ਚੰਡੀਗੜ੍ਹ: 'ਰੱਖਿਆ ਨਾ ਫੋਟੋਸ਼ੂਟ ਨੂੰ ਗੱਭਰੂ ਨੇ ਅਸਲਾ ਨੀ’ ਅਜਿਹੇ ਗੀਤ, ਜਿਸ ਵਿੱਚ ਅਸਲਾ ਜਾਂ ਹਥਿਆਰਾਂ ਦੀ ਗੱਲ ਹੋਵੇ, ਉਸ ਉੱਤੇ ਪੰਜਾਬ ਸਰਕਾਰ ਨੇ ਪਾਬੰਦੀ ਲਗਾਈ ਹੋਈ ਹੈ। ਪਾਬੰਦੀ ਦੇ ਬਾਵਜੂਦ ਵੀ ਪੰਜਾਬੀ ਗਾਇਕ ਹੈਪੀ ਰਾਏਕੋਟੀ ਅਤੇ ਗੁਰਲੇਜ਼ ਅਖ਼ਤਰ ਨੇ ਅਜਿਹਾ ਗੀਤ ਗਾਇਆ। ਗੀਤ ਗਾਇਆ ਹੀ ਨਹੀਂ ਗਿਆ, ਬਲਕਿ ਗੀਤ ਦੇ ਫਿਲਮਾਂਕਣ ਵਿਚ ਹਥਿਆਰਾਂ ਦੀ ਰੱਜ ਕੇ ਨੁਮਾਇਸ਼ ਵੀ ਕੀਤੀ ਗਈ। 11 ਦਿਨ ਪਹਿਲਾਂ ਇਹ ਗੀਤ ਯੂਟਿਊਬ ’ਤੇ ਰਿਲੀਜ਼ ਕੀਤਾ ਗਿਆ ਜਿਸ ਦੇ ਹੁਣ ਤੱਕ 1.7 ਮਿਲੀਅਨ ਵਿਊਜ਼ ਵੀ ਹੋ ਚੁੱਕੇ ਹਨ, ਪਰ ਸਰਕਾਰ ਵੱਲੋਂ ਅਜੇ ਤੱਕ ਇਸ ਗੀਤ ਅਤੇ ਗੀਤ ਨੂੰ ਗਾਉਣ ਵਾਲਿਆਂ ’ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।
ਪੰਜਾਬ ਵਿਚ ਪਾਬੰਦੀ ਲਗਾਏ ਜਾਣ ਤੋਂ ਬਾਅਦ ਹਥਿਆਰਾਂ ’ਤੇ ਇਹ ਕੋਈ ਪਹਿਲਾ ਗੀਤ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਗੀਤ ਹਥਿਆਰਾਂ ਸਬੰਧੀ ਲਾਂਚ ਹੋਏ ਹਨ। ਇਸ ਸਬੰਧ ਵਿੱਚ ਈਟੀਵੀ ਭਾਰਤ ਦੀ ਟੀਮ ਵਲੋਂ ਹਥਿਆਰਾਂ ਦੀ ਨੁਮਾਇਸ਼ ਕਰਨ ਵਾਲੇ ਗਾਇਕਾਂ ਖ਼ਿਲਾਫ਼ ਮੋਰਚਾ ਖੋਲ੍ਹਣ ਵਾਲੇ ਵਕੀਲ ਸੁਨੀਲ ਮੱਲ੍ਹਣ ਨਾਲ ਗੱਲਬਾਤ ਕੀਤੀ ਗਈ।
ਸ੍ਰੀ ਬਰਾੜ ਦੀ ਪਤਨੀ ਵੀ ਮੇਰੇ ਹੱਕ 'ਚ: ਈਟੀਵੀ ਭਾਰਤ ਉੱਤੇ ਪਹਿਲੀ ਵਾਰ ਇਹ ਖੁਲਾਸਾ ਕਰਦੇ ਹੋਏ ਐਡਵੋਕੇਟ ਸੁਨੀਲ ਮਲ੍ਹਣ ਨੇ ਦੱਸਿਆ ਕਿ ਜਿੱਥੇ ਤਸਕਰ ਗੀਤ ਵਿਰੁੱਧ ਕਾਰਵਾਈ ਕੀਤੇ ਜਾਣ ਤੋਂ ਬਾਅਦ ਨਿਹੰਗ ਜਥੇਬੰਦੀਆਂ ਦਾ ਮੈਨੂੰ ਸਾਥ ਮਿਲਿਆ, ਉੱਥੇ ਹੀ, ਸ੍ਰੀ ਬਰਾੜ ਦੇ ਗੰਨ ਪ੍ਰਮੋਟਰ ਗੀਤ ਖਿਲਾਫ ਕਾਰਵਾਈ ਕੀਤੀ ਗਈ ਸੀ। ਇਸ ਨੂੰ ਲੈ ਕੇ ਸ੍ਰੀ ਬਰਾੜ ਦੀ ਪਤਨੀ ਵੀ ਮੇਰੇ ਹੱਕ ਵਿੱਚ ਹੈ। ਸੁਨੀਲ ਨੇ ਦੱਸਿਆ ਕਿ ਸ੍ਰੀ ਬਰਾੜ ਦੀ ਪਤਨੀ ਨਾਲ ਗੱਲ ਹੋਈ ਸੀ। ਉਹ ਵੀ ਸਪੋਰਟ ਕਰਦੀ ਹੈ। ਜਲਦ ਉਸ ਨੂੰ ਮੀਡੀਆ ਸਾਹਮਣੇ ਲਿਆਵਾਂਗੇ ਅਤੇ ਉਹ ਅਪਣੇ ਮੂੰਹੋ ਦੱਸਣਗੇ ਕਿ ਉਹ ਖੁਦ ਤੇ ਪਰਿਵਾਰ ਵੀ ਅਜਿਹੇ ਗੀਤਾਂ ਦੇ ਖਿਲਾਫ ਹਨ। ਫਿਰ ਸਾਡੇ ਬੱਚੇ ਕਿਉਂ ਵਿਗਾੜੇ ਜਾ ਰਹੇ।
