ਚੰਡੀਗੜ੍ਹ: ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦਾ ਸਿਆਸੀਕਰਨ ਕਰਨ ਦੀ ਥਾਂ ਇਸ ਇਤਿਹਾਸਕ ਸਮਾਰੋਹ ਨੂੰ ਹੋਰ ਵੀ ਗੌਰਵਮਈ ਢੰਗ ਨਾਲ ਮਨਾਉਣ ਲਈ ਸੂਬਾ ਸਰਕਾਰ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ।
ਚੰਨੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਦਿੱਤੇ ਗਏ ਬਿਆਨ 'ਤੇ ਟਿੱਪਣੀ ਕਰ ਰਹੇ ਸਨ ਜਿਸ ਵਿੱਚ ਬਾਦਲ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਅਤੇ ਹੋਰ ਅਕਾਲੀ ਲੀਡਰਾਂ ਨਾਲ ਨਵੀਂ ਦਿੱਲੀ ਵਿਖੇ ਮੁਲਾਕਾਤ ਦੌਰਾਨ 550ਵੇਂ ਪ੍ਰਕਾਸ਼ ਪੁਰਬ ਦੇ ਜਸ਼ਨਾਂ ਵਿੱਚ ਸ਼ਿਰਕਤ ਕਰਨ ਦੀ ਪੁਸ਼ਟੀ ਕੀਤੀ ਹੈ। ਚੰਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ 12 ਨਵੰਬਰ ਨੂੰ ਹੋਣ ਵਾਲੇ ਇਸ ਇਤਿਹਾਸਕ ਅਤੇ ਪਵਿੱਤਰ ਸਮਾਰੋਹ ਵਿੱਚ ਸ਼ਾਮਲ ਹੋਣ ਸਬੰਧੀ ਆਪਣੀ ਪੁਸ਼ਟੀ ਕੁਝ ਦਿਨ ਪਹਿਲਾਂ ਹੀ ਕਰ ਦਿੱਤੀ ਸੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਹਫ਼ਤੇ ਹੋਈ ਮੀਟਿੰਗ ਦੌਰਾਨ ਕੇਂਦਰੀ ਗ੍ਰਹਿ ਮੰਤਰ ਅਮਿਤ ਸ਼ਾਹ ਨੂੰ ਇਸ ਸਬੰਧੀ ਜਾਣੂ ਕਰਵਾਇਆ ਸੀ। ਚੰਨੀ ਨੇ ਕਿਹਾ ਕਿ ਕੈਪਟਨ ਨੇ ਅਮਿਤ ਸ਼ਾਹ ਨੂੰ ਇਤਿਹਾਸਕ ਸਮਾਰੋਹ ਵਿੱਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ ਸੀ।
ਚੰਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਫ਼ੈਸਲੇ ਲਈ ਸਿਹਰਾ ਲੈਣ ਦੀ ਬਜਾਏ ਸੁਖਬੀਰ ਬਾਦਲ ਨੂੰ ਚਾਹੀਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ਤਾਬਦੀ ਸਮਾਗਮਾਂ ਨੂੰ ਗੁਰੂ ਸਾਹਿਬ ਵੱਲੋਂ ਦਰਸਾਏ ਏਕਤਾ ਅਤੇ ਸਦਭਾਵਨਾ ਦੀ ਸੱਚੀ ਭਾਵਨਾ ਨਾਲ ਨੇਪਰੇ ਚਾੜ੍ਹਿਆ ਜਾਵੇ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕੁੱਲ ਦੁਨੀਆਂ ਦੇ ਲੋਕ ਧਰਮਾਂ ਤੋਂ ਉਪਰ ਉਠ ਕੇ ਸਤਿਕਾਰ ਦਿੰਦੇ ਹਨ। ਇਸ ਲਈ ਸਾਰੀਆਂ ਰਾਜਸੀ ਪਾਰਟੀਆਂ ਨੂੰ ਪਾਰਟੀ ਪੱਧਰ ਤੋਂ ਉਪਰ ਉਠ ਕੇ ਪ੍ਰਕਾਸ਼ ਪੁਰਬ ਦੇ ਪ੍ਰੋਗ੍ਰਾਮਾਂ ਵਿੱਚ ਸ਼ਾਮਲ ਹੋਣਾਂ ਚਾਹੀਦਾ ਹੈ।