ਚੰਡੀਗੜ੍ਹ: ਪੰਜਾਬ ਦੇ ਵਿਚ ਬੇਸ਼ੱਕ ਕੜਾਕੇ ਦੀ ਠੰਢ ਪੈ ਰਹੀ ਹੋਵੇ ਪਰ ਸਿਆਸੀ ਤਾਪਮਾਨ ਅੱਗ ਦੇ ਗੋਲੇ ਸੁੱਟ ਰਿਹਾ ਹੈ। ਹੁਣ ਸੱਤਾ ਧਿਰ ਨੂੰ ਲਪੇਟੇ ਵਿਚ ਲੈਣ ਲਈ ਵਿਰੋਧੀ ਧਿਰਾਂ ਨੂੰ ਇਕ ਨਵਾਂ ਮੌਕਾ ਮਿਲ ਗਿਆ ਹੈ। ਸਿਹਤ ਵਿਭਾਗ ਦੇ ਸਕੱਤਰ ਅਜੋਏ ਸ਼ਰਮਾ ਨੂੰ ਅਹੁੱਦੇ ਤੋਂ ਹਟਾਏ ਜਾਣ ਉਤੇ ਇਕ ਤੋਂ ਬਾਅਦ ਇੱਕ ਸਿਆਸੀ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਵੱਖ-ਵੱਖ ਸਿਆਸੀ ਪਾਰਟੀਆਂ ਨੇ ਜਿੱਥੇ ਇਸ ਤੇ ਟਿੱਪਣੀਆਂ ਕੀਤੀਆਂ ਉਥੇ ਹੀ ਪੰਜਾਬ ਦੇ ਸਿਹਤ ਮੰਤਰੀ ਡਾ.ਬਲਬੀਰ ਦਾ ਬਿਆਨ ਵੀ ਸਾਹਮਣੇ ਆਇਆ। ਇਸ ਨੂੰ ਅਫ਼ਸਰਸ਼ਾਹੀ ਅਤੇ ਸਰਕਾਰ ਵਿਚ ਟਕਰਾਅ ਦੀ ਸਥਿਤੀ ਵਜੋਂ ਵੀ ਵੇਖਿਆ ਜਾ ਰਿਹਾ ਹੈ। ਆਖਿਰਕਾਰ ਇਹ ਮਾਮਲਾ ਹੈ ਕੀ ਅਤੇ ਕਿਉਂ ਵਿਰੋਧੀ ਧਿਰਾਂ ਇਸ ਨੂੰ ਮੁੱਦਾ ਬਣਾ ਰਹੀਆਂ ਹਨ? ਇਸ ਉੱਤੇ ਪੜ੍ਹੋ ਖਾਸ ਰਿਪੋਰਟ...
ਅਫਸਰਾਂ ਨੂੰ ਦਬਾਓਣਾ ਚਾਹੁੰਦੀ ਹੈ ਸਰਕਾਰ? ਦਰਅਸਲ ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ ਦੇ ਸਕੱਤਰ ਅਜੋਏ ਸ਼ਰਮਾ ਨੂੰ ਅਹੁਦੇ ਤੋਂ ਪਾਸੇ ਕਰਕੇ ਉਸ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਗਈ। ਵਿਰੋਧੀ ਧਿਰਾਂ ਨੇ ਜੋ ਗੰਭੀਰ ਇਲਜ਼ਾਮ ਲਗਾਏ ਹਨ ਉਹਨਾਂ ਅਨੁਸਾਰ ਅਜੋਏ ਸ਼ਰਮਾ ਸਰਕਾਰ ਦੀ ਸੁਰ ਨਾਲ ਸੁਰ ਨਹੀਂ ਮਿਲਾ ਰਿਹਾ ਸੀ। ਵਿਰੋਧੀਆਂ ਦੇ ਇਲਜ਼ਾਮ ਹਨ ਕਿ ਮੁਹੱਲਾ ਕਲੀਨਿਕ ਦੇ ਪ੍ਰਚਾਰ ਲਈ ਸਰਕਾਰ 30 ਕਰੋੜ ਇਸ਼ਤਿਹਾਰਾਂ ਉਤੇ ਖਰਚ ਕਰਨਾ ਚਾਹੁੰਦੀ ਸੀ। ਪਰ ਅਜੋਏ ਸ਼ਰਮਾ ਨੇ ਇਸ ਨੂੰ ਕਰਨ ਤੋਂ ਇਨਕਾਰ ਕਰ ਦਿੱਤਾ। ਜਿਸ ਕਾਰਨ ਸਰਕਾਰ ਨੇ ਅਜੋਏ ਸ਼ਰਮਾ ਖ਼ਿਲਾਫ਼ ਸਰਕਾਰ ਨੇ ਕਾਰਵਾਈ ਆਰੰਭ ਕੀਤੀ ਹੈ। ਵਿਰੋਧੀ ਧਿਰਾਂ ਦਾ ਕਹਿਣਾ ਹੈ ਇਹ ਇਸ਼ਤਿਹਾਰ ਦੱਖਣੀ ਭਾਰਤ ਵਿਚ ਦਿੱਤੇ ਜਾਣੇ ਸਨ। ਅੰਦਰਖਾਤੇ ਮਿਲ ਰਹੀਆਂ ਕਨਸੋਆਂ ਅਨੁਸਾਰ ਅਫ਼ਸਰਾਂ ਦਾ ਤਾਣਾ ਬਾਣਾ ਸਰਕਾਰ ਨਾਲ ਉਲਝਿਆ ਹੋਇਆ ਹੈ। ਜੋ ਅਫ਼ਸਰ ਸਰਕਾਰ ਦੀ ਹਾਂ ਵਿਚ ਹਾਂ ਨਹੀਂ ਮਿਲਾਉਂਦੇ ਉਹਨਾਂ ਨੂੰ ਅਹੁਦਿਆਂ ਤੋਂ ਹਟਾ ਦਿੱਤਾ ਜਾਂਦਾ ਹੈ।
ਹੁਣ ਤੱਕ 6 ਅਧਿਕਾਰੀਆਂ ਖ਼ਿਲਾਫ਼ ਕਾਰਵਾਈ: ਸੂਤਰਾਂ ਦੀ ਮੰਨੀਏ ਤਾਂ ਸਿਹਤ ਸਕੱਤਰ ਅਜੋਏ ਸ਼ਰਮਾ ਨਾਲ ਜੋ ਹੋਇਆ ਉਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਵੱਖ-ਵੱਖ ਵਿਭਾਗਾਂ ਦੇ 5 ਅਧਿਕਾਰੀ ਅਜਿਹੇ ਹਨ ਜਿਨ੍ਹਾਂ 'ਤੇ ਸਰਕਾਰ ਵੱਲੋਂ ਕਾਰਵਾਈ ਕੀਤੀ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਸਭ ਤੋਂ ਪਹਿਲੀ ਵਾਰੀ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਅਨਿਰੁੱਧ ਤਿਵਾੜੀ ’ਤੇ ਦੀ ਆਈ ਸੀ। ਉਹਨਾਂ ਦੀ ਬਦਲੀ ਕਰ ਦਿੱਤੀ ਗਈ ਸੀ। ਦੂਜੀ ਵਾਰੀ ਗੁਰਕੀਰਤ ਕ੍ਰਿਪਾਲ ਸਿੰਘ ਦੀ ਆਈ ਉਹਨਾਂ ਦੀ ਵੀ ਬਦਲੀ ਕੀਤੀ ਗਈ। ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਦਾ ਵੀ ਕੁਝ ਅਜਿਹਾ ਹੀ ਹਸ਼ਰ ਹੋਇਆ। ਖੇਤੀਬਾੜੀ ਵਿਭਾਗ ਦੇ ਮੁੱਖ ਸਕੱਤਰ ਸਰਵਜੀਤ ਸਿੰਘ ਨੂੰ ਵੀ ਪਲਾਂ ‘ਚ ਬਦਲੀ ਦਾ ਪੱਤਰ ਦੇ ਦਿੱਤਾ ਗਿਆ। ਇਸਦੇ ਨਾਲ ਹੀ ਪੰਜਾਬ ਦੇ ਸਿੱਖਿਆ ਸਕੱਤਰ ਵਰਿੰਦਰ ਕੁਮਾਰ ਨੂੰ ਵੀ ਤਬਦੀਲ ਕਰ ਦਿੱਤਾ ਗਿਆ।
