ਚੰਡੀਗੜ੍ਹ : ਪੰਜਾਬ ਦੀਆਂ ਜੇਲ੍ਹਾਂ ਗੈਂਗਸਟਰਾਂ ਲਈ ਮਹਿਫੂਜ਼ ਹਨ, ਜਿੱਥੇ ਬੈਠ ਕੇ ਉਹ ਫਿਰੌਤੀਆਂ ਮੰਗਦੇ ਹਨ ਅਤੇ ਆਪਣੇ 'ਆਪ' ਨੂੰ ਸੁਰੱਖਿਅਤ ਮਹਿਸੂਸ ਕਰਦੇ ਹਨ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਇਕ ਇੰਟਰਵਿਊ ਦੌਰਾਨ ਕਿਹਾ ਕਿ ਕਿਸੇ ਸਮੇਂ ਗੈਂਗਸਟਰ ਪੰਜਾਬ ਦੀਆਂ ਜੇਲ੍ਹਾਂ ਵਿਚ ਆਉਣ ਤੋਂ ਡਰਦੇ ਸਨ, ਪਰ ਹੁਣ ਦੇ ਸਮੇਂ ਪੰਜਾਬ ਦੀਆਂ ਜੇਲ੍ਹਾਂ ਗੈਂਗਸਟਰਾਂ ਦੀ ਮਨਪਸੰਦ ਥਾਂ ਹਨ। ਪੰਜਾਬ ਦੀਆਂ ਜੇਲ੍ਹਾਂ ਕਈ ਵਾਰ ਚਰਚਾ ਦਾ ਵਿਸ਼ਾ ਰਹੀਆਂ ਹਨ।
ਜੇਲ੍ਹਾਂ 'ਚ ਬੰਦ ਕੈਦੀਆਂ 'ਚ ਗੈਂਗਵਾਰ, ਜੇਲ੍ਹਾਂ ਅੰਦਰੋਂ ਮੋਬਾਇਲ ਫੋਨ ਅਤੇ ਨਸ਼ਾ ਮਿਲਣ ਦੀਆਂ ਖ਼ਬਰਾਂ ਨਸ਼ਰ ਹੁੰਦੀਆਂ ਰਹਿੰਦੀਆਂ ਹਨ, ਜਿਸਤੋਂ ਬਾਅਦ ਪੰਜਾਬ ਦੇ ਜੇਲ੍ਹ ਵਿਭਾਗ ਉੱਤੇ ਲਗਾਤਾਰ ਸਵਾਲ ਉੱਠਦੇ ਰਹੇ। ਹੁਣ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਇਕ ਵਾਰ ਫਿਰ ਤੋਂ ਪੰਜਾਬ ਦੀਆਂ ਜੇਲ੍ਹਾਂ ਦੇ ਪ੍ਰਬੰਧਾਂ ਨੂੰ ਗੈਂਗਸਟਰਾਂ ਲਈ ਢੁੱਕਵਾਂ ਦੱਸਿਆ ਹੈ। ਜੁਰਮ ਦੇ ਬਾਦਸ਼ਾਹ ਜੇਲ੍ਹਾਂ ਵਿਚ ਐਸ਼ ਪ੍ਰਸਤੀ ਕਰ ਰਹੇ ਹਨ। ਇਸਦੇ ਪਿੱਛੇ ਸਭ ਤੋਂ ਵੱਡੇ ਕਾਰਨ ਜੋ ਹੁਣ ਤੱਕ ਸਾਹਮਣੇ ਆਏ ਉਹਨਾਂ ਵਿਚ ਜੇਲ੍ਹਾਂ ਦੇ ਮਾੜੇ ਪ੍ਰਬੰਧ, ਸਿਆਸੀ ਸ਼ਹਿ ਅਤੇ ਪੁਲਿਸ ਦੀ ਮਿਲੀਭੁਗਤ ਹਨ।
ਗੈਂਗਸਟਰਾਂ ਲਈ ਮਸਤੀ ਦਾ ਅੱਡਾ ਬਣੀਆਂ ਪੰਜਾਬ ਦੀਆਂ ਜੇਲ੍ਹਾਂ ? : ਪੰਜਾਬ ਦੀਆਂ ਜੇਲ੍ਹਾਂ ਗੈਂਗਸਟਰਾਂ ਲਈ ਮਸਤੀ ਦਾ ਅੱਡਾ ਹਨ ਜਾਂ ਨਹੀਂ ਇਸਦਾ ਅੰਦਾਜ਼ਾ ਤਾਂ ਪਿਛਲੇ ਕੁਝ ਸਾਲਾਂ 'ਚ ਜੇਲ੍ਹਾਂ ਅੰਦਰ ਹੋਈਆਂ ਘਟਨਾਵਾਂ ਤੋਂ ਲਗਾਇਆ ਜਾ ਸਕਦਾ ਹੈ। ਯੂਪੀ ਦੇ ਗੈਂਗਸਟਰ ਮੁਖਤਾਰ ਅੰਸਾਰੀ ਅਤੇ ਜੱਗੂ ਭਗਵਾਨਪੁਰੀਆ ਨੂੰ ਜੇਲ੍ਹ 'ਚ ਮਿਲਦੇ ਵੀਆਈਪੀ ਟ੍ਰੀਟਮੈਂਟ ਦੇ ਬਵਾਲ ਤੋਂ ਲਗਾਇਆ ਜਾ ਸਕਦਾ ਹੈ। ਪੰਜਾਬ ਦੀਆਂ ਵੱਡੀਆਂ ਜੇਲ੍ਹਾਂ ਬਠਿੰਡਾ, ਫਰੀਦਕੋਟ, ਪਟਿਆਲਾ, ਲੁਧਿਆਣਾ, ਅੰਮ੍ਰਿਤਸਰ ਅਤੇ ਰੂਪਨਗਰ ਜੇਲ੍ਹਾਂ ਵਿਚ ਆਏ ਦਿਨ ਫੋਨ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਆਏ ਦਿਨ ਨਸ਼ੀਲੇ ਪਦਾਰਥ ਪੰਜਾਬ ਦੀਆਂ ਜੇਲ੍ਹਾਂ ਵਿਚੋਂ ਬਰਾਮਦ ਹੋ ਰਹੇ ਹਨ। ਇਥੋਂ ਤੱਕ ਜੇਲ੍ਹਾਂ ਅੰਦਰ ਗੈਂਗਸਟਰਾਂ ਵੱਲੋਂ ਪਾਰਟੀਆਂ ਕਰਨ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਅਪ੍ਰੈਲ 2018 'ਚ ਫਰੀਦਕੋਟ ਜੇਲ੍ਹ 'ਚ ਬੰਦ ਗੈਂਗਸਟਰ ਭਾਰਤ ਭੂਸ਼ਣ ਉਰਫ਼ ਭੋਲਾ ਸ਼ੂਟਰ ਨੇ ਆਪਣਾ ਜਨਮ ਦਿਨ ਮਨਾਇਆ, ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਆਪਣੇ ਸੋਸ਼ਲ ਮੀਡੀਆ 'ਤੇ ਸਾਂਝੀਆ ਕੀਤੀਆਂ। ਹਾਲ ਹੀ 'ਚ 27 ਜੂਨ ਨੂੰ ਫਿਰੋਜ਼ਪੁਰ ਜੇਲ੍ਹ ਵਿਚੋਂ ਵੀ ਅਜਿਹੀਆਂ ਹੀ ਤਸਵੀਰਾਂ ਸਾਹਮਣੇ ਆਈਆਂ ਜਿਥੇ ਇਕ ਕੈਦੀ ਵੱਲੋਂ ਸੋਸ਼ਲ ਮੀਡੀਆ ਉਤੇ ਲਾਈਵ ਆਪਣਾ ਜਨਮ ਦਿਨ ਮਨਾਇਆ ਗਿਆ। ਸਤੰਬਰ 2022 'ਚ ਕੇਂਦਰੀ ਜੇਲ੍ਹ ਕਪੂਰਥਲਾ ਵਿਚੋਂ ਵੀ ਅਜਿਹੀਆਂ ਵੀਡੀਓਜ਼ ਸਾਹਮਣੇ ਆਈਆਂ ਜਿਥੇ ਖੂੰਖਾਰ ਬਦਮਾਸ਼ ਫਤਿਹ ਨੇ ਆਪਣਾ ਜਨਮ ਦਿਨ ਮਨਾ ਕੇ ਫੇਸਬੁੱਕ 'ਤੇ ਤਸਵੀਰਾਂ ਸਾਂਝੀਆਂ ਕੀਤੀਆਂ। ਇਹ ਤਾਂ ਕੁਝ ਹੀ ਘਟਨਾਵਾਂ ਹਨ, ਜਿਨ੍ਹਾਂ ਦਾ ਜ਼ਿਕਰ ਕੀਤਾ ਗਿਆ ਹੈ ਅਜਿਹੇ ਮਾਮਲਿਆਂ ਦੀ ਕਤਾਰ ਬਹੁਤ ਲੰਬੀ ਹੈ।
- ਮੇਲੇ ਵਿੱਚ ਪਕੌੜਿਆਂ ਦੀ ਵੰਡ ਨੂੰ ਲੈ ਕੇ ਨੌਜਵਾਨਾਂ 'ਚ ਖੜਕੀ, ਘੜੁੱਕੇ ਨੂੰ ਵੀ ਚਾੜੀ ਅੱਗ
- ਲੁਧਿਆਣਾ 'ਚ ਮੀਂਹ ਨੇ ਲੋਕਾਂ ਨੂੰ ਦਿੱਤਾ ਸੁੱਖ ਦਾ ਸਾਹ, ਸੜਕਾਂ 'ਤੇ ਬਣੇ ਹੜ੍ਹ ਵਰਗੇ ਹਾਲਾਤ, ਦੇਖੋ ਕਿਵੇਂ ਲੱਗੀਆਂ ਟ੍ਰੈਫਿਕ ਦੀਆਂ ਬ੍ਰੇਕਾਂ
