ਚੰਡੀਗੜ੍ਹ: ਮੀਡੀਆ ਲੋਕਤੰਤਰ ਦਾ ਚੌਥਾ ਥੰਮ ਮੰਨਿਆ ਜਾਂਦਾ ਹੈ। ਬੋਲਣ ਦੀ ਅਜ਼ਾਦੀ ਮੀਡੀਆ ਦਾ ਸੰਵਿਧਾਨਕ ਅਧਿਕਾਰ ਹੈ, ਪਰ ਅਜੋਕੇ ਦੌਰ ਵਿਚ ਮੀਡੀਆ ਦੀ ਅਜ਼ਾਦੀ ਦੇ ਮਾਇਨੇ ਬਦਲ ਰਹੇ ਹਨ। ਮੀਡੀਆ ਨੂੰ ਇਕ ਧਿਰ ਦਾ ਹੋ ਕੇ ਵਿਚਰਣ ਦਾ ਦਬਾਅ ਅਤੇ ਗੋਦੀ ਮੀਡੀਆ ਵਰਗੇ ਨਾਅਰਿਆਂ ਨਾਲ ਸੰਬੋਧਨ ਕੀਤਾ ਜਾਂਦਾ ਹੈ। ਮੀਡੀਆ ਦਾ ਫਰਜ਼ ਆਮ ਲੋਕਾਂ ਦੀ ਅਵਾਜ਼ ਨੂੰ ਹਾਕਮ ਧਿਰ ਤੱਕ ਪਹੁੰਚਾਉਣਾ ਅਤੇ ਸਮਾਜ ਦੀ ਅਸਲੀ ਸੱਚਾਈ ਨੂੰ ੳਜਾਗਰ ਕਰਨਾ ਪਰ ਹੁਣ ਮੀਡੀਆ ਦੇ ਇੱਕ ਹਿੱਸੇ ਦਾ ਮੰਡੀਕਰਨ ਹੋ ਰਿਹਾ ਅਤੇ ਮੀਡੀਆ ਦੀ ਅਜ਼ਾਦੀ ਦੇ ਉੱਤੇ ਲਗਾਮ ਲੱਗ ਰਹੀ। ਪੰਜਾਬ ਦੇ ਵਿੱਚ ਮੀਡੀਆ ਦੀ ਅਜ਼ਾਦੀ ਨੂੰ ਲੈ ਕੇ ਨਵੀਆਂ ਚਰਚਾਵਾਂ ਛਿੜੀਆਂ ਹਨ।
ਮੀਡੀਆ ਦਾ ਮੂੰਹ ਬੰਦ ਕਰਦੀ ਹਾਕਮ ਧਿਰ: ਮੀਡੀਆ ਦੀ ਅਜ਼ਾਦੀ ਦੀ ਗੱਲ ਜਦੋਂ ਵੀ ਚੱਲਦੀ ਹੈ ਤਾਂ ਇਹ ਵਰਤਾਰਾ ਜ਼ਰੂਰ ਵੇਖਣ ਅਤੇ ਸੁਣਨ ਨੂੰ ਮਿਲਦਾ ਹੈ ਕਿ ਸੱਤਾ 'ਤੇ ਬੈਠੀਆਂ ਸਰਕਾਰਾਂ ਮੀਡੀਆ ਦਾ ਮੂੰਹ ਬੰਦ ਕਰਦੀਆਂ ਹਨ। ਸਰਕਾਰਾਂ ਵੱਲੋਂ ਇੱਕ ਪੱਖੀ ਖ਼ਬਰਾਂ ਚਲਾਉਣ ਦਾ ਦਬਾਅ ਪਾਇਆ ਜਾਂਦਾ ਰਿਹਾ। ਇੰਟਰਨੈਟ ਦੇ ਯੁੱਗ ਵਿੱਚ ਇੱਕ ਪੱਖ ਇਹ ਵੀ ਹੈ ਕਿ ਹਾਕਮ ਧਿਰ ਆਪਣੇ ਮੀਡਆ ਹਾਊਸ, ਸੋਸ਼ਲ ਮੀਡੀਆ ਅਤੇ ਆਈਟੀ ਸੈੱਲ ਮਜ਼ਬੂਤ ਕਰ ਰਹੀ ਹੈ। ਜਿਸ ਨਾਲ ਕਈ ਮੀਡੀਆ ਅਦਾਰਿਆਂ ਦੀ ਟੀਆਰਪੀ ਘਟ ਰਹੀ ਹੈ। ਮੀਡੀਆ ਅਦਾਰਿਆਂ 'ਤੇ ਇਸ ਕਿਸਮ ਦਾ ਦਬਾਅ ਵੀ ਹੈ ਕਿ ਸਰਕਾਰ ਵਿਰੋਧੀ ਖ਼ਬਰਾਂ ਚਲਾੳੇਣ ਵਾਲੇ ਕਈ ਪੱਤਰਕਾਰਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰਨ ਤੱਕ ਦੀ ਨੌਬਤ ਆ ਜਾਂਦੀ ਹੈ। ਜ਼ਿਆਦਾਤਰ ਸਰਕਾਰ ਵਿਰੋਧੀ ਖ਼ਬਰਾਂ ਚਲਾਉਣ ਵਾਲੇ ਅਦਾਰਿਆਂ ਦੀ ਸਰਕਾਰੀ ਇਸ਼ਤਿਹਾਰਬਾਜ਼ੀ ਬੰਦ ਹੋ ਰਹੀ ਹੈ। ਬਹੁਤ ਘੱਟ ਮੀਡੀਆ ਅਦਾਰੇ ਭੈਅ ਮੁਕਤ ਹੋ ਕੇ ਲੋਕਾਂ ਤੱਕ ਸੱਚ ਪਹੁੰਚਾ ਰਹੇ ਹਨ।
ਮੀਡੀਆ ਨਿਰਪੱਖ : ਜਿਸ ਸਮੇਂ ਮੀਡੀਆ ਸਰਕਾਰੀ ਤੰਤਰ ਦਾ ਪਾਣੀ ਭਰ ਰਿਹਾ ਅਤੇ ਦਬਾਅ ਹੇਠਾਂ ਕੰਮ ਕਰ ਰਿਹਾ ਹੈ ਉਸ ਦੌਰ ਵਿਚ ਕਈ ਮੀਡੀਆ ਅਦਾਰੇ ਅਜਿਹੇ ਵੀ ਹਨ ਜੋ ਭੈਅ ਮੁਕਤ ਹੋ ਕੇ ਕੰਮ ਕਰ ਰਹੇ ਹਨ। ਸਰਕਾਰੀ ਇਸ਼ਤਿਹਾਰ ਦੇ ਬੰਦ ਹੋਣ ਦੀ ਨੌਬਤ ਵਿੱਚ ਵੀ ਮੀਡੀਆ ਦੀ ਅਜ਼ਾਦੀ ਕੰਮ ਕਰ ਰਹੀ ਹੈ, ਪਰ ਅਜਿਹਾ ਲੰਮੇ ਸਮੇਂ ਤੱਕ ਕਰ ਪਾਉਣਾ ਬਹੁਤ ਮੁਸ਼ਕਿਲ ਭਰਿਆ ਹੈ। ਸੱਤਾ ਭਾਵੇਂ ਕਿਸੇ ਦੀ ਵੀ ਹੋਵੇ ਕੇਂਦਰ ਦੀ ਜਾਂ ਸੂਬਾ ਦੀ ਕੁੱਝ ਅਦਾਰਿਆਂ ਵੱਲੋਂ ਸਿੱਧਾ ਮੱਥਾ ਲਗਾਇਆ ਜਾਂਦਾ ਹੈ।
ਪੰਜਾਬ 'ਚ ਕਿੰਨਾ ਅਜ਼ਾਦ ਮੀਡੀਆ ?: ਪੰਜਾਬ ਵਿੱਚ ਚੰਡੀਗੜ੍ਹ ਅਤੇ ਜਲੰਧਰ ਦੋ ਵੱਡੇ ਮੀਡੀਆ ਹੱਬ ਹਨ। ਜਿਸ ਉੱਤੇ ਸੁਖਬੀਰ ਬਾਜਵਾ ਕਹਿੰਦੇ ਹਨ ਕਿ ਇੱਥੇ ਡਰ ਦਾ ਮਾਹੌਲ ਲਗਾਤਾਰ ਪੈਦਾ ਹੋ ਰਿਹਾ ਹੈ। ਇੱਕ ਧਿਰ ਦੀ ਨਰਾਜ਼ਗੀ ਅਤੇ ਖੁਸ਼ੀ ਲਈ ਮੀਡੀਆ ਦਾ ਦਾਇਰਾ ਨਿਸ਼ਚਿਤ ਹੈ, ਪਰ ਇਸ ਸਭ ਦੇ ਵਿਚਾਲੇ ਇਕ ਅਫ਼ਸੋਸ ਦੀ ਗੱਲ ਇਹ ਵੀ ਹੈ ਕਿ ਪੰਜਾਬ ਵਿਚ ਸੋਸ਼ਲ ਮੀਡੀਆ ਬੇਲਗਾਮ ਹੋ ਰਿਹਾ ਹੈ ਜਿਸ ਕਰਕੇ ਮੀਡੀਆ ਦੀ ਭਰੋਸੇਯੋਗਤਾ ਵੀ ਖ਼ਤਮ ਹੋ ਰਹੀ ਹੈ ਅਤੇ ਸਭ ਨੂੰ ਇੱਕੋ ਲੜ੍ਹੀ ਵਿੱਚ ਪਰੋਇਆ ਜਾ ਰਿਹਾ ਹੈ। ਜਿਸ ਕਰਕੇ ਸੋਸ਼ਲ ਮੀਡੀਆ ਲਈ ਮਾਪਦੰਡ ਤੈਅ ਕਰਨਾ ਵੀ ਲਾਜ਼ਮੀ ਹੋ ਜਾਂਦਾ ਹੈ। ਬਿਨ੍ਹਾਂ ਸਿਰ-ਪੈਰ ਅਤੇ ਝੂਠੀਆਂ ਖ਼ਬਰਾਂ ਫੈਲਾਉਣ ਦਾ ਚਲਨ ਵੀ ਕਾਫ਼ੀ ਚੱਲਿਆ ਹੋਇਆ ਹੈ।
