ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਿਅੰਤ ਸਿੰਘ ਦੀ ਚੰਡੀਗੜ੍ਹ ਦੇ ਸੈਕਟਰ 5 ਵਿਚਲੀ ਕੋਠੀ ਇਕ ਵਾਰ ਫਿਰ ਚਰਚਾ ਵਿੱਚ ਹੈ। ਮੀਡੀਆ ਰਿਪੋਰਟਾਂ ਵਿੱਚ ਆ ਰਹੇ ਹਵਾਲਿਆਂ ਦੀ ਮੰਨੀਏ ਤਾਂ ਚੰਡੀਗੜ੍ਹ ਪ੍ਰਸ਼ਾਸਨ ਨੇ 30 ਸਾਲ ਬਾਅਦ ਨੋਟਿਸ ਜਾਰੀ ਕਰਕੇ ਇਸਨੂੰ ਖਾਲੀ ਕਰਨ ਲਈ ਕਿਹਾ ਹੈ। ਇਸ ਕੋਠੀ ਵਿੱਚ ਹਾਲ ਦੀ ਘੜ੍ਹੀ ਬੇਅੰਤ ਸਿੰਘ ਦਾ ਪਰਿਵਾਰ ਰਹਿ ਰਿਹਾ ਹੈ। ਚੰਡੀਗੜ੍ਹ ਦੇ ਐਸਡੀਐਮ ਸਨਿਆਮ ਗਰਗ ਵਲੋਂ ਇਸ ਕੋਠੀ ਨੂੰ ਫੌਰੀ ਤੌਰ ਉੱਤੇ ਖਾਲੀ ਕਰਨ ਦੇ ਨਿਰਦੇਸ਼ ਦਿੱਚੇ ਹਨ। ਇਹ ਵੀ ਖਬਰ ਹੈ ਕਿ ਬੀਤੇ ਕੱਲ੍ਹ ਅਸਟੇਟ ਦਫਤਰ ਦੀ ਟੀਮ ਵੀ ਸੈਕਟਰ-5 ਸਥਿਤ ਕੋਠੀ ਨੰਬਰ 3/33 ਵਿਚ ਪਹੁੰਚੀ ਸੀ
ਕੋਠੀ ਦੀ ਅਲਾਟਮੈਂਟ ਹੋ ਚੁੱਕੀ ਹੈ ਰੱਦ: ਦਰਅਸਲ ਇਸ ਕੋਠੀ ਨੂੰ ਖਾਲੀ ਹੋਣ ਤੋਂ ਬਚਾਉਣ ਲਈ ਪਰਿਵਾਰ ਲੰਬੇ ਸਮੇਂ ਤੋਂ ਚਾਰਾਜੋਈਆਂ ਕਰ ਰਿਹਾ ਹੈ। ਹਾਲਾਂਕਿ ਕੋਠੀ ਦੀ ਅਲਾਟਮੈਂਟ ਬਹੁਤ ਪਹਿਲਾਂ ਹੀ ਰੱਦ ਕੀਤੀ ਜਾ ਚੁੱਕੀ ਹੈ। ਮੀਡੀਆ ਅਨੁਸਾਰ ਸਾਬਕਾ ਮੁੱਖ ਮੰਤਰੀ ਦੇ ਲੜਕੇ ਤੇਜ ਪ੍ਰਕਾਸ਼ ਨੇ ਐਸਡੀਐਮ ਦੀ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਅਤੇ ਹੁਣ ਤੇਜ ਪ੍ਰਕਾਸ਼ ਸਿੰਘ ਦੇ ਨਾਂ 'ਤੇ ਨੋਟਿਸ ਜਾਰੀ ਕੀਤਾ ਗਿਆ ਹੈ।
1995 ਵਿੱਚ ਹੋਈ ਸੀ ਬੇਅੰਤ ਸਿੰਘ ਦੀ ਹੱਤਿਆ: ਜਿਕਰਯੋਗ ਹੈ ਕਿ ਸੂਬੇ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ 31 ਅਗਸਤ 1995 ਨੂੰ ਹੱਤਿਆ ਕਰ ਦਿੱਤੀ ਗਈ ਸੀ। ਬਲਵੰਤ ਸਿੰਘ ਰਾਜੋਆਣਾ ਦੇ ਬਿਆਨ ਅਨੁਸਾਰ ਉਸਨੇ ਅਤੇ ਪੰਜਾਬ ਪੁਲਿਸ ਦੇ ਕਾਂਸਟੇਬਲ ਦਿਲਾਵਰ ਸਿੰਘ ਨੇ ਬੇਅੰਤ ਸਿੰਘ ਨੂੰ ਮਨੁੱਖੀ ਬੰਬ ਨਾਲ ਉਡਾਇਆ ਸੀ। ਦਿਲਾਵਰ ਸਿੰਘ ਨੇ ਮਨੁੱਖੀ ਬੰਬ ਬਣ ਕੇ ਬੇਅੰਤ ਸਿੰਘ ਉੱਤੇ ਹਮਲਾ ਕੀਤਾ ਅਤੇ ਸਾਜ਼ਿਸ਼ ਇਸ ਤਰ੍ਹਾਂ ਰਚੀ ਗਈ ਸੀ ਕਿ ਜੇਕਰ ਦਿਲਾਵਰ ਅਸਫਲ ਹੋ ਜਾਂਦਾ ਹੈ ਤਾਂ ਰਾਜੋਆਣਾ ਦੇ ਪੱਖ ਤੋਂ ਹਮਲਾ ਹੋਣਾ ਸੀ। ਇਸ ਮਾਮਲੇ ਵਿੱਚ ਬਲਵੰਤ ਸਿੰਘ ਰਾਜੋਆਣਾ ਨੂੰ ਅਦਾਲਤ ਨੇ ਫਾਂਸੀ ਦੀ ਸਜ਼ਾ ਐਲਾਨੀ ਗਈ ਸੀ।