- ਸਪੈਸ਼ਲ ਓਲੰਪਿਕ ਗੇਮਜ਼ 'ਚ ਗੋਲਡ ਮੈਡਲ ਜਿੱਤਣ ਵਾਲੇ ਖਿਡਾਰੀ ਹਰਜੀਤ ਸਿੰਘ ਦਾ ਫਰੀਦਕੋਟ ਪਹੁੰਚਣ 'ਤੇ ਭਰਵਾਂ ਸਵਾਗਤ
ਜੇਲ੍ਹਾਂ ਦੇ ਮਾੜੇ ਪ੍ਰਬੰਧ ! : ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਨੇ ਬਵਾਲ ਮਚਾ ਦਿੱਤਾ, ਜਿਸ ਸਮੇਂ ਇਹ ਇੰਟਰਵਿਊ ਹੋਈ ਉਸ ਸਮੇਂ ਲਾਰੈਂਸ ਬਿਸ਼ਨੋਈ ਬਠਿੰਡਾ ਜੇਲ੍ਹ ਵਿਚ ਬੰਦ ਸੀ। ਹਾਲਾਂਕਿ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਸਤੋਂ ਇਨਕਾਰ ਕੀਤਾ ਕਿ ਇਹ ਇੰਟਰਵਿਊ ਪੰਜਾਬ ਦੀ ਕਿਸੇ ਜੇਲ੍ਹ ਵਿਚ ਨਹੀਂ ਹੋਈ ਹੈ। ਫਰਵਰੀ 2023 ਵਿਚ ਗੋਇੰਦਵਾਲ ਜੇਲ੍ਹ 'ਚ ਗੈਂਗਵਾਰ ਹੋਈ, ਜਿਸ ਵਿਚ ਮਨਦੀਪ ਤੂਫ਼ਾਨ ਅਤੇ ਮੋਹਨ ਸਿੰਘ ਮੋਹਨਾ ਦਾ ਕਤਲ ਕਰ ਦਿੱਤਾ ਗਿਆ। ਇਹ ਦੋਵੇਂ ਗੈਂਗਸਟਰ ਸਿੱਧੂ ਮੂਸੇਵਾਲਾ ਕਤਲ ਵਿਚ ਨਾਮਜ਼ਦ ਸਨ। ਜੂਨ 2019 'ਚ ਨਾਭਾ ਦੀ ਹਾਈ ਸਿਕਓਰਿਟੀ ਜੇਲ੍ਹ 'ਚ ਬੰਦ ਮਹਿੰਦਰਪਾਲ ਬਿੱਟੂ ਦਾ ਕਤਲ ਹੁੰਦਾ ਹੈ ਮਹਿੰਦਰਪਾਲ ਬਿੱਟੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਚ ਨਾਮਜ਼ਦ ਸੀ। ਸਾਲ 2016 'ਚ ਨਾਭਾ ਦੀ ਹਾਈ ਸਿਕਓਰਿਟੀ ਜੇਲ੍ਹ ਤੋੜ ਕੇ ਦੋ ਗੈਂਗਸਟਰ ਨੀਟਾ ਦਿਓਲ ਅਤੇ ਗੁਰਪ੍ਰੀਤ ਸੇਖੋਂ ਫਰਾਰ ਹੋਏ ਸਨ। ਨਾਭਾ ਪੰਜਾਬ ਦੀਆਂ ਹਾਈ ਸਿਕਓਰਿਟੀ ਜੇਲ੍ਹਾਂ ਵਿਚੋਂ ਇਕ ਹੈ।
ਕੁਝ ਸਮਾਂ ਪਹਿਲਾਂ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕਾਮਨ ਵੈਲਥ ਹਿਊਮਨ ਰਾਈਟਸ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਇੱਕ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਸੀ ਕਿ ਪੰਜਾਬ ਦੀਆਂ ਜੇਲ੍ਹਾਂ ਦੀ ਹਾਲਤ ਬਹੁਤ ਤਰਸਯੋਗ ਹੈ। ਇੱਕ ਪਾਸੇ ਜਿੱਥੇ ਇਨ੍ਹਾਂ ਵਿੱਚ ਕੈਦੀਆਂ ਦੀ ਗਿਣਤੀ ਵੱਧ ਹੈ, ਉੱਥੇ ਹੀ 10 ਜੇਲ੍ਹਾਂ ਦੇ ਤੁਰੰਤ ਨਵੀਨੀਕਰਨ ਦੀ ਲੋੜ ਹੈ। ਇਸ ਤੋਂ ਇਲਾਵਾ ਜੇਲ੍ਹਾਂ ਵਿੱਚ ਸਟਾਫ਼ ਦੀ ਘਾਟ ਹੈ। ਜ਼ਿਆਦਾਤਰ ਜੇਲ੍ਹਾਂ ਬਹੁਤ ਪੁਰਾਣੀਆਂ ਹਨ। ਪੰਜਾਬ ਦੀਆਂ ਸੱਤ ਕੇਂਦਰੀ ਜੇਲ੍ਹਾਂ ਸਮੇਤ ਕੁੱਲ 27 ਜੇਲ੍ਹਾਂ ਹਨ ਅਤੇ ਇਨ੍ਹਾਂ ਵਿੱਚ ਕਰੀਬ 33,000 ਕੈਦੀ ਬੰਦ ਹਨ। ਇਸ ਤੋਂ ਇਲਾਵਾ ਇੱਕ ਮਹਿਲਾ ਜੇਲ੍ਹ ਜੋ ਕਿ ਲੁਧਿਆਣਾ ਵਿਚ ਹੈ ਇੱਕ ਬੋਰਸਟਲ ਸਕੂਲ ਅਤੇ ਇੱਕ ਖੁੱਲ੍ਹੀ ਜੇਲ੍ਹ ਵੀ ਹੈ।
ਜੇਲ੍ਹਾਂ ਵਿਚ ਨਸ਼ੇ ਅਤੇ ਮੋਬਾਈਲ ਨੈਟਵਰਕ : ਅਕਤੂਬਰ 2022 'ਚ ਉਸ ਵੇਲੇ ਦੇ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਜੇਲ੍ਹਾਂ ਵਿਚੋਂ ਫੋਨ ਮਿਲਣ ਦਾ ਅੰਕੜਾ ਸਾਂਝਾ ਕੀਤਾ ਸੀ। ਉਹਨਾਂ ਨੇ ਦੱਸਿਆ ਕਿ ਪਿਛਲੇ 6 ਮਹੀਨਿਆਂ ਦੌਰਾਨ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚੋਂ 3600 ਦੇ ਕਰੀਬ ਮੋਬਾਈਲ ਫ਼ੋਨ ਬਰਾਮਦ ਕੀਤੇ ਗਏ। ਹਰਜੋਤ ਬੈਂਸ ਵੱਲੋਂ ਇਹ ਵੀ ਖੁਲਾਸਾ ਕੀਤਾ ਗਿਆ ਸੀ ਕਿ ਵਿਭਾਗ ਵੱਲੋਂ ਹਰੇਕ ਜੇਲ੍ਹ ਵਿੱਚ ਕੀਤੇ ਸਰਵੇਖਣ ਅਨੁਸਾਰ 33,000 ਕੈਦੀਆਂ ਵਿੱਚੋਂ 46% ਨਸ਼ੇ ਦੇ ਆਦੀ ਹਨ। ਹਰਜੋਤ ਬੈਂਸ ਵੱਲੋਂ ਸਾਂਝਾ ਕੀਤਾ ਇਹ ਅੰਕੜਾ ਮਈ ਤੋਂ ਅਕਤੂਬਰ 2022 ਤੱਕ ਦਾ ਹੈ। ਜੇਲ੍ਹਾਂ ਵਿਚੋਂ ਫੋਨ ਅਤੇ ਨਸ਼ੇ ਮਿਲਣ ਦਾ ਵਰਤਾਰਾ ਕੋਈ ਅੱਜ ਦਾ ਨਹੀਂ ਹੈ ਬਲਿਕ ਦਹਾਕੇ ਤੋਂ ਵੀ ਪਹਿਲਾਂ ਦਾ ਚੱਲਦਾ ਆ ਰਿਹਾ ਹੈ। ਸਵਾਲ ਤਾਂ ਇਹ ਹੈ ਕਿ ਜੇਲ੍ਹਾਂ ਨੂੰ ਸੁਧਾਰ ਘਰ ਕਿਹਾ ਜਾਂਦਾ ਹੈ ਆਖਿਰ ਇਹਨਾਂ ਸੁਧਾਰ ਘਰਾਂ ਵਿਚ ਵਿਗਾੜ ਕਿਵੇਂ ਪੈਦਾ ਹੋਏ ?
