ਚੰਡੀਗੜ੍ਹ: ਕੇਂਦਰੀ ਸੜਕ ਟਰਾਂਸਪੋਰਟ ਤੇ ਹਾਈਵੇ ਮੰਤਰਾਲਾ ਨੇ ਨੈਸ਼ਨਲ ਹਾਈਵੇਜ਼ ਅਥਾਰਟੀ ਆਫ ਇੰਡੀਆ (NHAI) ਨੂੰ ਵਾਇਆ ਸੁਲਤਾਨਪੁਰ ਲੋਧੀ, ਗੋਇੰਦਵਾਲ ਸਾਹਿਬ, ਖਡੂਰ ਸਾਹਿਬ ਤੇ ਤਰਨ ਤਾਰਨ ਤੋਂ ਅੰਮ੍ਰਿਤਸਰ ਤੱਕ ਪੰਜ ਗੁਰਧਾਮਾ ਨੂੰ ਜੋੜ ਕੇ ਨਵਾਂ ਸਿੱਖ ਸਰਕਟ ਬਣਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਹ ਸਰਕਟ ਤਜਵੀਜ਼ਸੁਦਾ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈਸਵੇਅ ਦਾ ਹਿੱਸਾ ਹੋਵੇਗਾ।
ਕੇਂਦਰੀ ਮੰਤਰੀ ਨੇ ਕਿਹਾ ਕਿ ਇਨ੍ਹਾਂ ਕਦਮਾਂ ਨਾਲ ਜਿੱਥੇ ਅੰਮ੍ਰਿਤਸਰ ਤੱਕ ਸਭ ਤੋਂ ਛੋਟਾ ਰਾਹ ਮਿਲ ਜਾਵੇਗਾ, ਉੱਥੇ ਹੀ ਪਵਿੱਤਰ ਸ਼ਹਿਰ ਦਾ ਦਿੱਲੀ ਨਾਲ ਸਿੱਧਾ ਸੰਪਰਕ ਸਥਾਪਿਤ ਹੋ ਜਾਵੇਗਾ ਜੋ ਕਿ ਅੰਮ੍ਰਿਤਸਰ ਦੇ ਵਸਨੀਕਾਂ ਦੀ ਚਿਰੋਕਣੀ ਇੱਛਾ ਸੀ ਤੇ ਇਸ ਨਾਲ ਸਿੱਖਾਂ ਦੀ ਪੰਜ ਗੁਰਧਾਮਾਂ ਤੱਕ ਤੇਜ਼ ਰਫਤਾਰ ਪਹੁੰਚ ਸਥਾਪਿਤ ਹੋ ਜਾਵੇਗੀ।
ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦੱਸਿਆ ਕਿ ਉਨ੍ਹਾਂ ਨੂੰ ਕੇਂਦਰੀ ਹਾਈਵੇ ਮੰਤਰੀ ਨਿਤਿਨ ਗਡਕਰੀ ਤੋਂ ਇਸ ਬਾਬਤ ਸੂਚਨਾ ਮਿਲੀ ਹੈ ਤੇ ਅਜਿਹਾ ਵਿਸ਼ਵ ਭਰ ਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਕੀਤੀ ਗਈ ਬੇਨਤੀ ਦੇ ਮੱਦੇਨਜ਼ਰ ਕੀਤਾ ਜਾ ਰਿਹਾ ਹੈ।
ਇਹ ਵੀ ਪੜੋ: ਕੈਦੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਬਣਾਇਆ ਗਿਆ 'ਵਿਸ਼ੇਸ਼ ਬੋਰਡ'
ਬਾਦਲ ਨੇ ਦੱਸਿਆ ਕਿ ਹਾਈਵੇ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦੁਆਇਆ ਸੀ ਕਿ ਉਹ ਸਾਰੇ ਮਾਮਲੇ ਦੀ ਘੋਖ ਕਰਵਾਉਣਗੇ ਤੇ ਹੁਣ ਵਾਇਆ ਨਕੋਦਰ ਨਵਾਂ ਗ੍ਰੀਨਫੀਲਡ ਰਾਹ ਤਿਆਰ ਹੋਵੇਗਾ ਜੋ ਪੰਜ ਵੱਖ-ਵੱਖ ਸਿੱਖ ਗੁਰੂ ਸਾਹਿਬਾਨ ਨਾਲ ਜੁੜੇ ਸਾਰੇ ਸਿੱਖ ਗੁਰਧਾਮਾਂ ਨੂੰ ਜੋੜਨ ਦਾ ਕੰਮ ਕਰੇਗਾ ਤੇ ਇਹ ਐਕਸਪ੍ਰੈਸਵੇਅ ਡੇਰਾ ਬਾਬਾ ਨਾਨਕ ਤੱਕ ਜੋੜਿਆ ਜਾਵੇਗਾ, ਜਿਸ ਨਾਲ ਸਿੱਧਾ ਸੰਪਰਕ ਹਾਲ ਹੀ ਵਿੱਚ ਤਿਆਰ ਹੋਏ ਕਰਤਾਰਪੁਰ ਸਾਹਿਬ ਲਾਂਘੇ ਤੱਕ ਜੁੜ ਜਾਵੇਗਾ।