ਚੰਡੀਗੜ੍ਹ: ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਡਾ ਦੋਸ਼ ਲਗਾਇਆ ਹੈ। ਉਹਨਾਂ ਮੰਗ ਕੀਤੀ ਹੈ ਕਿ ਐੱਸਸੀ ਭਾਈਚਾਰੇ ਦੇ ਸਾਬਕਾ ਫੌਜੀਆਂ 'ਤੇ ਦੋ ਹੋਰਨਾਂ ਨੂੰ ਪੰਜਾਬ ਪੁਲਿਸ ਵਿਚ ਭਰਤੀ ਕਰਵਾਉਣ ਦੇ ਨਾਂ ’ਤੇ ਮਾਰੀ 45 ਲੱਖ ਰੁਪਏ ਦੀ ਠੱਗੀ ਦਾ ਕੇਸ ਦਰਜ ਕੀਤਾ ਜਾਵੇ। ਇਥੇ ਸਾਬਕਾ ਫੌਜੀਆਂ ਜਿਹਨਾਂ ਨੇ ਪੰਜਾਬ ਪੁਲਿਸ ’ਤੇ ਉਹਨਾ ਦੀਆਂ ਸ਼ਿਕਾਇਤਾਂ ਦੇ ਬਾਵਜੂਦ ਸਾਬਕਾ ਮੁੱਖ ਮੰਤਰੀ ਦਾ ਨਾਂ ਐੱਫਆਈਆਰ ਵਿੱਚ ਸ਼ਾਮਲ ਨਾ ਕਰਨ ਦੇ ਦੋਸ਼ ਲਗਾਏ, ਇਸਦੇ ਸਮੇਤ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਜੀਠੀਆ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਚੰਨੀ ਨਾਲ ਅੰਦਰਖਾਤੇ ਸਮਝੌਤਾ ਹੋ ਗਿਆ ਹੈ ਤੇ ਇਸੇ ਕਾਰਨ ਪੁਲਿਸ ਵੱਲੋਂ ਇਸ ਕੇਸ ਵਿਚ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਮਜੀਠੀਆ ਨੇ ਵੇਰਵੇ ਸਾਂਝੇ ਕੀਤੇ : ਕੇਸ ਦੇ ਵੇਰਵੇ ਸਾਂਝੇ ਕਰਦਿਆਂ ਮਜੀਠੀਆ ਨੇ ਕਿਹਾ ਕਿ ਚਾਰ ਸਾਬਕਾ ਫੌਜੀਆਂ ਨੇ ਚੰਨੀ ਦੇ ਕਰੀਬੀ ਦਲਜੀਤ ਸਿੰਘ ਕੋਲ ਪਹੁੰਚ ਕੀਤੀ ਜਿਸਨੇ ਵਾਅਦਾ ਕੀਤਾ ਕਿ ਉਹਨਾਂ ਨੂੰ ਪੰਜਾਬ ਪੁਲਿਸ ਵਿਚ ਸਬ ਇੰਸਪੈਕਟਰ ਭਰਤੀ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਦੋ ਹੋਰਨਾਂ ਜਿਹਨਾਂ ਨੇ ਦਲਜੀਤ ਨੂੰ ਮੋਟੀਆਂ ਰਕਮਾਂ ਦਿੱਤੀਆਂ, ਨੂੰ ਪੰਜਾਬ ਪੁਲਿਸ ਵਿਚ ਨੌਕਰੀਆਂ ਦਾ ਵਾਅਦਾ ਕੀਤਾ ਗਿਆ। ਇਕ ਸਾਬਕਾ ਫੌਜੀ ਗੁਰਦਿਆਲ ਸਿੰਘ ਨੇ ਸਾਰੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਦਲਜੀਤ ਸਿੰਘ ਦੇ ਨਾਲ ਚੰਨੀ ਨੂੰ ਮਿਲੇ ਸਨ ਤੇ ਬੇਨਤੀ ਕੀਤੀ ਸੀ ਕਿ ਉਹਨਾਂ ਨੂੰ ਪੰਜਾਬ ਪੁਲਿਸ ਵਿਚ ਸਬ ਇੰਸਪੈਕਟਰ ਵਜੋਂ ਭਰਤੀ ਕੀਤਾ ਜਾਵੇ।
