੀਗੜ੍ਹ: ਲਾਰੈਂਸ ਬਿਸ਼ਨੋਈ ਜੇਲ੍ਹ ਇੰਟਰਵਿਊ ਮਾਮਲੇ ਦੀ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਅੱਜ ਮੁੜ ਸੁਣਵਾਈ ਹੋਣ ਜਾ ਰਹੀ ਹੈ। ਪਿਛਲੀ ਸੁਣਵਾਈ ਦੌਰਾਨ ਪੰਜਾਬ ਦੇ ਏਡੀਜੀਪੀ ਜੇਲ੍ਹ ਵੱਲੋਂ ਸੀਲਬੰਦ ਲਿਫ਼ਾਫ਼ੇ ਵਿੱਚ ਜਾਂਚ ਰਿਪੋਰਟ ਹਾਈ ਕੋਰਟ ਵਿੱਚ ਦਾਖ਼ਲ ਕੀਤੀ ਗਈ ਸੀ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਨੇ ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਵਿੱਚ ਐਫਆਈਆਰ ਦਰਜ ਕਰਨ ਦੀ ਇਜਾਜ਼ਤ ਮੰਗੀ ਹੈ।
ਐਸਆਈਟੀ ਵਲੋਂ ਸੌਂਪੀ ਗਈ ਸੀ ਸੀਲਬੰਦ ਰਿਪੋਰਟ: ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਸਪੈਸ਼ਲ ਡੀਜੀਪੀ (ਐਸਟੀਐਫ) ਅਤੇ ਏਡੀਜੀਪੀ ਜੇਲ੍ਹ ਦੀ ਸਾਂਝੀ ਕਮੇਟੀ ਵੱਲੋਂ ਤਿਆਰ ਰਿਪੋਰਟ 14 ਦਸੰਬਰ ਨੂੰ ਹਾਈ ਕੋਰਟ ਵਿੱਚ ਪੇਸ਼ ਕੀਤੀ ਗਈ ਸੀ। ਇਸ ਰਿਪੋਰਟ ਵਿੱਚ ਐਸਆਈਟੀ ਨੇ ਕਿਹਾ ਹੈ ਕਿ ਇੰਟਰਵਿਊ ਪੰਜਾਬ ਜਾਂ ਹਰਿਆਣਾ ਦੀ ਜੇਲ੍ਹ ਵਿੱਚ ਨਹੀਂ ਹੋਈ ਹੈ। ਇਸ ਦੇ ਨਾਲ ਹੀ ਇਹ ਇੰਟਰਵਿਊ ਰਾਜਸਥਾਨ 'ਚ ਕੀਤੇ ਜਾਣ ਦੀ ਸੰਭਾਵਨਾ ਜਤਾਈ ਗਈ ਹੈ।ਐਸਆਈਟੀ ਨੇ ਇਹ ਵੀ ਸਿੱਟਾ ਕੱਢਿਆ ਹੈ ਕਿ ਬਠਿੰਡਾ ਕੇਂਦਰੀ ਜੇਲ੍ਹ ਤੋਂ ਇੰਟਰਵਿਊ ਕਰਵਾਉਣੀ ਸੰਭਵ ਨਹੀਂ ਹੈ। ਸਪੈਸ਼ਲ ਸੈੱਲ ਵਿਚ ਜੈਮਰ ਲਗਾਏ ਗਏ ਹਨ ਜਿੱਥੇ ਬਿਸ਼ਨੋਈ ਨੂੰ ਰੱਖਿਆ ਗਿਆ ਹੈ।
14-17 ਮਾਰਚ ਨੂੰ ਹੋਏ ਇਹ ਇੰਟਰਵਿਊ: ਐਸਆਈਟੀ ਨੇ ਅੰਦਾਜ਼ਾ ਲਗਾਇਆ ਹੈ ਕਿ ਬਿਸ਼ਨੋਈ ਦੀਆਂ ਦੋ ਵਾਰ-ਵਾਰ ਇੰਟਰਵਿਊਆਂ 14 ਮਾਰਚ ਅਤੇ 17 ਮਾਰਚ ਨੂੰ ਕੀਤੀਆਂ ਗਈਆਂ ਸਨ। ਏਡੀਜੀਪੀ ਜੇਲ੍ਹ ਅਰੁਣਪਾਲ ਸਿੰਘ ਨੇ ਹਾਈ ਕੋਰਟ ਨੂੰ ਦੱਸਿਆ ਕਿ ਬਿਸ਼ਨੋਈ ਨੂੰ ਪੰਜਾਬ ਅਤੇ ਹਰਿਆਣਾ ਤੋਂ ਬਾਹਰ ਲਿਜਾਇਆ ਗਿਆ ਸੀ ਕਿਉਂਕਿ ਉਹ ਦੋਵਾਂ ਰਾਜਾਂ ਤੋਂ ਬਾਹਰ ਦਰਜ ਕੇਸਾਂ ਵਿੱਚ ਵੀ ਲੋੜੀਂਦਾ ਸੀ।
