ਚੰਡੀਗੜ੍ਹ: ਪ੍ਰਦੂਸ਼ਣ ਕਈ ਤਰ੍ਹਾਂ ਦਾ ਹੁੰਦਾ ਹੈ ਜੋ ਕੁਦਰਤੀ ਸ੍ਰੋਤਾਂ ਅਤੇ ਮਨੁੱਖੀ ਜ਼ਿੰਦਗੀ 'ਤੇ ਕਈ ਤਰੀਕੇ ਨਾਲ ਨਾਕਾਰਾਤਮਕ ਪ੍ਰਭਾਵ ਪਾਉਂਦਾ ਹੈ। ਇਹਨਾਂ ਵਿੱਚੋਂ ਇੱਕ ਹੈ ਸ਼ੋਰ ਯਾਨਿ ਕਿ ਅਵਾਜ਼ ਦਾ ਪ੍ਰਦੂਸ਼ਣ। ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਮੁਤਾਬਿਕ ਸ਼ੋਰ ਪ੍ਰਦੂਸ਼ਣ ਦਿਲ ਦੀ ਸਿਹਤ ਲਈ ਚੰਗਾ ਨਹੀਂ ਹੁੰਦਾ। ਸ਼ੋਰ ਪ੍ਰਦੂਸ਼ਣ ਹਾਰਟ ਅਟੈਕ ਦਾ ਕਾਰਨ ਬਣਦਾ ਹੈ ਅਤੇ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਵਧਦਾ ਹੈ। ਇੰਨਾ ਹੀ ਨਹੀਂ ਹੋਰ ਕਈ ਬਿਮਾਰੀਆਂ ਸ਼ੋਰ ਪ੍ਰਦੂਸ਼ਣ ਕਾਰਨ ਸਰੀਰ ਨੂੰ ਲੱਗ ਸਕਦੀਆਂ ਹਨ। ਦੁਨੀਆਂ ਭਰ ਦੇ ਲੋਕ ਵੱਧਦੀ ਅਬਾਦੀ ਕਾਰਨ ਸ਼ੋਰ ਪ੍ਰਦੂਸ਼ਣ ਦੀ ਸਮੱਸਿਆ ਨਾਲ ਲਗਾਤਾਰ ਜੂਝ ਰਹੇ ਹਨ। ਮੈਟਰੋ ਪੋਲੀਟਨ ਸ਼ਹਿਰਾਂ ਵਿੱਚ ਸ਼ੋਰ ਪ੍ਰਦੂਸ਼ਣ ਦਾ ਹੋਰ ਵੀ ਬੁਰਾ ਹਾਲ ਹੈ। ਸ਼ਹਿਰੀ ਅਬਾਦੀ ਸ਼ੋਰ ਪ੍ਰਦੂਸ਼ਣ ਰਾਹੀਂ ਜ਼ਿਆਦਾ ਪ੍ਰਭਾਵਿਤ ਹੋ ਰਹੀ ਹੈ। ਪੰਜਾਬ ਵਿੱਚ ਵੱਡੇ ਸ਼ਹਿਰ ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ ਵਿੱਚ ਵੀ ਸ਼ੋਰ ਪ੍ਰਦੂਸ਼ਣ ਦੀ ਸਮੱਸਿਆ ਆਮ ਵੇਖਣ ਨੂੰ ਮਿਲਦੀ ਹੈ।
ਹਾਰਟ ਅਟੈਕ ਦਾ ਕਾਰਨ ਬਣ ਸਕਦਾ ਹੈ ਸ਼ੋਰ ਪ੍ਰਦੂਸ਼ਣ: ਸ਼ੋਰ ਪ੍ਰਦੂਸ਼ਣ ਦੇ ਖ਼ਤਰੇ ਨੂੰ ਸਮਝਦਿਆਂ ਸਕੂਲਾਂ ਅਤੇ ਹਸਪਤਾਲਾਂ ਦੇ ਬਾਹਰ ਹਾਰਨ ਨਾ ਵਜਾਉਣ ਦੇ ਬੋਰਡ ਲੱਗੇ ਹੁੰਦੇ ਹਨ। ਸ਼ੋਰ ਭਾਵੇਂ ਉਹ ਕਿਸੇ ਵੀ ਤਰ੍ਹਾਂ ਦਾ ਹੋਵੇ ਸਰੀਰਕ ਅਤੇ ਮਾਨਸਿਕ ਕ੍ਰਿਆਵਾਂ ਨੂੰ ਪ੍ਰਭਾਵਿਤ ਕਰਦਾ ਹੈ। ਸ਼ੋਰ ਦਿਲ ਤੱਕ ਅਸਰ ਕਰਦਾ ਹੈ ਅਤੇ ਹਾਰਟ ਅਟੈਕ ਦਾ ਖ਼ਤਰਾ ਵੀ ਪੈਦਾ ਕਰਦਾ ਹੈ। ਜ਼ਿਆਦਾ ਸ਼ੋਰ 'ਚ ਰਹਿਣ ਨਾਲ ਸਰੀਰ ਚੇਤੰਨ ਅਵਸਥਾ 'ਚ ਰਹਿੰਦਾ ਹੈ ਅਤੇ ਜਿਸ ਨਾਲ ਇੰਡੋਕ੍ਰਾਈਨ ਸਿਸਟਮ ਦੀਆਂ ਗਤੀਵਿਧੀਆਂ ਵੱਧ ਜਾਂਦੀਆਂ ਹਨ। ਜਿਸ ਦਾ ਅਸਰ ਦਿਲ 'ਤੇ ਹੁੰਦਾ ਹੈ। ਇਸ ਨਾਲ ਦਿਲ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ ਅਤੇ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਸ਼ੋਰ ਸਰੀਰ ਦੀ ਅਰਾਮਦਾਇਕ ਅਵਸਥਾ ਨੂੰ ਪ੍ਰਭਾਵਿਤ ਕਰਦਾ ਹੈ ਜਿਸ ਕਰਕੇ ਨੀਂਦ ਨਹੀਂ ਪੂਰੀ ਹੁੰਦੀ। ਨੀਂਦ ਨਾ ਪੂਰੀ ਹੋਣ ਕਰਕੇ ਹਾਈਪਰਟੈਨਸ਼ਨ ਅਤੇ ਮਾਨਸਿਕ ਵਿਕਾਰ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ ਸ਼ੋਰ ਹਮੇਸ਼ਾ ਲਈ ਬੋਲਾਪਣ ਵੀ ਪੈਦਾ ਕਰ ਦਿੰਦਾ ਹੈ।
ਸ਼ੋਰ ਵਿਚ ਰਹਿਣ ਵਾਲੇ ਲੋਕਾਂ ਦੀ ਉਮਰ 1 ਸਾਲ ਘੱਟਦੀ ਹੈ: ਬਹੁਤ ਸਾਰੇ ਲੋਕ ਜੋ ਸ਼ੋਰ ਦੇ ਨੇੜੇ-ਤੇੜੇ ਰਹਿੰਦੇ ਹਨ ਜਿਵੇਂ ਕਿ ਸੜਕ ਜਾਂ ਉਦਯੋਗਿਕ ਇਕਾਈਆਂ ਦੇ ਨੇੜੇ । ਉਹਨਾਂ ਲੋਕਾਂ ਉੱਤੇ ਸ਼ੋਰ ਪ੍ਰਦੂਸ਼ਣ ਦਾ ਪ੍ਰਭਾਵ ਜ਼ਿਆਦਾ ਹੁੰਦਾ ਹੈ। ਖੋਜਾਂ ਵਿੱਚ ਇਹ ਵੀ ਪਤਾ ਲੱਗਾ ਹੈ ਕਿ ਉਹਨਾਂ ਲੋਕਾਂ ਦੀ ਉਮਰ ਆਮ ਨਾਲ 1 ਸਾਲ ਘੱਟ ਜਾਂਦੀ ਹੈ। ਇਸ ਲਈ ਸ਼ਹਿਰ ਬਣਾਉਣ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਕਈ ਵਾਰ ਹਦਾਇਦਾਂ ਵੀ ਜਾਰੀ ਕੀਤੀਆਂ ਜਾਂਦੀਆਂ ਹਨ। ਸੜਕ ਜਾਂ ਸ਼ੋਰ ਗੁੱਲ ਥਾਵਾਂ ਤੋਂ ਰਿਹਾਇਸ਼ੀ ਖੇਤਰ ਘੱਟੋ- ਘੱਟੋ 15 ਮੀਟਰ ਦੀ ਦੂਰੀ 'ਤੇ ਹੋਵੇ। ਕਈ ਥਾਵਾਂ ਉੱਤੇ ਰਾਤ ਦੇ 10 ਵਜੇ ਤੋਂ ਸਵੇਰ ਦੇ 6 ਵਜੇ ਤੱਕ ਉੱਚੀ ਅਵਾਜ਼ ਵਿਚ ਡੀਜੇ ਵਜਾਉਣ 'ਤੇ ਪਾਬੰਦੀ ਹੈ। ਉਦਯੋਗਾਂ ਵਿਚ ਕੰਮ ਕਰਨ ਵਾਲੇ ਕਾਮਿਆਂ ਲਈ ਵੀ ਸਰਕਾਰ ਵੱਲੋਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ।