11 ਦਿਨ ਬਾਅਦ ਵੀ ਕੋਈ ਕਾਰਵਾਈ ਨਹੀਂ: ਐਡਵੋਕੇਟ ਸੁਨੀਲ ਮਲ੍ਹਣ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਅਤੇ ਪੁਲਿਸ ਅਜਿਹੇ ਗਾਣਿਆਂ ਦੇ ਸ਼ੇਅਰ ਹੋਲਡਰ ਹੋਣਗੇ ਅਤੇ ਗਾਣਿਆਂ ਦੀ ਕਮਾਈ ਵਿਚੋਂ ਹਿੱਸਾ ਲੈਂਦੇ ਹੋਣਗੇ, ਤਾਂ ਹੀ ਅਜਿਹੇ ਗੀਤਾਂ ਤੇ ਕੋਈ ਕਾਰਵਾਈ ਨਹੀਂ ਹੋਈ। ਚੰਡੀਗੜ੍ਹ ਪੁਲਿਸ ਅਤੇ ਪੰਜਾਬ ਪੁਲਿਸ ਕੋਲ ਅਜਿਹੀਆਂ ਕਈ ਦਰਖ਼ਾਸਤਾਂ ਪੈਂਡਿੰਗ ਹਨ, ਜੋ ਗੰਨ ਕਲਚਰ ਪ੍ਰਮੋਟ ਕਰਨ ਵਾਲੇ ਗਾਣਿਆਂ ਖ਼ਿਲਾਫ਼ ਕੀਤੀਆਂ ਗਈਆਂ।
ਉਨ੍ਹਾਂ ਕਿਹਾ ਕਿ ਜਦੋਂ ਮੈਂ ਇਨ੍ਹਾਂ ਗੀਤਾਂ ਖਿਲਾਫ ਆਵਾਜ਼ ਚੁੱਕੀ ਤਾਂ, ਮੈਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ। ਮੈਂ ਸੁਰੱਖਿਆ ਦੀ ਮੰਗ ਕੀਤੀ ਸੀ, ਉਸ ਵੱਲ ਵੀ ਕੋਈ ਧਿਆਨ ਨਹੀਂ ਦਿੱਤਾ ਗਿਆ। ਸੁਨੀਲ ਨੇ ਕਿਹਾ ਕਿ ਮੈਂ ਕਹਾਂਗਾ ਕਿ ਪ੍ਰਸ਼ਾਸਨ ਬਿਲਕੁਲ ਵੀ ਐਕਟਿਵ ਨਹੀਂ ਹੈ।
ਪੁਲਿਸ ਨੇ ਜਾਂਚ ਕਰਨ ਦੀ ਕਹੀ ਗੱਲ: ਇਸ ਬਾਰੇ ਸਰਕਾਰ ਦਾ ਪੱਖ ਜਾਣਨ ਦੀ ਵੀ ਕੋਸ਼ਿਸ਼ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਮੋਹਾਲੀ ਡੀਐਸਪੀ ਸਿਟੀ 1 ਹਰਿੰਦਰ ਸਿੰਘ ਮਾਨ ਦੇ ਧਿਆਨ ਵਿਚ ਹੈ। ਈਟੀਵੀ ਭਾਰਤ ਦੀ ਟੀਮ ਵੱਲੋਂ ਡੀਐਸਪੀ ਦਫ਼ਤਰ ਫੋਨ ਕਰਕੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਗਈ, ਤਾਂ ਅੱਗੋ ਜਵਾਬ ਮਿਲਿਆ ਕਿ ਜਾਂਚ ਚੱਲ ਰਹੀ ਹੈ।
