ਚੰਡੀਗੜ੍ਹ: ਦੇਸ਼ ਦੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਦੇਸ਼ ਦਾ ਬਜਟ ਪੇਸ਼ ਕੀਤਾ ਗਿਆ ਜਿਸ ਦੇ ਵਿੱਚ ਕਿਸਾਨਾਂ ਦੇ ਲਈ ਖਾਸ ਫਸਲ ਬੀਮਾ ਯੋਜਨਾ ਦੀ ਗੱਲ ਕਹੀ ਗਈ। ਇਸ ਦੇ ਨਾਲ ਹੀ ਕਿਸਾਨਾਂ ਦੇ ਨਾਮ ਤੇ ਇੱਕ ਟਰੇਨ ਚਲਾਉਣ ਦੀ ਗੱਲ ਵੀ ਕਹੀ ਗਈ ਹੈ ਜਿਸ ਦੇ ਬਾਰੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਰਕਾਰ ਵੱਲੋਂ ਐਲਾਨਿਆ ਗਿਆ ਬਜਟ ਮਹਿਜ਼ ਇੱਕ ਡਰਾਮਾ ਹੈ ਜਦਕਿ ਅਸਲੀਅਤ ਵਿੱਚ ਸਰਕਾਰ ਦਾ ਕਿਸਾਨੀ ਮਸਲਿਆਂ ਵੱਲ ਕੋਈ ਧਿਆਨ ਨਹੀਂ ਹੈ ਅਤੇ ਕਿਸਾਨ ਕਰਜ਼ੇ ਹੇਠ ਆ ਕੇ ਖੁਦਕੁਸ਼ੀਆਂ ਕਰ ਰਹੇ ਹਨ
ਉਨ੍ਹਾਂ ਕਿਹਾ ਕਿ ਕਿਸਾਨੀ ਇੱਕ ਘਾਟੇ ਦਾ ਸੌਦਾ ਬਣ ਕੇ ਰਹਿ ਗਿਆ ਹੈ। ਸਰਕਾਰ ਵੱਲੋਂ ਦੁੱਧ ਉਤਪਾਦਨ ਦੇਣ ਦੀ ਗੱਲ ਕਹੀ ਗਈ ਹੈ ਜਦਕਿ ਮਾਰਕੀਟ ਦੇ ਵਿੱਚ ਚਾਲੀ ਪਰਸੈਂਟ ਸਟੈਟਿਕ ਦੁੱਧ ਵਿਕਿਆ ਜਿਸ ਉੱਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਪੰਦਰਾਂ ਲੱਖ ਕਿਸਾਨਾਂ ਨੂੰ ਸੋਲਰ ਟਿਊਬਵੈੱਲ ਦੇਣ ਦੀ ਗੱਲ ਕਹੀ ਗਈ ਹੈ ਜੋ ਕਿ ਸਿੱਧੇ ਤੌਰ ਤੇ ਕਿਸਾਨਾਂ ਨੂੰ ਕਰਜ਼ਾਈ ਬਣਾਉਣ ਦੀ ਸਾਜਿਸ਼ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਜੁਮਲਿਆਂ ਦੀ ਸਰਕਾਰ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਕੇਂਦਰ ਵਿੱਚ ਮੋਦੀ ਸਰਕਾਰ ਆਉਣ ਤੋਂ ਬਾਅਦ ਉਨ੍ਹਾਂ ਦਾ ਗ੍ਰੋਥ ਰੇਟ 5.3 ਪਰਸੈਂਟ ਤੋਂ ਘੱਟ ਕੇ 1.8 ਪਰਸੈਂਟ ਤੇ ਆ ਗਿਆ ਹੈ ਜਿਸ ਦਾ ਮਤਲਬ ਹੈ ਕਿ ਹੁਣ ਖੇਤੀਬਾੜੀ ਵਿੱਚ ਕੋਈ ਮੁਨਾਫਾ ਨਹੀਂ ਰਹਿ ਗਿਆ ਹੈ ਅਤੇ ਪੰਜਾਬ ਦੀ ਕਿਸਾਨੀ ਬਿਲਕੁਲ ਡੁੱਬ ਚੁੱਕੀ ਹੈ। ਉਥੇ ਹੀ ਉਨ੍ਹਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਕਰ ਰਹੀ ਹੈ ਪਰ ਉਹ ਇਹ ਪਿਛਲੇ ਕਈ ਸਾਲਾਂ ਤੋਂ ਸੁਣਦੇ ਆ ਰਹੇ ਹਨ ਅਤੇ ਜੇਕਰ ਕਿਸਾਨ ਪਰਿਵਾਰਾਂ ਦੀ ਐਵਰੇਜ ਆਮਦਨ ਦੀ ਗੱਲ ਕਰੀਏ ਤਾਂ ਉਹ ਹੁਣ 1666 ਰੁਪਏ ਪ੍ਰਤੀ ਮਹੀਨਾ ਹੈ ਅਤੇ ਦੁੱਗਣੀ ਹੋਣ ਤੋਂ ਬਾਅਦ 3332 ਰੁਪਏ ਪ੍ਰਤੀ ਮਹੀਨਾ ਹੋ ਜਾਵੇਗੀ ਜਿਸ ਨਾਲ ਕੋਈ ਬਹੁਤਾ ਫ਼ਰਕ ਨਹੀਂ ਪੈਣ ਵਾਲਾ ਹੈ।
ਉਨ੍ਹਾਂ ਨੇ ਅੱਗੇ ਬਜਟ ਬਾਰੇ ਬੋਲਦੇ ਹੋਏ ਕਿਹਾ ਕਿ ਬਜਟ ਵਿੱਚ ਕਿਸਾਨਾਂ ਦੀ ਫਸਲਾਂ ਦਾ ਬੀਮਾ ਕਰਨ ਦੀ ਗੱਲ ਕਹੀ ਗਈ ਹੈ ਪਰ ਸਰਕਾਰ ਪਹਿਲਾਂ ਵੀ ਆਪਣੇ ਕਹੇ ਅਨੁਸਾਰ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦੇ ਪਾਉਂਦੀ ਤਾਂ ਫ਼ਸਲ ਦੇ ਬੀਮੇ ਦੀ ਰਕਮ ਕਿੱਥੋਂ ਦੇ ਸਕੇਗੀ।