ਕੈਪਟਨ ਅਮਰਿੰਦਰ ਸਿੰਘ ਨੂੰ ਲਿਖਿਆ ਸੀ ਪੱਤਰ: ਚੰਡੀਗੜ੍ਹ ਪ੍ਰਸ਼ਾਸਨ ਨੇ ਇਹ ਕੋਠੀ 11 ਜੂਨ ਨੂੰ ਪੰਜਾਬ ਦੇ ਮੁੱਖ ਸਕੱਤਰ ਵਾਸਤੇ ਰਾਖਵੀਂ ਕੀਤੀ ਹੈ ਅਤੇ ਇਸ ਕੋਠੀ ਵਿਚ ਬੇਅੰਤ ਸਿੰਘ ਦਾ ਲੜਕਾ ਅਤੇ ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਰਹਿ ਰਹੇ ਹਨ। ਇਹ ਵੀ ਯਾਦ ਰਹੇ ਕਿ ਪ੍ਰਸ਼ਾਸਨ ਦੀ ਹਾਊਸ ਅਲਾਟਮੈਂਟ ਕਮੇਟੀ ਨੇ ਸਾਬਕਾ ਮੰਤਰੀ ਨੂੰ ਲਿਖੇ ਪੱਤਰ ਵਿੱਚ ਕਿਹਾ ਸੀ ਕਿ ਹਾਊਸ ਅਲਾਟਮੈਂਟ ਰੂਲਜ਼ 1996 ਅਨੁਸਾਰ ਤੇਜ ਪ੍ਰਕਾਸ਼ ਸਿੰਘ ਦੀ ਇਸ ਸਰਕਾਰੀ ਰਿਹਾਇਸ਼ ਦੀ ਐਨਟਾਈਟਲਮੈਂਟ ਨਹੀਂ ਬਣਦੀ ਹੈ।
ਪ੍ਰਸ਼ਾਸਨ ਨੇ ਸੁਪਰੀਮ ਕੋਰਟ ਵੱਲੋਂ 7 ਮਈ 2018 ਨੂੰ ਦਿੱਤੀ ਜੱਜਮੈਂਟ ਦਾ ਹਵਾਲਾ ਵੀ ਦਿੱਤਾ ਸੀ। ਸਾਲ 2020 ਵਿੱਚ ਕਾਂਗਰਸੀ ਮੁੱਖ ਮੰਤਰੀ ਬੇਅੰਤ ਸਿੰਘ ਦੇ ਪਰਿਵਾਰ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੇ ਬੇਅੰਤ ਸਿੰਘ ਦੀ ਸੈਕਟਰ 5 ਵਿਚਲੀ ਸਰਕਾਰੀ ਕੋਠੀ ਛੱਡਣ ਦੇ ਹੁਕਮ ਜਾਰੀ ਕੀਤੇ ਸਨ। ਹਾਲਾਂਕਿ ਇਸ ਮਸਲੇ ਨੂੰ ਲੈ ਕੇ ਪਰਿਵਾਰ ਨੇ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਵੀ ਪਹੁੰਚ ਕੀਤੀ, ਪਰ ਉਨ੍ਹਾਂ ਵੱਲੋਂ ਕੀਤੀ ਚਾਰਾਜੋਈ ਵੀ ਰਾਸ ਨਹੀਂ ਸੀ ਆਈ।
ਇਹ ਵੀ ਯਾਦ ਰਹੇ ਕਿ ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 10 ਜੂਨ ਇਕ ਪੱਤਰ ਲਿਖ ਕੇ ਹਲਾਲਾ ਦਿੱਤਾ ਸੀ ਕਿ ਬੇਅੰਤ ਸਿੰਘ ਦੀ ਮੌਤ ਮਗਰੋਂ ਅਜੇ ਵੀ ਖ਼ਤਰਾ ਹੈ। ਇਸ ਪੱਤਰ ਵਿੱਚ ਕੈਪਟਨ ਤੋਂ ਮੰਗ ਕੀਤੀ ਗਈ ਸੀ ਕਿ ਇਸ ਰਿਹਾਇਸ਼ ਨੂੰ ਪੰਜਾਬ ਪੂਲ ਵਿਚ ਲਿਆ ਕੇ ਸਪੈਸ਼ਲ ਕੇਸ ਵਜੋਂ ਰਿਹਾਇਸ਼ ਦੀ ਮੁੜ ਅਲਾਟਮੈਂਟ ਕਰ ਦਿੱਤੀ ਜਾਵੇ।