ਪੰਜਾਬ ਨਾਲ ਗੈਂਗਸਟਰਾਂ ਦਾ ਮੋਹ : ਪੰਜਾਬ ਦੀਆਂ ਜੇਲ੍ਹਾਂ ਵਿਚ ਦਿਲਪ੍ਰੀਤ ਬਾਬਾ, ਸੁੱਖਾ ਕਾਹਲਵਾਂ, ਵਿੱਕੀ ਗੋਂਡਰ, ਜੈਪਾਲ ਭੁੱਲਰ, ਪ੍ਰੇਮਾ ਲਾਹੌਰੀਆ, ਨੀਟਾ ਦਿਓਲ, ਕੁਲਬੀਰ ਨਰੂਆਣਾ, ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਅਤੇ ਮੁਖਤਾਰ ਅੰਸਾਰੀ ਵਰਗੇ ਗੈਂਗਸਟਰ ਰਹੇ ਹਨ। ਪੰਜਾਬ 'ਚ ਗੈਂਗਸਟਰ ਕਲਚਰ ਦੀ ਸ਼ੁਰੂਆਤ ਦਹਾਕਿਆਂ ਪਹਿਲਾਂ ਹੋਈ ਸੀ। ਪੰਜਾਬ ਵਿੱਚ ਮੌਜੂਦਾ ਸਮੇਂ ਲਗਭਗ 70 ਗੈਂਗ ਹੋਣ ਦਾ ਅੰਦਾਜ਼ਾ ਹੈ ਜੋ ਅਗਵਾ, ਕਤਲ, ਲੁੱਟ-ਖੋਹ ਅਤੇ ਹੋਰ ਜੁਰਮਾਂ ਵਿੱਚ ਸ਼ਾਮਲ ਹਨ। ਬੀਤੇ ਸਾਲਾਂ ਵਿੱਚ ਕਈ ਗ੍ਰਿਫਤਾਰੀਆਂ ਅਤੇ ਪੁਲਿਸ ਮੁਕਾਬਲਿਆਂ ਨਾਲ ਗੈਂਗਸਟਰ ਕਲਚਰ ਉਤੇ ਲਗਾਮ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲ ਹੀ 'ਚ ਐਨਆਈਏ ਵੱਲੋਂ 8 ਗੈਂਗਸਟਰਾਂ ਨੂੰ ਮੋਸਟ ਵਾਂਟੇਡ ਐਲਾਨਿਆ ਗਿਆ ਹੈ ਜਿਨ੍ਹਾਂ ਵਿਚੋਂ ਗੌਰਵ ਪਟਿਆਲ ਚੰਡੀਗੜ੍ਹ ਦੇ ਖੁੱਡਾ ਲਾਹੌਰਾ ਨਾਲ ਸਬੰਧਤ ਹੈ। ਅਰਸ਼ ਡੱਲਾ, ਗੁਰਵਿੰਦਰ ਸਿੰਘ ਉਰਫ਼ ਬਾਬਾ ਡੱਲਾ ਅਤੇ ਸੁੱਖਾ ਦੁਨੇਕੇ ਪੰਜਾਬ ਦੇ ਵੱਖ- ਵੱਖ ਸ਼ਹਿਰਾਂ ਨਾਲ ਸਬੰਧ ਰੱਖਦੇ ਹਨ। ਗੋਲਡੀ ਬਰਾੜ, ਹਰਿੰਦਰ ਰਿੰਦਾ ਵਰਗੇ ਗੈਂਗਸਟਰ ਭਾਰਤ ਤੋਂ ਬਾਹਰ ਬੈਠ ਕੇ ਪੰਜਾਬ ਵਿਚ ਆਪਣੇ ਗੁਰਗਿਆਂ ਦਾ ਸਰਗਰਮ ਨੈਟਵਰਕ ਚਲਾ ਰਹੇ ਹਨ।