ਲੁਧਿਆਣਾ 'ਚ ਸਭ ਤੋਂ ਜ਼ਿਆਦਾ ਸ਼ੋਰ ਪ੍ਰਦੂਸ਼ਣ: ਪੰਜਾਬ ਵਿੱਚ ਸਭ ਤੋਂ ਜ਼ਿਆਦਾ ਸ਼ੋਰ ਪ੍ਰਦੂਸ਼ਣ ਨਾਲ ਪ੍ਰਭਾਵਿਤ ਸ਼ਹਿਰ ਲੁਧਿਆਣਾ ਹੈ। ਲੁਧਿਆਣਾ ਵਿਚ ਬਾਕੀ ਪ੍ਰਦੂਸ਼ਣ ਵੀ ਆਮ ਨਾਲੋਂ ਜ਼ਿਆਦਾ ਹਨ। ਇਕ ਰਿਪੋਰਟ ਦੇ ਅਨੁਸਾਰ ਲੁਧਿਆਣਾ 'ਚ 104 ਡੈਸੀਬਲ ਅਵਾਜ਼ ਰਿਕਾਰਡ ਕੀਤੀ ਗਈ ਜੋ ਆਮ ਨਾਲੋਂ ਕਿਤੇ ਜ਼ਿਆਦਾ ਹੈ। ਹੈ। ਜਿਸ ਵਿਚ ਪੰਜਾਬ ਪੁਲਿਸ ਐਕਟ 2007 ਦੀ ਧਾਰਾ 61 ਦੇ ਤਹਿਤ ਸ਼ੋਰ ਪ੍ਰਦੂਸ਼ਣ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਉਲੰਘਣਾ ਕਰਨ ਵਾਲੇ ਨੂੰ ਛੇ ਮਹੀਨੇ ਤੱਕ ਕੈਦ ਜਾਂ 10,000 ਰੁਪਏ ਦਾ ਜੁਰਮਾਨਾ ਜਾਂ ਫਿਰ ਦੋਵਾਂ ਸਥਿਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਚੰਡੀਗੜ੍ਹ 'ਚ ਵੀ ਰਾਤ 10 ਵਜੇ ਤੋਂ ਬਾਅਦ ਉੱਚੀ ਅਵਾਜ਼ ਵਿਚ ਸੰਗੀਤ ਵਜਾਉਣ 'ਤੇ ਪਾਬੰਦੀ ਹੈ।
ਸ਼ੋਰ ਪ੍ਰਦਸ਼ੂਣ ਹੈ ਕੀ ?: ਸਾਰੀਆਂ ਆਵਾਜ਼ਾਂ ਨੂੰ ਸ਼ੋਰ ਪ੍ਰਦੂਸ਼ਣ ਨਹੀਂ ਮੰਨਿਆ ਜਾਂਦਾ ਹੈ। ਵਿਸ਼ਵ ਸਿਹਤ ਸੰਗਠਨ 75 ਡੈਸੀਬਲ ਤੋਂ ਵੱਧ ਸ਼ੋਰ ਨੂੰ ਪ੍ਰਦੂਸ਼ਣ ਵਜੋਂ ਪਰਿਭਾਸ਼ਤ ਕਰਦਾ ਹੈ। ਜਿਸ ਤੋਂ ਬਾਅਦ ਸ਼ੋਰ ਹਾਨੀਕਾਰਕ ਬਣ ਜਾਂਦਾ ਹੈ। ਜਦੋਂ ਇਹ 75 ਡੈਸੀਬਲ ਤੋਂ ਵੱਧ ਜਾਂਦਾ ਹੈ ਅਤੇ 120 ਡੈਸੀਬਲ ਤੋਂ ਉੱਪਰ ਖ਼ਤਰਨਾਕ ਹੁੰਦਾ ਹੈ। ਜੇਕਰ ਸ਼ੋਰ ਪ੍ਰਦੂਸ਼ਣ ਦੇ ਕਾਰਨਾਂ ਦੀ ਗੱਲ ਕਰੀਏ ਤਾਂ ਵਾਹਨ, ਹਵਾਈ ਜਹਾਜ਼, ਉਦਯੋਗਿਕ ਮਸ਼ੀਨਾਂ, ਲਾਊਡਸਪੀਕਰ, ਪਟਾਕੇ, ਟੈਲੀਵਿਜ਼ਨ, ਟਰਾਂਜ਼ਿਸਟਰ, ਰੇਡੀਓ ਜਦੋਂ ਉੱਚੀ ਅਵਾਜ਼ ਵਿੱਚ ਚਲਾਏ ਜਾਂਦੇ ਹਨ ਅਤੇ ਕੰਨਾਂ ਨੂੰ ਪ੍ਰੇਸ਼ਾਨ ਕਰਨ ਲੱਗਦੇ ਹਨ ਤਾਂ ਸ਼ੋਰ ਪ੍ਰਦੂਸ਼ਣ ਦਾ ਕਾਰਨ ਹੁੰਦਾ ਹੈ।
