ਚੰਡੀਗੜ੍ਹ: ਅੰਮ੍ਰਿਤਸਰ ਵਿੱਚ ਬੀਤੇ ਦਿਨ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇੱਕ ਸੇਵਾਦਾਰ ਨੇ ਆਪਣੇ ਪਰਿਵਾਰ ਨਾਲ ਮੱਥਾ ਟੇਕਣ ਆਈ ਕੁੜੀ ਨੂੰ ਅੰਦਰ ਜਾਣ ਤੋਂ ਮਨ੍ਹਾ ਕਰ ਦਿੱਤਾ ਗਿਆ। ਇਸ ਤੋਂ ਬਾਅਦ ਮਾਮਲੇ ਨੂੰ ਰਾਸ਼ਟਰਵਾਦ ਦੀ ਰੰਗਤ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਬਾਅਦ ਵਿੱਚ ਮਾਮਲੇ ਦੀ ਸਚਾਈ ਵੀ ਸਾਹਮਣੇ ਆ ਗਈ। ਦੂਜੇ ਪਾਸੇ ਇਸ ਮਾਮਲੇ ਨੂੰ ਹੁਣ ਸਿਖ਼ਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਪੰਨੂੰ ਨੇ ਵੀ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ।
ਵੀਡੀਓ ਜਾਰੀ ਕਰਕੇ ਉਗਲ਼ਿਆ ਜ਼ਹਿਰ: ਗੁਰਪਤਵੰਤ ਪੰਨੂੰ ਨੇ ਇਸ ਮਾਮਲੇ ਸਬੰਧੀ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੇ ਸੇਵਾਦਾਰ ਨੇ ਸੰਗਤ ਨੂੰ ਬਹੁਤ ਵਧੀਆ ਸੁਨੇਹਾ ਦਿੱਤਾ ਹੈ । ਐੱਸਐੱਫਜੇ ਮੁਖੀ ਨੇ ਕਿਹਾ ਕਿ ਚਿਹਰੇ ਉੱਤੇ ਭਾਰਤ ਦਾ ਝੰਡਾ ਬਣਾ ਕੇ ਦਰਬਾਰ ਸਾਹਿਬ ਵਿੱਚ ਦਾਖਿਲ ਹੋਣ ਤੋਂ ਰੋਕ ਕੇ ਉਸ ਨੇ ਬਹਾਦਰੀ ਦਾ ਕੰਮ ਕੀਤਾ ਹੈ ਅਤੇ ਇਸ ਲਈ ਸੇਵਾਦਾਰ ਨੂੰ ਉਸ ਦੇ ਵੱਲੋਂ 5 ਲੱਖ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਪੰਨੂੰ ਨੇ ਇਹ ਵੀ ਕਿਹਾ ਕਿ ਹੁਣ ਦਰਬਾਰ ਸਾਹਿਬ ਤੋਂ ਵੀ ਇਹ ਆਵਾਜ਼ ਆਈ ਹੈ ਕਿ ਪੰਜਾਬ, ਹਿੰਦੋਸਤਾਨ ਦਾ ਹਿੱਸਾ ਨਹੀਂ ਹੈ ਅਤੇ ਹੁਣ ਸੰਗਤ ਨੂੰ ਵੀ ਇਸ ਗੱਲ ਨੂੰ ਮੰਨ ਲੈਣਾ ਚਾਹੀਦਾ ਹੈ। ਦੱਸ ਦਈਏ ਇਸ ਤੋਂ ਪਹਿਲਾਂ ਵੀ ਗੁਰਪਤਵੰਤ ਪੰਨੂੰ ਪੰਜਾਬ ਵਿੱਚ ਭਾਈਚਾਰਕ ਸਾਂਝ ਨੂੰ ਲਾਂਬੂ ਲਾਉਣ ਲਈ ਕੋਝੀਆਂ ਹਰਕਤਾਂ ਨੂੰ ਅੰਜਾਮ ਦਿੰਦਾ ਰਿਹਾ ਹੈ।
