ਨਵੀਂ ਦਿੱਲੀ: ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਯੂਨੀਵਰਸਿਟੀ ਆਫ਼ ਬਰਮਿੰਘਮ (ਯੂਕੇ) ਵਿੱਚ ਗੁਰੂ ਨਾਨਕ ਚੇਅਰ ਦਾ ਉਦਘਾਟਨ ਕੀਤਾ ਹੈ। ਇਹ ਚੇਅਰ ਭਾਰਤ ਸਰਕਾਰ ਦੇ ਸਹਿਯੋਗ ਨਾਲ ਸਥਾਪਿਤ ਕੀਤੀ ਗਈ ਹੈ ਤੇ ਇਸ ਤਹਿਤ ਕੀਤਾ ਜਾਣ ਵਾਲਾ ਖੋਜ ਕਾਰਜ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ 'ਤੇ ਕੇਂਦਰਤ ਹੋਵੇਗਾ।
ਕੇਂਦਰੀ ਮੰਤਰੀ ਨੇ ਐਲਾਨ ਕੀਤਾ ਕਿ ਇਹ ਨਵੀਂ ਚੇਅਰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਥਾਪਿਤ ਕੀਤੀ ਜਾ ਰਹੀ ਹੈ। ਉਹ ਬਰਮਿੰਘਮ ਦੇ ਦੌਰੇ 'ਤੇ ਆਏ ਸਨ ਜਿੱਥੇ ਉਨ੍ਹਾਂ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੀ ਅਜੋਕੇ ਸਮੇਂ ਵਿੱਚ ਮਹੱਤਤਾ ਦੇ ਵਿਸ਼ੇ 'ਤੇ ਭਾਸ਼ਨ ਦਿੱਤਾ। ਇਸ ਭਾਸ਼ਨ ਦਾ ਪ੍ਰਬੰਧ ਇੰਡੀਅਨ ਇੰਸਟੀਚਿਉਟ ਆਫ਼ ਯੂਨੀਵਰਸਿਟੀ ਵੱਲੋਂ ਕੀਤਾ ਗਿਆ ਸੀ।
ਪੁਰੀ ਨੇ ਕਿਹਾ ਕਿ ਬਰਤਾਨੀਆ ਵਿੱਚ ਭਾਰਤੀ ਭਾਈਚਾਰੇ ਦੀਆਂ ਭਾਵਨਾਵਾਂ 'ਤੇ ਇੱਛਾ ਨੂੰ ਧਿਆਨ ਵਿੱਚ ਰੱਖ ਕੇ ਗੁਰੂ ਨਾਨਕ ਦੀਆਂ ਸਿੱਖਿਆਵਾਂ ਨੂੰ ਅਕਾਦਮਿਕ ਦਾਇਰੇ ਵਿੱਚ ਲਿਆਉਣ ਦੀ ਇਹ ਇਕ ਕੋਸ਼ਿਸ਼ ਹੈ। ਇਸ ਨਾਲ ਹੋਰ ਖੋਜ ਦੇ ਰਾਹ ਖੁੱਲ੍ਹਣਗੇ ਤੇ ਬਾਬਾ ਨਾਨਕ ਦੀਆਂ ਸਿੱਖਿਆਵਾਂ ਦਾ ਦਾਇਰਾ ਯੂਕੇ ਵਿੱਚ ਹੋਰ ਵੱਡਾ ਹੋਵੇਗਾ।
ਸੰਸਾਰ ਪੱਧਰ 'ਤੇ ਵੀ ਮਨੁੱਖਤਾ ਇਨ੍ਹਾਂ ਸੁਨੇਹਿਆ ਤੋਂ ਲਾਭ ਲੈ ਸਕੇਗੀ ਕਿਉਕੀ ਗੁਰੂ ਨਾਨਕ ਦੀਆਂ ਸਾਰੀਆਂ ਸਿੱਖਿਆਵਾਂ ਰੂਹਾਨੀ ਕਦਰਾਂ-ਕੀਮਤਾਂ ਭਾਈਚਾਰਾਂ ਅਤੇ ਆਲਮੀ ਸ਼ਾਂਤੀ ਦੇ ਸੁਨੇਹਿਆਂ ਨਾਲ ਲਬਰੇਜ਼ ਹਨ ਤੇ ਸੰਸਾਰ ਨੂੰ ਬਿਹਤਰ ਬਣਾਉਣ ਲਈ ਯੋਗਦਾਨ ਦੇਣ ਦੇ ਸਮੱਰਥ ਹਨ।
ਇਹ ਵੀ ਪੜੋ: ਦਿੱਲੀ 'ਚ ਤੀਸ ਹਜ਼ਾਰੀ ਕੋਰਟ ਦੇ ਬਾਹਰ ਪੁਲਿਸ ਅਤੇ ਵਕੀਲਾਂ ਵਿਚਾਲੇ ਝੜਪ, ਹੋਈ ਗੋਲੀਬਾਰੀ
ਯੂਨੀਵਰਸਿਟੀ ਵੱਲੋਂ ਪ੍ਰਕਾਸ਼ ਪੁਰਬ ਦੇ ਸੰਦਰਭ ਵਿੱਚ ਕਈ ਸਮਾਗਮ ਕਰਵਾਏ ਜਾ ਰਹੇ ਹਨ। ਇਸ ਚੇਅਰ ਦੀ ਸਥਾਪਤੀ 'ਚ ਚਾਂਸਲਰ ਲਾਰਡ ਕਰਨ ਬਿਲੀਮੋਰੀਆ ਤੇ ਬਰਮਿੰਘਮ ਵਿੱਚ ਭਾਰਤੀ ਕੌਂਸਲ ਜਨਰਲ ਡਾਂ.ਅਮਨ ਪੁਰੀ ਦਾ ਵੀ ਅਹਿਮ ਯੋਗਦਾਨ ਹੈ। ਭਾਰਤ ਸਰਕਾਰ ਇਸ ਲਈ ਸਾਲਾਨਾ ਇਕ ਲੱਖ ਪੌਂਡ ਦਾ ਯੋਗਦਾਨ ਦੇਵੇਗੀ।