- ਦਾੜ੍ਹੀ 'ਤੇ ਟਿੱਪਣੀ ਨੂੰ ਲੈ ਕੇ ਭਾਜਪਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ, ਮੁਆਫ਼ੀ ਨਾ ਮੰਗਣ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸ਼ਿਕਾਇਤ ਕਰਨ ਦਾ ਐਲਾਨ
- ਗਰਮੀ ਤੋਂ ਜਲਦ ਮਿਲ ਸਕਦੀ ਹੈ ਰਾਹਤ, 24 ਜੂਨ ਤੋਂ ਬਾਅਦ ਬਣ ਰਹੀ ਮੀਂਹ ਪੈਣ ਦੀ ਸੰਭਾਵਨਾ
- ਗੁਰੂਦੁਆਰਾ ਐਕਟ ਵਿੱਚ ਸੋਧ ਦਾ ਮਾਮਲਾ, ਮੁੱਖ ਮੰਤਰੀ ਤੋਂ ਮੰਗਿਆ ਸਪਸ਼ਟੀਕਰਨ, 28 ਨੂੰ ਸ੍ਰੀ ਅਕਾਲ ਤਖ਼ਤ ਹੋਣਗੇ ਪੇਸ਼
ਮਾਹਿਰ ਕੀ ਕਹਿੰਦੇ ਹਨ ?: ਮੁਹਾਲੀ ਏਮਜ਼ ਵਿਚ ਕਮਿਊਨਿਟੀ ਮੈਡੀਸਨ ਦੇ ਅਸਿਸਟੈਂਟ ਪ੍ਰੋਫੈਸਰ ਡਾ. ਅਕਸ਼ੈ ਕੁਮਾਰ ਕਹਿੰਦੇ ਹਨ ਕਿ 80 ਡੈਸੀਬਲ ਤੋਂ ਜ਼ਿਆਦਾ ਦੀ ਅਵਾਜ਼ ਸਾਡੇ ਸਰੀਰ ਅਤੇ ਕੰਨ ਦੋਵਾਂ ਲਈ ਖ਼ਤਰਨਾਕ ਹੁੰਦੀ ਹੈ। ਸਭ ਤੋਂ ਜ਼ਿਆਦਾ ਅਸਰ ਕੰਨਾਂ 'ਤੇ ਹੁੰਦਾ ਹੈ ਅਤੇ ਸੁਣਨ ਸ਼ਕਤੀ ਨੂੰ ਸ਼ੋਰ ਪ੍ਰਭਾਵਿਤ ਕਰਦਾ ਹੈ। ਇਸ ਦੇ ਮਾੜੇ ਪ੍ਰਭਾਵ ਬਾਰੇ ਸਰਕਾਰਾਂ ਨੂੰ ਵੀ ਪਤਾ ਇਸ ਲਈ ਸਮੇਂ ਸਮੇਂ 'ਤੇ ਸ਼ੋਰ ਪ੍ਰਦੂਸ਼ਣ ਸਬੰਧੀ ਗਾਈਡਲਾਈਨਜ਼ ਵੀ ਜਾਰੀ ਕੀਤੀਆਂ ਜਾਂਦੀਆਂ ਹਨ। ਸਰੀਰ ਲਈ ਅਰਾਮ ਬਹੁਤ ਜ਼ਰੂਰੀ ਹੈ ਅਤੇ ਅਰਾਮਦਾਇਕ ਅਵਸਥਾ ਨੂੰ ਹੀ ਸ਼ੋਰ ਨੂੰ ਸਭ ਤੋਂ ਵੱਡੀ ਸੱਟ ਲੱਗਦੀ ਹੈ। ਉਦਯੋਗਾਂ ਵਿੱਚ ਕੰਮ ਕਰਨ ਵਾਲੇ ਕਾਮਿਆਂ ਨੂੰ ਅਜਿਹੀਆਂ ਸਮੱਸਿਆਵਾਂ ਦਾ ਸਭ ਤੋਂ ਜ਼ਿਆਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਕੰਨਾਂ ਨੂੰ ਬਚਾਉਣ ਲਈ ਅਵਾਜ਼ ਰੋਧਕ ਹੈਡਫੋਨਾਂ ਦਾ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਬਚਾਅ ਲਈ ਸਮੇਂ-ਸਮੇਂ 'ਤੇ ਸਰਕਾਰਾਂ ਵੱਲੋਂ ਗਾਈਡਲਾਈਨਜ਼ ਜਾਰੀ ਕੀਤੀਆਂ ਜਾਣੀਆਂ ਚਾਹੀਦੀਆਂ ਹਨ।