ਚੰਡੀਗੜ੍ਹ: ਫੂਡ ਸੇਫਟੀ ਟੀਮ ਸੰਗਰੂਰ ਦੀ ਚੌਕਸੀ ਨਾਲ 169 ਲੀਟਰ ਨਕਲੀ ਦੇਸੀ ਘਿਓ ਨੂੰ ਮਾਰਕੀਟ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਰੋਕ ਲਿਆ ਗਿਆ ਹੈ। ਇਹ ਜਾਣਕਾਰੀ ਖੁਰਾਕ ਅਤੇ ਡਰੱਗ ਪ੍ਰਬੰਧਨ ਦੇ ਕਮਿਸ਼ਨਰ ਕਾਹਨ ਸਿੰਘ ਪੰਨੂੰ ਨੇ ਦਿੱਤੀ।
ਇਸ ਸਬੰਧੀ ਵੇਰਵਾ ਦਿੰਦਿਆਂ ਪੰਨੂੰ ਨੇ ਦੱਸਿਆ ਕਿ ਫੂਡ ਸੇਫਟੀ ਟੀਮ ਨੇ ਵੀਰਵਾਰ ਦੇਰ ਸ਼ਾਮ ਸੁਨਾਮ ਦੇ ਆਰ.ਵੀ. ਐਗਰੋ ਵਿਖੇ ਛਾਪਾ ਮਾਰਿਆ। ਅਧਿਕਾਰੀਆਂ ਵਲੋਂ ਬਿਨ੍ਹਾਂ ਲੇਬਲ ਦੇ ਅੱਧਾ ਕਿਲੋ ਵਜਨ ਵਾਲੇ ਦੇਸੀ ਘਿਓ ਦੇ 270 ਡੱਬੇ ਬਰਾਮਦ ਕੀਤੇ ਗਏ, ਜਿਹਨਾਂ ਨੂੰ 9 ਬਕਸਿਆਂ ਵਿਚ ਪੈਕ ਕੀਤਾ ਹੋਇਆ ਸੀ ਅਤੇ ਹਰੇਕ ਬਾਕਸ ਵਿਚ ਅੱਧਾ ਕਿਲੋ ਦੇ 30 ਡੱਬੇ ਸਨ।
ਇਹ ਵੀ ਪੜ੍ਹੋਂ: ਪੀਯੂਸ਼ ਗੋਇਲ ਨੇ 'ਸਰਬੱਤ ਦਾ ਭਲਾ ਐਕਸਪ੍ਰੈਸ' ਨੂੰ ਹਰੀ ਝੰਡੀ ਵਿਖਾ ਕੇ ਕੀਤਾ ਰਵਾਨਾ
ਉਹਨਾਂ ਦੱਸਿਆ ਕਿ ਇਸੇ ਤਰ੍ਹਾਂ 1 ਲਿਟਰ ਘੀ ਦੇ ਬਿਨ੍ਹਾਂ ਲੇਬਲ ਵਾਲੇ 34 ਡੱਬੇ ਵੀ ਮੌਕੇ 'ਤੇ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ, ਪੰਜਾਬ ਫਰੈਸ਼ ਸ਼ੁੱਧ ਦੇਸੀ ਘੀ ਦੇ 1 ਕਿਲੋ ਵਜਨ ਵਾਲੇ 13 ਡੱਬੇ ਅਤੇ ਪਰਮਾਨੰਦ ਘਿਓ ਦੇ ਅੱਧਾ ਕਿਲੋ ਵਾਲੇ 2 ਡੱਬੇ ਵੀ ਬਰਾਮਦ ਕੀਤੇ ਗਏ।
ਇਸ ਮੌਕੇ ਅਲਟੋ ਘੀ ਅਤੇ ਪਰਮਾਨੰਦ ਦੇਸੀ ਘੀ ਵਰਗੇ ਲੇਬਲ ਵੱਡੀ ਮਾਤਰਾ 'ਚ ਬਰਾਮਦ ਕੀਤੇ ਗਏ। ਘਿਓ ਅਤੇ ਲੇਬਲਾਂ ਦਾ ਸਾਰਾ ਭੰਡਾਰ ਜ਼ਬਤ ਕਰ ਲਿਆ ਗਿਆ ਹੈ।