ਚੰਡੀਗੜ੍ਹ, 8 ਫਰਵਰੀ : ਪਹਿਲੇ ਸਾਬਤ-ਸੂਰਤ ਸਿੱਖ ਫੁਟਬਾਲ ਕੱਪ ਦੀ ਸਮਾਪਤੀ ਅੱਜ ਇੱਥੇ ਸੈਕਟਰ 42 ਦੇ ਫੁੱਟਬਾਲ ਸਟੇਡੀਅਮ ਵਿਖੇ ਖੇਡੇ ਗਏ ਜ਼ਬਰਦਸਤ ਫਸਵੇਂ ਫਾਈਨਲ ਨਾਲ ਹੋਈ ਜਿਸ ਵਿਚ ਖਾਲਸਾ ਐਫਸੀ ਜਲੰਧਰ ਦੀ ਟੀਮ ਨੇ ਖਾਲਸਾ ਐਫ.ਸੀ ਗੁਰਦਾਸਪੁਰ ਨੂੰ 2-1 ਗੋਲਾਂ ਨਾਲ ਨਾਲ ਹਰਾਕੇ ਖਿਤਾਬੀ ਜਿੱਤ ਪ੍ਰਾਪਤ ਕੀਤੀ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਇਤਿਹਾਸਕ ਪਹਿਲਕਦਮੀ ਦਾ ਉਦੇਸ਼ ਦੇਸ਼ ਵਿੱਚ ਸ਼ਾਨਾਮੱਤੇ ਸਿੱਖ ਖੇਡ ਸੱਭਿਆਚਾਰ ਅਤੇ ਯੋਗਦਾਨ ਨੂੰ ਮੁੜ੍ਹ ਪ੍ਰਾਪਤ ਕਰਨ ਦੇ ਉਦੇਸ਼ ਨਾਲ ਕੀਤਾ ਗਿਆ ਹੈ ਜੋ ਖਾਲਸਾ ਫੁੱਟਬਾਲ ਕਲੱਬ (ਖਾਲਸਾ ਐਫਸੀ) ਅਤੇ ਗਲੋਬਲ ਸਿੱਖ ਸਪੋਰਟਸ ਫੈਡਰੇਸ਼ਨ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ। ਇਹ ਨਿਵੇਕਲਾ ਸਿੱਖ ਟੂਰਨਾਮੈਂਟ ਖਾਲਸੇ ਦੇ ਜੀਵਨ ਢੰਗ ਨੂੰ ਉਭਾਰਨ ਬਾਰੇ ਗੁਰੂ ਸਾਹਿਬਾਨ ਦੁਆਰਾ ਪ੍ਰਚਾਰੇ ਉਸ ਸੰਦੇਸ਼ ਨੂੰ ਦੁਨੀਆਂ ਵਿੱਚ ਫੈਲਾਉਣ ਵਿਚ ਪੂਰਾ ਸਫਲ ਹੋਇਆ ਹੈ ਜੋ ਸਮੁੱਚੀ ਮਨੁੱਖਤਾ ਦੀ ਬਿਹਤਰੀ ਲਈ ਹੈ। 30 ਜਨਵਰੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸੁਰੂ ਹੋਏ ਇਸ ਟੂਰਨਾਮੈਂਟ ਵਿਚ ਪੰਜਾਬ ਦੇ 22 ਜਿਲਿਆਂ ਦੀਆਂ ਟੀਮਾਂ ਅਤੇ ਚੰਡੀਗੜ੍ਹ ਦੀ ਟੀਮ ਸਮੇਤ ਕੁੱਲ 23 ਟੀਮਾਂ ਵਿਚਾਲੇ ਸਖਤ ਮੁਕਾਬਲੇ ਦੇਖਣ ਨੂੰ ਮਿਲੇ।
ਟੂਰਨਾਮੈਂਟ ਦੀ ਸ਼ੁਰੂਆਤ ਤੋਂ ਪਹਿਲਾਂ ਬੋਲਦਿਆਂ ਖਾਲਸਾ ਐਫ.ਸੀ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਸਾਬਤ-ਸੂਰਤ ਲੜਕੀਆਂ ਵੀ ਅਗਲੇ ਸਾਲ ਤੋਂ ਇਸ ਟੂਰਨਾਮੈਂਟ ਦਾ ਹਿੱਸਾ ਹੋਣਗੀਆਂ। ਉਨਾਂ ਕਿਹਾ ਕਿ ਸਾਬਤ-ਸੂਰਤ ਬੱਚਿਆਂ ਦਾ ਟੂਰਨਾਮੈਂਟ ਕਰਵਾਉਣ ਦਾ ਉਦੇਸ਼ ਸਿੱਖਾਂ ਦੀ ਅਸਲ ਪਛਾਣ ਨੂੰ ਉਜਾਗਰ ਕਰਨਾ ਹੈ ਕਿਉਂਕਿ ਕੁੱਝ ਦੇਸ਼ਾਂ ਵਿਚ ਸਿੱਖਾਂ ‘ਤੇ ਗਲਤ ਪਛਾਣ ਸਦਕਾ ਹੁੰਦੇ ਨਸਲੀ ਹਮਲੇ ਹੁੰਦੇ ਆਏ ਹਨ। ਗਰੇਵਾਲ ਨੇ ਇਹ ਵੀ ਕਿਹਾ ਕਿ ਇਹ ਟੂਰਨਾਮੈਂਟ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਅਲਾਮਤ ਅਤੇ ਖੇਡਾਂ ਵਿੱਚ ਡੋਪਿੰਗ ਵਰਗੀ ਸਮੱਸਿਆ ਦੂਰ ਕਰਨ ਵਿੱਚ ਵੀ ਇਕ ਵੱਡੀ ਤਾਕਤ ਵਜੋਂ ਕੰਮ ਕਰੇਗਾ।