ਐਫਆਈਆਰ ਦਰਜ ਕਰਨ ਦੀ ਸਿਫਾਰਿਸ਼: ਐਸਆਈਟੀ ਨੇ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਇਹ ਵੀ ਸਿਫਾਰਿਸ਼ ਕੀਤੀ ਹੈ ਕਿ ਇੰਟਰਵਿਊ ਮਾਮਲੇ ਵਿੱਚ ਵੀ ਐਫਆਈਆਰ ਦਰਜ ਕੀਤੀ ਜਾਵੇ। ਦਰਅਸਲ ਇਸ ਇੰਟਰਵਿਊ ਦੀ ਜਾਂਚ ਕਰਦਿਆਂ ਐਫਆਈਆਰ ਦਰਜ ਕੀਤੇ ਬਿਨਾਂ ਪੰਜਾਬ ਪੁਲਿਸ ਬਿਸ਼ਨੋਈ ਦੇ ਸਾਥੀਆਂ ਜਾਂ ਸ਼ੱਕੀ ਮੁਲਜ਼ਮਾਂ ਨੂੰ ਰਾਜਸਥਾਨ ਜਾਂ ਹੋਰ ਰਾਜਾਂ ਦੀਆਂ ਜੇਲ੍ਹਾਂ ਤੋਂ ਰਿਮਾਂਡ 'ਤੇ ਨਹੀਂ ਲੈ ਸਕਦੀ। ਐਫਆਈਆਰ ਤੋਂ ਬਾਅਦ ਦੂਜੇ ਰਾਜਾਂ ਦੇ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰਕੇ ਜਾਂਚ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।
14 ਮਾਰਚ ਨੂੰ ਪ੍ਰਸਾਰਿਤ ਹੋਈ ਸੀ ਪਹਿਲੀ ਇੰਟਰਵਿਊ: ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਇਕ ਨਿੱਜੀ ਚੈਨਲ 'ਤੇ ਇੰਟਰਵਿਊ ਦਿੱਤੀ ਸੀ। ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰ ਮਾਈਂਡ ਲਾਰੈਂਸ ਦੇ ਇੰਟਰਵਿਊ ਨੇ ਪੰਜਾਬ ਭਰ ਵਿੱਚ ਸਨਸਨੀ ਮਚਾ ਦਿੱਤੀ ਸੀ। ਲਾਰੈਂਸ ਦਾ ਦੂਜਾ ਇੰਟਰਵਿਊ ਵੀ ਇਸੇ ਚੈਨਲ 'ਤੇ ਪ੍ਰਸਾਰਿਤ ਕੀਤਾ ਗਿਆ ਸੀ। ਇਸ ਇੰਟਰਵਿਊ ਤੋਂ ਬਾਅਦ ਪੰਜਾਬ ਸਰਕਾਰ ਅਤੇ ਡੀਜੀਪੀ ਦੋਵਾਂ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ।
ਹਰਜੋਤ ਬੈਂਸ ਤੋਂ ਲਿਆ ਜੇਲ੍ਹ ਮਹਿਕਮਾ: ਗੈਂਗਸਟਰ ਲਾਰੈਂਸ ਦਾ ਪਹਿਲਾ ਇੰਟਰਵਿਊ 14 ਮਾਰਚ ਦੀ ਸ਼ਾਮ ਨੂੰ ਪ੍ਰਸਾਰਿਤ ਕੀਤਾ ਗਿਆ ਸੀ। ਜਿਸ ਤੋਂ ਬਾਅਦ 'ਆਪ' ਸਰਕਾਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਈ। 15 ਮਾਰਚ ਨੂੰ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਤਰੀਆਂ ਦੇ ਵਿਭਾਗਾਂ ਵਿੱਚ ਫੇਰਬਦਲ ਕਰ ਦਿੱਤਾ। ਹਾਲ ਹੀ ਵਿੱਚ ਗੋਇੰਦਵਾਲ ਜੇਲ੍ਹ ਹੋਈ ਲੜਾਈ ਅਤੇ ਫਿਰ ਲਾਰੈਂਸ ਪਾਰਟ-1 ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਤਰੀ ਹਰਜੋਤ ਬੈਂਸ ਤੋਂ ਜੇਲ੍ਹ ਵਿਭਾਗ ਲੈਕੇ ਵਾਗਡੋਰ ਖੁਦ ਸੰਭਾਲ ਲਈ ਹੈ।