ਉਹਨਾਂ ਕਿਹਾ ਕਿ ਜਦੋਂ ਉਹਨਾਂ ਨੇ ਚੰਨੀ ਕੰਮ ਵਾਸਤੇ ’ਸੇਵਾ ਪਾਣੀ’ ਪੁੱਛਿਆ ਤਾਂ ਚੰਨੀ ਨੇ ਉਹਨਾਂ ਨੂੰ ਆਖਿਆ ਕਿ ਉਹ ਆਪਣੇ ਵੱਲੋਂ ਸਭ ਕੁਝ ਦਲਜੀਤ ਸਿੰਘ ਨੂੰ ਦੱਸ ਦੇਣਗੇ। ਗੁਰਮੇਲ ਸਿੰਘ ਨੇ ਦੱਸਿਆ ਕਿ ਇਸ ਉਪਰੰਤ ਉਸਨੇ 17 ਲੱਖ ਰੁਪਏ ਅਦਾ ਕਰ ਦਿੱਤੇ ਜਦੋਂ ਕਿ ਸਾਬਕਾ ਫੌਜੀ ਜਗਦੀਸ਼ ਸਿੰਘ ਨੇ 6 ਲੱਖ ਰੁਪਏ ਤੇ ਸਾਬਕਾ ਫੌਜੀ ਦਰਸ਼ਨ ਸਿੰਘ ਤੇ ਧਰਮਿੰਦਰ ਸਿੰਘ ਨੇ 5-5 ਲੱਖ ਰੁਪਏ ਅਦਾ ਕੀਤੇ। ਉਹਨਾਂ ਦੱਸਿਆ ਕਿ ਦੋ ਹੋਰਨਾਂ ਨਵਦੀਪ ਸਿੰਘ ਤੇ ਬੱਚਿਤਰ ਸਿੰਘ ਨੇ 5 ਲੱਖ ਰੁਪਏ ਤੇ 3.70 ਰੁਪਏ ਅਦਾ ਕੀਤੇ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਚੰਨੀ ਦੇ ਕਰੀਬੀ ਰੋਬਿਨ ਨੇ ਉਹਨਾਂ ਤੋਂ ਪੈਸੇ ਇਕੱਤਰ ਕੀਤੇ, ਉਸਦਾ ਵੀਡੀਓਗ੍ਰਾਫਿਕ ਸਬੂਤ ਵੀ ਮੌਜੂਦ ਹੈ।
ਸਾਬਕਾ ਫੌਜੀ ਵੀ ਆਏ ਸਾਹਮਣੇ: ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਇਲਜ਼ਾਮ ਲਗਾਉਂਦਿਆਂ ਗੁਰਮੇਲ ਸਿੰਘ ਨੇ ਦੱਸਿਆ ਕਿ ਉਹ ਅਪ੍ਰੈਲ 2021 ਅਤੇ ਨਵੰਬਰ 2021 ਵਿਚ ਚੰਨੀ ਨੂੰ ਮਿਲੇ ਸਨ ਤੇ ਬਾਅਦ ਵਿਚ ਚੰਨੀ ਨੇ ਸਾਬਕਾ ਫੌਜੀਆਂ ਨੂੰ ਡੀ ਜੀ ਪੀ ਦਫਤਰ ਤੋਂ ਇਕ ਪਾਸ ਜਾਰੀ ਕੀਤਾ ਤਾਂ ਜੋ ਉਹ 10 ਨਵੰਬਰ 2023 ਨੂੰ ਡੀਜੀਪੀ ਨੂੰ ਮਿਲ ਸਕਣ। ਉਹਨਾਂ ਕਿਹਾ ਕਿ ਜਦੋਂ ਕੁਝ ਵੀ ਨਹੀਂ ਹੋਇਆ ਤਾਂ ਉਹਨਾਂ ਨੂੰ ਮਹਿਸੂਸ ਹੋਇਆ ਕਿ ਉਹਨਾਂ ਨਾਲ ਠੱਗੀ ਮਾਰੀ ਗਈ ਹੈ ਤੇ ਉਹਨਾਂ ਅੰਮ੍ਰਿਤਸਰ ਦਿਹਾਤੀ ਪੁਲਿਸ ਕੋਲ ਪਹੁੰਚ ਕੀਤੀ ਪਰ ਉਸਨੇ ਮਾਮਲੇ ਵਿਚ ਕੇਸ ਦਰਜ ਕਰਨ ਤੋਂ ਨਾਂਹ ਕਰ ਦਿੱਤੀ। ਗੁਰਦਿਆਲ ਸਿੰਘ ਨੇ ਦੱਸਿਆ ਕਿ ਅਖੀਰ ਵਿਚ ਦਲਜੀਤ ਸਿੰਘ ਖਿਲਾਫ ਕੇਸ ਉਦੋਂ ਦਰਜ ਕੀਤਾ ਗਿਆ ਜਦੋਂ ਬੀ ਕੇ ਯੂ ਉਗਰਾਹਾਂ ਗਰੁੱਪ ਨੇ ਸਾਡੀਆਂ ਮੰਗਾਂ ਦੇ ਹੱਕ ਵਿਚ ਧਰਨਾ ਦਿੱਤਾ ਪਰ ਹਾਲੇ ਵੀ ਸਾਬਕਾ ਮੁੱਖ ਮੰਤਰੀ ਦਾ ਨਾਂ ਐਫ ਆਈ ਆਰ ਵਿਚ ਸ਼ਾਮਲ ਨਹੀਂ ਕੀਤਾ ਜਾ ਰਿਹਾ।
