ਚੰਡੀਗੜ੍ਹ : ਅੱਜ ਪ੍ਰੈੱਸ ਕਲੱਬ ਵਿਖੇ ਸਿੱਖ ਸੇਵਕ ਸਭਾ ਵੱਲੋਂ ਇੱਕ ਪ੍ਰੈੱਸ ਕਾਨਫਰੰਸ ਕਰਵਾਈ ਗਈ, ਜਿਸ ਵਿੱਚ ਇਤਿਹਾਸਕ ਗੁਰਦੁਆਰਾ ਗਿਆਨ ਗੋਦੜੀ, ਹਰਿਦੁਆਰ ਉਤਰਾਖੰਡ ਨੂੰ ਮੁੜ ਸੁਰਜੀਤ ਕਰਨ ਦੀ ਜ਼ਰੂਰਤ ਬਾਰੇ ਗੱਲਬਾਤ ਕੀਤੀ ਗਈ।
ਇਸ ਦੌਰਾਨ ਸਿੱਖ ਸੇਵਕ ਸਭਾ ਦੇ ਮੈਂਬਰ ਅਤੇ ਸਾਬਕਾ ਇੰਟੈਲੀਜੈਂਸ ਡੀਜੀਪੀ ਐੱਮਪੀਐੱਸ ਔਲਖ, ਇਕਬਾਲ ਸਿੰਘ ਲਾਲਪੁਰਾ, ਜੈ ਬੈਂਸ ਸਿੰਘ ਹੋਰਾਂ ਨੇ ਸਾਂਝੇ ਤੌਰ ਤੇ ਦੱਸਿਆ ਕਿ ਇਹ ਗੁਰਦੁਆਰਾ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ। ਉਨ੍ਹਾਂ ਨੇ ਆਪਣੀ ਪਹਿਲੀ ਉਦਾਸੀ ਜੋ ਕਿ 1500 ਈਸਵੀ ਤੋਂ ਲੈ ਕੇ 1506 ਈਸਵੀ 6 ਸਾਲ ਤੱਕ ਰਹੀ।
ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਔਲਖ ਨੇ ਦੱਸਿਆ ਕਿ ਉਸ ਪਹਿਲੀ ਉਦਾਸੀ ਦੌਰਾਨ ਗੁਰੂ ਜੀ ਨੇ ਗੰਗਾ ਨਦੀ ਦੇ ਕਿਨਾਰੇ ਵਸੇ ਕਸਬੇ ਹਰਿਦੁਆਰ ਵਿੱਚ ਚਰਨ ਪਾਏ ਜਿੱਥੇ ਗੁਰੂ ਜੀ ਨੇ 1504 ਦੀ ਵਿਸਾਖੀ ਦੌਰਾਨ ਹਿੰਦੂ ਪੁਜਾਰੀਆਂ ਨਾਲ ਗੱਲਬਾਤ ਕੀਤੀ ਅਤੇ ਆਪਣੀਆਂ ਸਿੱਖਿਆਵਾਂ ਉਨ੍ਹਾਂ ਨੂੰ ਦਿੱਤੀਆਂ ਉਸ ਜਗ੍ਹਾ ਉੱਤੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਸਥਿਤ ਸੀ।
ਔਲਖ ਨੇ ਇਹ ਵੀ ਦੱਸਿਆ ਕਿ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰ ਕੀ ਪੌੜੀ ਗੰਗਾ ਨਦੀ ਦੇ ਕਿਨਾਰੇ ਹਰਿਦੁਆਰ ਵਿੱਚ ਸਥਿਤ ਸੀ। ਗੁਰਦੁਆਰਾ ਸਾਹਿਬ ਦੀ ਇਮਾਰਤ 1975 ਤੱਕ ਹਰ ਕੀ ਪੌੜੀ ਹਰਿਦੁਆਰ ਵਿੱਚ ਸਥਿਤ ਏਰੀਆ ਲਦੌਰਾ ਹਾਊਸ ਵਿੱਚ ਕਿਰਾਏ ਉੱਤੇ ਲਈ ਹੋਈ ਸੀ ਜੋ ਕਿ ਬਾਅਦ ਵਿੱਚ ਰਾਜਾ ਨਰਿੰਦਰ ਸਿੰਘ ਜੋ ਲਦੌਰਾ ਸਟੇਟ ਦਾ ਰਾਜਾ ਸੀ ਅਤੇ ਲਦੌਰਾ ਹਾਊਸ ਦਾ ਮਾਲਕ ਸੀ ਨੇ ਉਹ ਥਾਂ ਗੁਰਦੁਆਰਾ ਸਾਹਿਬ ਨੂੰ 1980 ਵਿੱਚ ਦਾਨ ਦੇ ਦਿੱਤੀ।
ਬਾਅਦ ਵਿੱਚ ਕਿਸੇ ਕਾਰਨ ਕਰਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਤੋੜ ਦਿੱਤੀ ਗਈ ਸੀ ਹੁਣ ਗੁਰਦੁਆਰਾ ਸਾਹਿਬ ਦੀ ਇਮਾਰਤ ਸਵਾਏ ਇੱਕ ਪਿੱਲਰਾਂ ਦੇ ਜਾਂ ਇੱਕ ਛੋਟੇ ਕਮਰੇ ਦੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਉਸ ਤੋਂ ਬਿਨਾਂ ਹੋਂਦ ਵਿੱਚ ਨਹੀਂ ਹੈ।
ਸਿੱਖ ਸੇਵਕ ਸਭਾ ਦੇ ਵੱਲੋਂ ਗੁਰਦੁਆਰਾ ਸਾਹਿਬ ਦੀ ਅਸਲ ਥਾਂ ਉੱਤੇ ਮੁੜ ਉਸਾਰੀ ਦੇ ਲਈ ਸੰਕਲਪ ਚੁੱਕਣ ਦੀ ਗੱਲ ਕਹੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿੱਥੇ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਉਥੇ ਹੀ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਅਤੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਗਿਆਨ ਗੋਦੜੀ ਮੁੜ ਤੋਂ ਸੁਰਜੀਤ ਹੋਣਾ ਚਾਹੀਦਾ।
ਇਸ ਲਈ ਪਹਿਲਾਂ ਤਾਂ ਸਭਾ ਦੇ ਵੱਲੋਂ ਇੱਕ ਪੱਤਰ ਉੱਤਰਾਖੰਡ ਦੇ ਮੁੱਖ ਮੰਤਰੀ ਨੂੰ ਲਿਖਿਆ ਗਿਆ ਹੈ ਜਿਸ ਦੀ ਇਕ ਕਾਪੀ ਭਾਰਤ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੂੰ ਭੇਜੀ ਗਈ ਹੈ।