ਚੰਡੀਗੜ੍ਹ: ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਾਉਣ ਦੀ ਪੰਜਾਬ ਸਰਕਾਰ ਦੀ ਵਚਨਬੱਧਤਾ ਤਹਿਤ ਮੋਹਾਲੀ ਵਿਖੇ ਬਣੀ ਸੂਬਾ ਪੱਧਰੀ ਪਾਣੀ ਦੀ ਜਾਂਚ ਵਾਲੀ ਲੈਬੋਰਟਰੀ ਦੇ ਮਾਹਿਰਾਂ ਨੇ ਜਲੰਧਰ ਦੇ ਸ਼ਾਹਕੋਟ ਸਬ ਡਵੀਜ਼ਨ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਮੌਜੂਦ ਜਲ ਸਕੀਮਾਂ ਵਿੱਚ ਪਾਣੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਲੋਕਾਂ ਨੂੰ ਦੂਸ਼ਿਤ ਪਾਣੀ ਦੀ ਸਪਲਾਈ ਨਾ ਕੀਤੀ ਜਾਵੇ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਜਲੰਧਰ ਦੀ ਹੜ੍ਹ ਪ੍ਰਭਾਵਿਤ ਸਬ ਡਿਵੀਜ਼ਨ ਸ਼ਾਹਕੋਟ ਵਿਚ ਕੁੱਲ ਨੌ ਵਾਟਰ ਸਪਲਾਈ ਸਕੀਮਾਂ ਪਿੰਡ ਮਾਣਕ, ਮਹਿਰਾਜਵਾਲਾ, ਕੰਗ ਖੁਰਦ, ਕੰਗ ਕਲਾਂ, ਮੁੰਡੀ ਚੋਲੀਆਂ, ਨਸੀਰਪੁਰ, ਮੰਡਾਲਾ, ਯੂਸਫ਼ਪੁਰ ਦਰੇਵਾਲ ਤੇ ਗਿੱਦੜਪਿੰਡੀ ਵਿਖੇ ਚਲ ਰਹੀਆਂ ਹਨ ਜਿਨ੍ਹਾਂ ਰਾਹੀਂ ਇੱਥੋਂ ਦੇ ਵਸਨੀਕਾਂ ਨੂੰ ਪਾਣੀ ਦੀ ਸਪਲਾਈ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਹੜ੍ਹਾਂ ਦੇ ਨਤੀਜੇ ਵਜੋਂ ਇਹ ਜਲ ਸਪਲਾਈ ਸਕੀਮਾਂ ਵਿਅਰਥ ਹੋਣ ਨਾਲ ਇਨ੍ਹਾਂ ਦਾ ਪਾਣੀ ਪ੍ਰਦੂਸ਼ਿਤ ਹੋ ਰਿਹਾ ਹੈ ਜਿਸ ਕਾਰਣ ਹੁਣ ਇਹਨਾਂ ਨੂੰ ਦੋਬਾਰਾ ਚਾਲੂ ਕੀਤਾ ਜਾਣਾ ਹੈ।
ਬੁਲਾਰੇ ਨੇ ਕਿਹਾ ਕਿ ਇਸ ਦੇ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਮੋਹਾਲੀ ਦੀ ਇਸ ਲੈਬੋਰਟਰੀ ਦੇ ਮਾਹਿਰਾਂ ਦੀ ਟੀਮ ਭੇਜੀ ਗਈ ਹੈ ਜੋ ਕਿ ਇਨ੍ਹਾਂ ਸਕੀਮਾਂ ਦੇ ਵਿਚ ਪਾਣੀ ਦੇ ਪ੍ਰਦੂਸ਼ਣ ਦਾ ਮਿਆਰ ਜਾਂਚ ਰਹੀ ਹੈ। ਉਹਨਾਂ ਕਿਹਾ ਕਿ ਜਿਨ੍ਹਾਂ ਚਿਰ ਇਹ ਮਾਹਿਰ ਪਾਣੀ ਦੇ ਸਾਫ਼ ਤੇ ਪੀਣਯੋਗ ਹੋਣ ਲਈ ਹਰੀ ਝੰਡੀ ਨਹੀਂ ਦੇਣਗੇ ਤਦ ਤਕ ਲੋਕਾਂ ਨੂੰ ਇਹਨਾਂ ਸਕੀਮਾਂ ਰਾਹੀ ਪਾਣੀ ਨਹੀਂ ਮੁਹੱਈਆ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਓਦੋਂ ਤਕ ਸਾਫ਼ ਪਾਣੀ ਮੁਹੱਈਆ ਕਰਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਪਾਣੀ ਦੇ 15 ਟੈਂਕਰ ਲਗਾਏ ਹਨ।