"ਅਜਿਹਾ ਨਹੀਂ ਹੈ ਕਿ ਇਹ ਵਰਤਾਰਾ ਸਿਰਫ਼ ਪੰਜਾਬ ਦੀਆਂ ਜੇਲ੍ਹਾਂ ਵਿਚ ਹੀ ਹੈ। ਦੇਸ਼ ਭਰ ਵਿਚ ਅਜਿਹਾ ਕੁਝ ਵੇਖਣ ਨੂੰ ਮਿਲਦਾ ਹੈ। ਸਾਰੇ ਦੇਸ਼ ਵਿਚ ਜੇਲ੍ਹਾਂ ਅੰਦਰ ਅਮਨ ਕਾਨੂੰਨ ਦੇ ਪ੍ਰਬੰਧ ਚਰਮਰਾ ਰਹੇ ਹਨ। ਰਹੀ ਗੱਲ ਗੈਂਗਸਟਰਾਂ ਦੀ ਤਾਂ ਮਾਫ਼ੀਆ ਅਤੇ ਸਿਆਸਤਦਾਨਾਂ ਨਾਲ ਉਹਨਾਂ ਦੇ ਸਬੰਧਾਂ ਦਾ ਵਰਤਾਰਾ ਪੂਰੇ ਦੇਸ਼ ਵਿਚ ਹੈ।" - ਸੋਸ਼ਲ ਐਕਟੀਵਿਸਟ ਡਾ. ਪਿਆਰੇ ਲਾਲ ਗਰਗ
"ਦੇਸ਼ ਦੇ ਹੋਰਨਾਂ ਸੂਬਿਆਂ ਦੀਆਂ ਜੇਲ੍ਹਾਂ ਵਿਚ ਬੰਦ ਗੈਂਗਸਟਰ ਵੀ ਜੇਲ੍ਹਾਂ ਅੰਦਰ ਮੌਜਾਂ ਮਾਣ ਰਹੇ ਹਨ। ਬਾਕੀਆਂ ਵਾਂਗ ਪੰਜਾਬ ਦਾ ਜੇਲ੍ਹ ਪ੍ਰਬੰਧ ਵੀ ਮਾੜਾ ਹੈ ਪੰਜਾਬ ਦੀਆਂ ਜੇਲ੍ਹਾਂ ਵਿਚ ਸੁਧਾਰ ਲਿਆਉਣ ਲਈ ਤਾਂ ਜੇਲ੍ਹਾਂ ਦੀ ਨਿਗਰਾਨੀ ਬੀਐਸਐਫ ਨੂੰ ਦਿੱਤੀ ਗਈ ਹੈ। ਜੇਲ੍ਹਾਂ ਦਾ ਪ੍ਰਬੰਧਾਂ ਚੰਗੇ ਕਰਨ ਦੇ ਦਾਅਵੇ ਤਾਂ ਕੀਤੇ ਗਏ ਪਰ ਅਜੇ ਤੱਕ ਇਹਨਾਂ ਵਿਚ ਸੁਧਾਰ ਨਹੀਂ ਕੀਤਾ ਜਾ ਸਕਿਆ। ਪੰਜਾਬ ਵਿਚ ਜ਼ਿਆਦਾ ਮਾੜਾ ਇਸ ਲਈ ਲੱਗਦਾ ਹੈ ਕਿਉਕਿ ਅਸੀਂ ਪੰਜਾਬ ਨੂੰ ਨੇੜਿਓ ਵੇਖ ਰਹੇ ਹਾਂ ਅਤੇ ਸਾਡਾ ਸਰੋਕਾਰ ਪੰਜਾਬ ਨਾਲ ਹੈ। ਜੇਲ੍ਹਾਂ ਵਿਚ ਬਹੁਤ ਸਾਰੇ ਸੁਧਾਰ ਕਰਨ ਦੀ ਲੋੜ ਹੈ ਜਿਸ ਵੱਲ ਸਰਕਾਰ ਧਿਆਨ ਦੇਵੇ। " - ਸੋਸ਼ਲ ਐਕਟੀਵਿਸਟ ਡਾ. ਪਿਆਰੇ ਲਾਲ ਗਰਗ