ਸਰਕਾਰੀ ਹੁਕਮਾਂ ਨੂੰ ਟਿੱਚ ਜਾਣਦੇ ਗਾਇਕ: ਸਰਕਾਰ ਨੇ ਬੇਸ਼ੱਕ ਗੰਨ ਕਲਚਰ ਉੱਤੇ ਸਖ਼ਤੀ ਦੀਆਂ ਹਦਾਇਦਾਂ ਦੀਆਂ ਹੋਣ, ਪਰ ਗਾਇਕ ਸਰਕਾਰ ਦੇ ਹੁਕਮਾਂ ਨੂੰ ਟਿੱਚ ਨਹੀਂ ਜਾਣਦੇ। ਜਿਸ ਤਰ੍ਹਾਂ ਇਕ ਤੋਂ ਬਾਅਦ ਇਕ ਗੰਨ ਕਲਚਰ 'ਤੇ ਗੀਤ ਆ ਰਹੇ ਹਨ। ਉਸ ਨਾਲ ਸਰਕਾਰ ਦੇ ਹੁਕਮ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਲੱਗਦੇ ਹਨ। ਰੋਕ ਤੋਂ ਬਾਅਦ ਵੀ ਪਿਛਲੇ 3 ਮਹੀਨਿਆਂ ਤੋਂ ਅਜਿਹੇ ਕਈ ਗੀਤ ਸੋਸ਼ਲ ਮੀਡੀਆ 'ਤੇ ਲਾਂਚ ਹੋ ਰਹੇ ਹਨ, ਜਿਨ੍ਹਾਂ ਵਿਚੋਂ ਗੰਨ ਐਂਡ ਗਟਸ ਪਿਛਲੇ ਮਹੀਨੇ ਗਾਇਕ ਕਪਤਾਨ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਦੇ ਵੀ ਮਿਲੀਅਨ ਵਿਚ ਵਿਊਜ਼ ਹਨ। ਸ੍ਰੀ ਬਰਾੜ ਦਾ ਤਸਕਰ ਗੀਤ, ਨਵਨ ਸਿੱਧੂ ਦਾ ਗੰਨ ਵਾਈਫ਼, ਦੀਪਕ ਢਿੱਲੋਂ ਅਤੇ ਹਰਮਨ ਦਾ ਗੰਨ ਅਤੇ ਬੋਤਲ, ਕਨਪੱਟੀ, ਗੁਲਾ ਸਿੱਧੂ ਦਾ ਗਾਣਾ ਡੈਡ ਜ਼ੋਨ, ਇਹ ਸਾਰੇ ਗੀਤ ਅੱਜ ਵੀ ਸੋਸ਼ਲ ਮੀਡੀਆ ਉੱਤੇ ਮੌਜੂਦ ਹਨ ਅਤੇ ਇਨ੍ਹਾਂ ਦੇ ਮਿਲੀਅਨ ਵਿੱਚ ਵਿਊਜ਼ ਹਨ।
ਸਰਕਾਰ ਦੇ ਹੁਕਮਾਂ ਦੇ ਬਾਵਜੂਦ ਗੰਨ ਕਲਚਰ ਪ੍ਰਮੋਟ ਹੋ ਰਿਹਾ: ਆਪ ਸਰਕਾਰ ਨੇ ਨਵੰਬਰ ਮਹੀਨੇ ਵਿੱਚ ਗੰਨ ਕਲਚਰ ’ਤੇ ਰੋਕ ਲਗਾਈ ਸੀ। ਇਸ ਵਿਚ ਪੰਜਾਬੀ ਗੀਤਾਂ ਦੀ ਵੀਡੀਓ ਅਤੇ ਲਫ਼ਜਾਂ ਵਿਚ ਹਥਿਆਰ ਪ੍ਰਮੋਟ ਕਰਨ ਤੋਂ ਵਰਿਜਆ ਗਿਆ ਸੀ। ਕਈ ਗੰਨ ਕਲਚਰ ਵਾਲੇ ਗੀਤਾਂ ਤੇ ਕਾਰਵਾਈ ਵੀ ਕੀਤੀ ਗਈ ਸੀ ਅਤੇ ਸੋਸ਼ਲ ਮੀਡੀਆ ਉੱਤੇ ਹਥਿਆਰ ਪ੍ਰਮੋਟ ਕਰਨ ਵਾਲੀਆਂ ਵੀਡੀਉਜ਼ ਅਤੇ ਫੋਟੋਆਂ ਹਟਾਉਣ ਦੇ ਵੀ ਨਿਰਦੇਸ਼ ਦਿੱਤੇ ਗਏ। ਪਰ, ਨਵੰਬਰ ਮਹੀਨੇ ਤੋਂ ਬਾਅਦ ਅਜਿਹੇ ਕਈ ਗੀਤ ਜੋ ਗੰਨ ਕਲਚਰ ਨੂੰ ਪ੍ਰਮੋਟ ਕਰਦੇ ਹੋਣ ਸੋਸ਼ਲ ਮੀਡੀਆ ਉੱਤੇ ਵੇਖੇ ਜਾ ਸਕਦੇ ਹਨ।
ਇਹ ਵੀ ਪੜ੍ਹੋ: AIG Ashish Kapoor : ਪੰਜਾਬ ਦੇ AIG ਆਸ਼ੀਸ਼ ਕਪੂਰ ਦੀਆਂ ਵਧੀਆਂ ਮੁਸ਼ਕਿਲਾਂ: ਭ੍ਰਿਸ਼ਟਾਚਾਰ ਦੇ ਮਾਮਲੇ 'ਚ ਨਹੀਂ ਮਿਲੀ ਜ਼ਮਾਨਤ