ਸੁਖਬੀਰ ਬਾਦਲ ਦੇ ਟਵੀਟ ਨੇ ਪਾਇਆ ਭੜਥੂ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਟਵੀਟ ਨੇ ਸਿਆਸੀ ਫ਼ਿਜ਼ਾਵਾਂ ਦਾ ਰੁਖ਼ ਹੀ ਮੋੜ ਦਿੱਤਾ। ਆਪਣੇ ਟਵੀਟ ਦੇ ਵਿਚ ਸੁਖਬੀਰ ਬਾਦਲ ਨੇ ਸਿੱਧਾ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਿਆ। ਜਿਸ ਵਿਚ ਉਹਨਾਂ ਲਿਖਿਆ ਕਿ “ਦਿੱਲੀ ਦੀ ਕਠਪੁੱਤਲੀ ਸੀਐਮ ਭਗਵੰਤ ਮਾਨ ਪੰਜਾਬ ਦਾ 30 ਕਰੋੜ ਰੁਪਏ ਮੁਹੱਲਾ ਕਲੀਨਿਕਾਂ ਦੀ ਇਸ਼ਤਿਹਾਰ ਬਾਜ਼ੀ ’ਤੇ ਖਰਚ ਕਰਨਾ ਚਾਹੁੰਦੇ ਸਨ। ਜਦੋਂ ਅਫ਼ਸਰ ਨੇ ਪੈਸਾ ਬਰਬਾਦ ਕਰਨ ਤੋਂ ਇਨਕਾਰ ਕੀਤਾ ਤਾਂ ਉਸ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ।
ਪੰਜਾਬ ਯੂਥ ਕਾਂਗਰਸ ਵੀ ਸਰਕਾਰ ‘ਤੇ ਹਮਲਾਵਰ: ਸਿਆਸੀ ਗਲਿਆਰਿਆਂ 'ਚ ਇਹ ਮਸਲਾ ਜੰਗਲ ਦੀ ਅੱਗ ਵਾਂਗ ਫੈਲ ਗਿਆ ਹੈ। ਪੰਜਾਬ ਯੂਥ ਕਾਂਗਰਸ ਦੇ ਆਗੂ ਬਰਿੰਦਰ ਸਿੰਘ ਢਿੱਲੋਂ ਨੇ ਵੀ ਸਰਕਾਰ ਨੂੰ ਕਰੜੇ ਹੱਥੀਂ ਲਿਆ ਹੈ। ਉੇਹਨਾਂ ਆਖਿਆ ਕਿ ਸਰਕਾਰ ਆਪਣੇ ਪ੍ਰਚਾਰ ਲਈ ਅਫ਼ਸਰਾਂ ਮਗਰ ਹੱਥ ਧੋ ਕੇ ਪੈ ਗਈ ਹੈ। ਪੰਜਾਬ ਦੇ ਲੋਕਾਂ ਦਾ ਪੈਸਾ ਇਹ ਆਪਣੇ ਨਿੱਜੀ ਅਤੇ ਪਾਰਟੀ ਦੇ ਪ੍ਰਚਾਰ ’ਤੇ ਲਗਾ ਰਹੇ ਹਨ। ਪਹਿਲਾਂ ਇਹੀ ਪੈਸਾ ਇਹਨਾਂ ਨੇ ਗੁਜਰਾਤ ਅਤੇ ਹਿਮਾਚਲ ਵਿਚ ਲਗਾਇਆ। ਹੁਣ ਇਹੀ ਪੈਸਾ ਲੋਕ ਸਭਾ ਚੋਣਾਂ 2024 ਵਿਚ ਵਰਤਣਾ ਚਾਹੁੰਦੇ ਹਨ। ਇਕ ਅਫ਼ਸਰ ਜੋ ਆਪਣੀ ਡਿਉਟੀ ਨਿਭਾ ਰਿਹਾ ਸੀ। ਉਸ ਨੂੰ ਚਾਲ ਨਾਲ ਇਨ੍ਹਾਂ ਨੇ ਪਾਸੇ ਕਰ ਦਿੱਤਾ ਹੈ।