ਮੁੱਖ ਮੰਤਰੀ ਦਾ ਚੰਨੀ ਨਾਲ ਸਮਝੌਤਾ ਹੋ ਗਿਆ : ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਗੁਰਦਿਆਲ ਸਿੰਘ ਤੇ ਉਸਦੇ ਸਾਥੀਆਂ ਨੂੰ ਆਪ ਸਰਕਾਰ ਵੱਲੋਂ ਇਸ ਕਰ ਕੇ ਨਿਆਂ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਚੰਨੀ ਦਾ ਮੁੱਖ ਮੰਤਰੀ ਨਾਲ ਸਮਝੌਤਾ ਹੋ ਗਿਆ ਹੈ। ਉਹਨਾਂ ਕਿਹਾ ਕਿ ਅਜਿਹਾ ਇਸ ਕਰ ਕੇ ਹੈ ਕਿਉਂਕਿ ਮੁੱਖ ਮੰਤਰੀ ਉਹਨਾਂ ਵੱਲੋਂ ਚੰਨੀ ਖਿਲਾਫ 2 ਕਰੋੜ ਰੁਪਏ ਦੀ ਰਿਸ਼ਵਤ ਲੈਣ ਦੇ ਲਾਏ ਦੋਸ਼ ਭੁੱਲ ਗਏ ਹਨ ਤੇ ਇਸ ਮਾਮਲੇ ਵਿਚ ਕੇਸ ਹਾਲੇ ਤੱਕ ਦਰਜ ਨਹੀਂ ਕੀਤਾ ਗਿਆ।
ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਚੰਨੀ ਖਿਲਾਫ ਕਾਰਵਾਈ ਨਾ ਕੀਤੀ ਤਾਂ ਅਕਾਲੀ ਦਲ ਰਾਜਪਾਲ ਕੋਲ ਪਹੁੰਚ ਕਰ ਕੇ ਕੇਸ ਵਿਚ ਕਾਰਵਾਈ ਦੀ ਮੰਗ ਕਰੇਗਾ। ਅਕਾਲੀ ਆਗੂ ਨੇ ਇਹ ਵੀ ਦੱਸਿਆ ਕਿ ਕਿਵੇਂ ਸਾਬਕਾ ਮੁੱਖ ਮੰਤਰੀ ਦਾ ਭਾਣਜਾ ਹਨੀ ਕੇਂਦਰੀ ਏਜੰਸੀਆਂ ਵੱਲੋਂ 10 ਕਰੋੜ ਰੁਪਏ ਨਾਲ ਫੜਿਆ ਗਿਆ ਸੀ। ਉਹਨਾਂ ਕਿਹਾ ਕਿ ਹਨੀ ਨੂੰ ਮੁੱਖ ਮੰਤਰੀ ਦੀ ਸੁਰੱਖਿਆ ਦੇ ਦਸਤਿਆਂ ਰਾਹੀਂ ਸੁਰੱਖਿਆ ਪ੍ਰਦਾਨ ਕੀਤੀ ਗਈ ਸੀ। ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਉਹ ਚੰਨੀ ਵੱਲੋਂ ਰਿਸ਼ਵਤ ਇਕੱਠੀ ਕਰ ਰਿਹਾ ਸੀ। ਉਹਨਾਂ ਕਿਹਾ ਕਿ ਬਜਾਏ ਚੰਨੀ ਖਿਲਾਫ ਲੱਗੇ ਦੋਸ਼ਾਂ ਦੀ ਤਹਿ ਤੱਕ ਜਾਣ ਦੇ ਮੁੱਖ ਮੰਤਰੀ ਨੇ ਹੁਣ ਫੈਸਲਾ ਲੈ ਲਿਆ ਹੈ ਕਿ ਉਹਨਾਂ ਨੂੰ ਬਖਸ਼ ਦਿੱਤਾ ਜਾਵੇ ਕਿਉਂਕਿ ਸਾਬਕਾ ਮੁੱਖ ਮੰਤਰੀ ਨੇ ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵਿਚ ਖੁੱਲ੍ਹ ਕੇ ਆਪ ਦੇ ਉਮੀਦਵਾਰ ਦੀ ਮਦਦ ਕੀਤੀ ਹੈ।