ਡੀਜੀਪੀ ਨੇ ਦਿੱਤੀ ਸੀ ਸਫ਼ਾਈ: ਪੰਜਾਬ ਦੇ ਡੀਜੀਪੀ ਨੇ ਵੀ ਪਹਿਲੀ ਇੰਟਰਵਿਊ ਤੋਂ ਬਾਅਦ ਸਾਫ਼ ਕਹਿ ਦਿੱਤਾ ਸੀ ਕਿ ਲਾਰੈਂਸ ਦੀ ਇੰਟਰਵਿਊ ਪੰਜਾਬ ਤੋਂ ਬਾਹਰ ਹੋਈ ਹੈ। 16 ਮਾਰਚ ਨੂੰ ਡੀਜੀਪੀ ਗੌਰਵ ਯਾਦਵ ਨੂੰ ਖੁਦ ਪ੍ਰੈਸ ਕਾਨਫਰੰਸ ਕਰਕੇ ਇੰਟਰਵਿਊ ਪਾਰਟ-1 ਵਿੱਚ ਸਪੱਸ਼ਟ ਕਰਨਾ ਪਿਆ ਸੀ ਕਿ ਪੰਜਾਬ ਦੀ ਜੇਲ੍ਹ ਵਿੱਚ ਅਜਿਹਾ ਨਹੀਂ ਹੋਇਆ। ਇੰਟਰਵਿਊ ਭਾਗ-2 ਤੋਂ ਬਾਅਦ ਪੰਜਾਬ ਪੁਲਿਸ ਅਤੇ ਜੇਲ੍ਹ ਵਿਭਾਗ 'ਤੇ ਇੱਕ ਵਾਰ ਫਿਰ ਸਵਾਲ ਉੱਠੇ ਹਨ।
ਬੈਰਕ ਤੋਂ ਇੰਟਰਵਿਊ ਕਰਨ ਦਾ ਸਬੂਤ ਦਿੱਤਾ: ਇੰਟਰਵਿਊ ਪਾਰਟ-2 ਵਿੱਚ ਲਾਰੈਂਸ ਨੇ ਜੇਲ੍ਹ ਅੰਦਰੋਂ ਇੰਟਰਵਿਊ ਕਰਨ ਦਾ ਸਬੂਤ ਵੀ ਦਿੱਤਾ ਸੀ। ਉਸ ਨੇ ਆਪਣੀ ਬੈਰਕ ਵੀ ਦਿਖਾਉਂਦੇ ਹੋਏ ਦੱਸਿਆ ਕਿ ਉਸ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ, ਪਰ ਉਸ ਕੋਲ ਮੋਬਾਈਲ ਫੋਨ ਅਤੇ ਸਿਗਨਲ ਵੀ ਹੈ, ਜਦੋਂਕਿ ਬਠਿੰਡਾ ਨੂੰ ਪੰਜਾਬ ਦੀ ਸਭ ਤੋਂ ਸੁਰੱਖਿਅਤ ਜੇਲ੍ਹ ਦੱਸਿਆ ਗਿਆ ਹੈ, ਜਿੱਥੇ ਜੈਮਰ ਲੱਗਾ ਹੋਇਆ ਹੈ। ਡੀਜੀਪੀ ਨੇ ਇੱਥੋਂ ਤੱਕ ਦਾਅਵਾ ਕੀਤਾ ਹੈ ਕਿ ਗਾਰਡ ਰੋਜ਼ਾਨਾ ਬੈਰਕ ਵਿੱਚ ਆ ਕੇ ਜਾਂਚ ਕਰਦੇ ਹਨ ਕਿ ਕੋਈ ਸਿਗਨਲ ਨਹੀਂ ਹੈ।
ਜੇਲ੍ਹ ਦੀਆਂ ਕਮਜ਼ੋਰੀਆਂ ਵੀ ਦੱਸੀਆਂ: ਆਪਣੇ ਇੰਟਰਵਿਊ ਵਿੱਚ ਲਾਰੈਂਸ ਨੇ ਜਿੱਥੇ ਜੇਲ੍ਹ ਦੀ ਬੈਰਕ ਵਿੱਚੋਂ ਇੰਟਰਵਿਊ ਦੇਣ ਦਾ ਸਬੂਤ ਦਿੱਤਾ, ਉੱਥੇ ਜੇਲ੍ਹ ਦੀਆਂ ਕਮਜ਼ੋਰੀਆਂ ਨੂੰ ਵੀ ਉਜਾਗਰ ਕੀਤਾ। ਲਾਰੈਂਸ ਦਾ ਕਹਿਣਾ ਹੈ ਕਿ ਜੇਲ੍ਹ ਦੇ ਗਾਰਡ ਰਾਤ ਨੂੰ ਘੱਟ ਹੀ ਆਉਂਦੇ-ਜਾਂਦੇ ਹਨ, ਇਸੇ ਲਈ ਉਹ ਰਾਤ ਨੂੰ ਫੋਨ ਕਰ ਰਿਹਾ ਹੈ। ਮੋਬਾਈਲ ਫੋਨ ਬਾਹਰੋਂ ਜੇਲ੍ਹ ਅੰਦਰ ਸੁੱਟੇ ਜਾਂਦੇ ਹਨ। ਕਈ ਵਾਰ ਜੇਲ੍ਹ ਸਟਾਫ਼ ਉਨ੍ਹਾਂ ਨੂੰ ਫੜ ਵੀ ਲੈਂਦਾ ਹੈ ਪਰ ਬਹੁਤੀ ਵਾਰ ਮੋਬਾਈਲ ਫ਼ੋਨ ਉਨ੍ਹਾਂ ਤੱਕ ਪਹੁੰਚ ਜਾਂਦਾ ਹੈ।