ਭਾਜਪਾ ਦਾ ਸਰਕਾਰ ’ਤੇ ਤੰਜ: ਪੰਜਾਬ ਭਾਜਪਾ ਦੇ ਆਗੂ ਹਰਜੀਤ ਗਰੇਵਾਲ ਨੇ ਵੀ ਪੰਜਾਬ ਸਰਕਾਰ ਨੂੰ ਖਰੀਆਂ ਖਰੀਆਂ ਸੁਣਾਈਆਂ ਹਨ। ਉਹਨਾਂ ਆਖਿਆ ਕਿ ਸਰਕਾਰ ਤਾਮਿਲ ਦੇ ਅਖ਼ਬਾਰ ਵਿਚ ਮੁਹੱਲਾ ਕਲੀਨਿਕ ਦਾ ਇਸ਼ਤਿਹਾਰ ਦੇਣਾ ਚਾਹੁੰਦੀ ਸੀ ਜਿਸਦਾ ਕਿ ਪੰਜਾਬ ਨਾਲ ਕੋਈ ਸਰੋਕਾਰ ਨਹੀਂ ਹੈ। ਅਜੋਏ ਸ਼ਰਮਾ ਨੇ ਉਸ ਇਸ਼ਤਿਹਾਰ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕੀਤਾ ਤਾਂ ਸਰਕਾਰ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਬਾਉਣ ਅਤੇ ਧਮਕਾਉਣ ਲਈ ਅਜੋਏ ਸ਼ਰਮਾ ਦੀ ਵਿਜੀਲੈਂਸ ਜਾਂਚ ਵੀ ਸ਼ੁਰੂ ਕਰ ਦਿੱਤੀ। ਕੇਜਰੀਵਾਲ ਅਤੇ ਆਪ ਸਰਕਾਰ ਦਾ ਇਹ ਤਾਨਾਸ਼ਾਹੀ ਰਵੱਈਆ ਪੰਜਾਬ ਅੰਦਰ ਲਾਗੂ ਹੋ ਰਿਹਾ ਤਾਂ ਇਸ ਨਾਲ ਸਿਸਟਮ ਖ਼ਰਾਬ ਹੋ ਜਾਵੇਗਾ। ਸਰਕਾਰ ਨੂੰ ਇਸ ਨੂੰ ਜਲਦੀ ਤੋਂ ਜਲਦੀ ਦਰੁਸਤ ਕਰੇ।
ਸਿਹਤ ਮੰਤਰੀ ਦਾ ਗੋਲਮੋਲ ਜਵਾਬ: ਇਸ ਸਾਰੇ ਵਰਤਾਰੇ ਤੋਂ ਬਾਅਦ ਪੰਜਾਬ ਦੇ ਸਿਹਤ ਮੰਤਰੀ ਡਾ.ਬਲਬੀਰ ਦਾ ਗੋਲ ਮੋਲ ਜਵਾਬ ਵੀ ਸਾਹਮਣੇ ਆਇਆ ਹੈ। ਉਨ੍ਹਾਂ ਨੇ ਇਸ ਮਾਮਲੇ ’ਤੇ ਕੁਝ ਨਾ ਕਹਿੰਦਿਆਂ ਇਹੀ ਕਿਹਾ ਕਿ ਇਹ ਪ੍ਰਸ਼ਾਸਨਿਕ ਬਦਲੀਆਂ ਦਾ ਦੌਰ ਨਾਲ-ਨਾਲ ਚੱਲਦਾ ਰਹੇਗਾ।ਉਹਨਾਂ ਨੂੰ ਤਾਂ ਅਰਜਨ ਵਾਂਗ ਸਿੱਧਾ ਆਪਣਾ ਨਿਸ਼ਾਨ ਨਜ਼ਰ ਆਉਂਦਾ ਹੈ। ਉਹ ਪੰਜਾਬ ਦੇ ਸਿਹਤ ਖੇਤਰ ਵਿਚ ਸੁਧਾਰ ਕਰਨਾ ਚਾਹੁੰਦੇ ਹਨ। ਅਜਿਹਾ ਮਾਡਲ ਬਣਾਉਣਾ ਜਿਸਦੀ ਵਿਸ਼ਵ ਪੱਧਰ ਵਿਚ ਚਰਚਾ ਹੋਵੇ।
ਇਹ ਵੀ ਪੜ੍ਹੋ:- International Award To raghav chadha: ਰਾਘਵ ਚੱਢਾ ਦੇ ਨਾਂਅ ਇਕ ਹੋਰ ਅੰਤਰਰਾਸ਼ਟਰੀ ਐਵਾਰਡ, ਹੁਣ ਇਸ ਐਵਾਰਡ ਨਾਲ ਹੋਣਗੇ ਸਨਮਾਨਿਤ