ਮਾਮਲੇ ਉੱਤੇ ਆ ਚੁੱਕਾ ਹੈ ਸਪੱਸ਼ਟੀਕਰਨ: ਦੱਸ ਦਈਏ ਇਸ ਤੋਂ ਪਹਿਲਾਂ ਮਾਮਲੇ ਉੱਤੇ ਸੇਵਾਦਾਰ ਨੇ ਸਪੱਸ਼ਟੀਕਰਨ ਦਿੰਦਿਆਂ ਦੱਸਿਆ ਸੀ ਕਿ ਲੜਕੀ ਫਰਾਕ ਪਾਕੇ ਦਰਬਾਰ ਸਾਹਿਬ ਅੰਦਰ ਦਾਖਿਲ ਹੋਣਾ ਚਾਹੁੰਦੀ ਸੀ ਅਤੇ ਉਸ ਨੂੰ ਰੋਕ ਕੇ ਫਰਾਕ ਦੇ ਨਾਲ ਸਲਵਾਰ ਪਾ ਕੇ ਆਉਣ ਨੂੰ ਕਿਹਾ। ਇਸ ਗੱਲ ਨੂੰ ਲੜਕੀ ਨੇ ਪਹਿਲਾਂ ਤਾਂ ਮੰਨ ਲਿਆ ਅਤੇ ਫਿਰ ਕੁੱਝ ਦੂਰ ਜਾ ਕੇ ਆਪਣੇ ਪਰਿਵਾਰਕ ਮੈਂਬਰਾਂ ਨਲ ਪਰਤ ਆਈ। ਲੜਕੀ ਦੇ ਚਿਹਰੇ ਉੱਤੇ ਰਾ਼ਸ਼ਟਰੀ ਝੰਡੇ ਦੀਆਂ ਤਸਵੀਰਾਂ ਬਣੀਆਂ ਸਨ। ਸੇਵਾਦਾਰ ਸਰਬਦੀਪ ਸਿੰਘ ਨੇ ਉਕਤ ਪਰਿਵਾਰ ਨੂੰ ਰੋਕ ਕੇ ਲੜਕੀ ਦਾ ਚਿਹਰਾ ਸਾਫ ਕਰਕੇ ਜਾਣ ਦੀ ਬੇਨਤੀ ਕੀਤੀ, ਜਿਸ ਉੱਤੇ ਇਹ ਪਰਿਵਾਰ ਭੜਕ ਉੱਠਿਆ। ਸੇਵਾਦਾਰ ਆਪਣੇ ਸਟੈਂਡ ਉੱਤੇ ਕਾਇਮ ਰਿਹਾ। ਜਦ ਕੋਈ ਚਾਰਾ ਨਹੀ ਚੱਲਿਆ ਤਾਂ ਲੜਕੀ ਨੇ ਰਾਸ਼ਟਰਵਾਦ ਦੀ ਦੁਹਾਈ ਦੇਣੀ ਸ਼ੁਰੂ ਕਰ ਦਿੱਤੀ ਅਤੇ ਬਾਰ- ਬਾਰ, "ਯਹ ਇੰਡੀਆ ਨਹੀਂ ਹੈ ਕਯਾ ਸਵਾਲ ਕਰਦੀ ਰਹੀ,'। ਪਰਿਵਾਰ ਅਤੇ ਕੁੜੀ ਨੇ ਉਕਤ ਸੇਵਾਦਾਰ ਪ੍ਰਤੀ ਬੇਹੱਦ ਹਲਕੇ ਪੱਧਰ ਦੀ ਸ਼ਬਦਾਵਲੀ ਵੀ ਵਰਤੀ। ਇਸ ਘਟਨਾਂ ਤੋ ਬਾਅਦ ਸਿੱਖ ਚਿੰਤਕ ਸ਼੍ਰੋਮਣੀ ਕੋਲੋਂ ਮੰਗ ਕਰ ਰਹੇ ਹਨ ਕਿ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਅਤੇ ਅੰਦਰ ਦਾਖਿਲ ਹੋਣ ਲਈ ਨਿਯਮਾਂ ਦੀ ਸੂਚੀ ਵੱਖ-ਵੱਖ ਭਾਸ਼ਵਾਂ ਵਿੱਚ ਲਗਾਈ ਜਾਵੇ ਤਾਂ ਕਿ ਭਵਿੱਖ ਵਿੱਚ ਅਜਿਹਾ ਨਾ ਵਾਪਰੇ।
ਇਹ ਵੀ ਪੜ੍ਹੋ: ਕਣਕ ਦੇ ਰੇਟ 'ਚ ਕਟੌਤੀ ਦਾ ਮਾਮਲਾ, ਕਿਸਾਨਾਂ ਨੇ ਰੇਲਵੇ ਟਰੈਕ ਕੀਤੇ ਜਾਮ