ਚੰਡੀਗੜ੍ਹ: ਕੋਰੋਨਾ ਵਾਇਰਸ ਕਾਰਨ ਮਾਸਕ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਏ ਹਨ ਅਤੇ ਮਾਸਕ ਖਰੀਦਣ ਵੇਲੇ ਅਸੀਂ ਹਮੇਸ਼ਾਂ ਵਧੀਆ ਮਾਸਕ ਦੀ ਚੋਣ ਕਰਦੇ ਹਾਂ ਜੋ ਕਿ ਸੁਰੱਖਿਆ ਦੇਣ ਦੇ ਨਾਲ-ਨਾਲ ਫੈਸ਼ਨੇਬਲ ਵੀ ਹੋਵੇ। ਖਾਸਕਰ ਕੁੜੀਆਂ ਵਿੱਚ ਹੁਣ ਸੂਟਾਂ ਦੇ ਨਾਲ ਮੈਚਿੰਗ ਡਿਜ਼ਾਇਨਰ ਮਾਸਕ ਦੀ ਡਿਮਾਂਡ ਬਹੁਤ ਵੱਧ ਗਈ ਹੈ।
ਜਾਣਕਾਰੀ ਦਿੰਦਿਆਂ ਪਹਿਰਾਵਾ ਬੂਟੀਕ ਦੀ ਮਾਲਕ ਅਮਨਪ੍ਰੀਤ ਕੌਰ ਨੇ ਦੱਸਿਆ ਕਿ ਉਹ ਆਪਣੇ ਗ੍ਰਾਹਕਾਂ ਨੂੰ ਸੂਟਾਂ ਦੇ ਨਾਲ ਮੈਚਿੰਗ ਮਾਸਕ ਬਣਾ ਕੇ ਵੀ ਦਿੰਦੇ ਹਨ, ਜਿਨ੍ਹਾਂ ਵਿੱਚ ਸਾਦੇ ਕੌਟਨ ਦੇ ਮਾਸਕ ਤੋਂ ਲੈ ਕੇ ਗੋਟਿਆਂ ਵਾਲੇ ਮਾਸਕ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਮਾਸਕ ਦੇ ਲਾਜ਼ਮੀ ਹੋਣ ਦੇ ਚੱਲਦਿਆਂ ਉਨ੍ਹਾਂ ਵੱਖ-ਵੱਖ ਤਰੀਕੇ ਦੇ ਮਾਸਕ ਡਿਜ਼ਾਇਨ ਕਰਕੇ ਬਣਾਏ ਹਨ ਜੋ ਕਿ ਸੁਰੱਖਿਆ ਵੀ ਦਿੰਦੇ ਹਨ ਅਤੇ ਫੈਸ਼ਨ ਵਾਲੇ ਵੀ ਹਨ।
ਅਮਨ ਨੇ ਦੱਸਿਆ ਕਿ ਮਾਸਕ ਥ੍ਰੀ ਲੇਅਰ ਬਣਾਇਆ ਜਾਂਦਾ ਹੈ ਜਿਸ ਦਾ ਉੱਪਰ ਵਾਲਾ ਕਵਰ ਡਿਜ਼ਾਇਨ ਹੁੰਦਾ ਹੈ। ਉਸ ਦੇ ਉੱਤੇ ਤਰ੍ਹਾਂ-ਤਰ੍ਹਾਂ ਦੇ ਡਿਜ਼ਾਇਨਰ ਲੈਸ, ਸਿਤਾਰੇ, ਗੋਟਾ ਪੱਟੀ ਵਗ਼ੈਰਾ ਲਗਾ ਕੇ ਉਸ ਨੂੰ ਸਟਾਈਲਿਸ਼ ਬਣਾਇਆ ਜਾਂਦਾ ਹੈ।
ਮਾਸਕ ਦੀਆਂ ਕੀਮਤਾਂ ਬਾਰੇ ਅਮਨ ਨੇ ਦੱਸਿਆ ਕਿ ਇਨ੍ਹਾਂ ਦੀ ਕੀਮਤ 20 ਰੁਪਏ ਤੋਂ ਸ਼ੁਰੂ ਹੋ ਕੇ 100 ਰੁਪਏ ਤੱਕ ਜਾਂਦੀ ਹੈ ਅਤੇ ਗ੍ਰਾਹਕ ਆਪਣੇ ਹਿਸਾਬ ਨਾਲ ਕਸਟਮਾਈਜ਼ ਵੀ ਕਰਵਾ ਸਕਦੇ ਹਨ।