ਪੱਤਰਕਾਰਾਂ ਦੇ ਟਵਿੱਟਰ ਅਕਾਊਂਟ ਹੋਏ ਬੰਦ: ਸੁਖਬੀਰ ਸਿੰਘ ਬਾਜਵਾ ਕਹਿੰਦੇ ਹਨ ਕਿ ਮੀਡੀਆ ਸਮਾਜ ਵਿੱਚ ਵੱਡਾ ਰੋਲ ਅਦਾ ਕਰਦਾ ਹੈ, ਪਰ ਕਈ ਵਾਰ ਸੰਵੇਦਨਸ਼ੀਲ਼, ਭੜਕਾਊ ਜਾਂ ਗਲਤ ਖ਼ਬਰਾਂ ਨਾਲ ਹਿੰਸਾ ਅਤੇ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਅੰਮ੍ਰਿਤਪਾਲ ਦੇ ਕੇਸ ਵਿੱਚ ਵੀ ਅਜਿਹਾ ਵੇਖਣ ਨੂੰ ਮਿਲਿਆ ਸੀ ਜਦੋਂ ਕਈ ਸੋਸ਼ਲ ਮੀਡੀਆ ਚੈਨਲ ਅਤੇ ਪੱਤਰਕਾਰਾਂ ਦੇ ਟਵਿੱਟਰ ਅਕਾਊਂਟ ਬੰਦ ਕਰ ਦਿੱਤੇ ਗਏ। ਵੈਸੇ ਤਾਂ ਸਰਕਾਰ ਦਾ ਇਹ ਵਰਤਾਰਾ ਗਲਤ ਸੀ ਪਰ ਜਦੋਂ ਇਸ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਸਮਝਿਆ ਜਾਵੇ ਤਾਂ ਇਹ ਖਾਤੇ ਬੰਦ ਕੀਤੇ ਜਾਣੇ ਸਹੀ ਜਾਪਦੇ ਸਨ, ਕਿਉਂਕਿ ਅਜਿਹੀਆਂ ਪੋਸਟਾਂ ਵਾਦ-ਵਿਵਾਦ ਅਤੇ ਬਹਿਸ ਦਾ ਕਾਰਨ ਵੀ ਬਣ ਰਹੀਆਂ ਸਨ। ਇੱਕ ਤਬਕਾ ਅੰਮ੍ਰਿਤਪਾਲ ਦੇ ਸਮਰਥਨ 'ਚ ਸੀ ਅਤੇ ਦੂਜਾ ਵਿਰੋਧ ਵਿੱਚ। ਇਸ ਕਰਕੇ ਦੋ ਫਿਰਕਿਆਂ ਵਿੱਚ ਟਕਰਾਅ ਦੀ ਸਥਿਤੀ ਵੀ ਪੈਦਾ ਹੋ ਸਕਦੀ ਸੀ। ਹਾਲਾਂਕਿ ਸਰਕਾਰ ਨੇ ਬਿਨ੍ਹਾਂ ਸੋਸ਼ਲ ਮੀਡੀਆ ਅਦਾਰਿਆਂ ਅਤੇ ਪੱਤਰਕਾਰਾਂ ਨੂੰ ਸੂਚਿਤ ਕੀਤੇ ਇਹ ਅਕਾਊਂਟ ਬੰਦ ਕੀਤੇ ਉਹ ਸਰਾਸਰ ਮੀਡੀਆ ਦੀ ਅਜ਼ਾਦੀ ਉੱਤੇ ਹਮਲਾ ਸੀ। ਮੀਡੀਆ ਲਈ ਵੀ ਇਹ ਜ਼ਰੂਰੀ ਹੈ ਕਿ ਉਹ ਇੱਕ ਧਿਰ ਬਣਕੇ ਕੰਮ ਨਾ ਕਰੇ ਮੀਡੀਆ ਜਿੰਨਾ ਨਿਰਪੱਖ ਅਤੇ ਨਿਧੱੜਕ ਹੋਵੇਗਾ ਓਨਾ ਹੀ ਚੰਗਾ ਹੋਵੇਗਾ।