ਚੰਡੀਗੜ੍ਹ: ਭਾਰਤੀ ਚੋਣ ਕਮਿਸ਼ਨ ਨੇ ਆਦਰਸ਼ ਚੋਣ ਜ਼ਾਬਤਾ ਲਾਗੂ ਰਹਿਣ ਦੌਰਾਨ ਬੈਂਕ ਖਾਤਿਆਂ ਰਾਹੀਂ ਹੋਣ ਵਾਲੀਆਂ ਸ਼ੱਕੀ ਅਦਾਇਗਿਆਂ ਦੀ ਸੂਚਨਾ ਪ੍ਰਾਪਤ ਹਿੱਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਚੋਣਾਂ ਪ੍ਰਕ੍ਰਿਆ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਲਈ ਜ਼ਿਲਾ ਚੋਣ ਅਫ਼ਸਰ ਬੈਂਕ ਖਾਤਿਆਂ ਰਾਹੀਂ ਇਕ ਲੱਖ ਰੁਪਏ ਤੋਂ ਵੱਧ ਦੀ ਹੋਣ ਵਾਲਿਆਂ ਸ਼ੱਕੀ ਅਦਾਇਗੀਆਂ ਜਾਂ ਪੈਸੇ ਜਮਾ ਕਰਵਾਉਣ ਦੀਆਂ ਕਾਰਵਾਈਆਂ ਬਾਰੇ ਸਬੰਧਤ ਬੈਂਕ ਤੋਂ ਜਾਣਕਾਰੀ ਹਾਸਲ ਕਰ ਸਕਦੇ ਹਨ। ਇਸ ਤੋਂ ਇਲਾਵਾ ਜ਼ਿਲਾ ਚੋਣ ਅਫ਼ਸਰ ਬੀਤੇ ਦੋ ਮਹੀਨਿਆਂ ਦੌਰਾਨ ਹੋਈਆਂ ਪੈਸੇ ਜਮਾ ਕਰਵਾਉਣ ਜਾਂ ਨਿਕਲਵਾਉਣ ਦੀ ਕਾਰਵਾਈ ਦੀ ਵੀ ਸੂਚਨਾ ਲੈ ਸਕਦੇ ਹਨ।
ਉਨਾਂ ਕਿਹਾ ਕਿ ਦਿਸ਼ਾ ਨਿਰਦੇਸ਼ ਅਨੁਸਾਰ ਕਿਸੇ ਇਕ ਬੈਂਕ ਖਾਤੇ ਵਿੱਚੋਂ ਆਰ.ਟੀ.ਜੀ.ਐਸ. ਰਾਹੀਂ ਇਕ ਹੀ ਜ਼ਿਲੇ/ ਵਿਧਾਨ ਸਭਾ ਹਲਕੇ ਦੇ ਕਈ ਵਿਅਕਤੀਆਂ ਦੇ ਖਾਤਿਆਂ ਵਿੱਚ ਚੋਣ ਪ੍ਰਕ੍ਰਿਆ ਦੌਰਾਨ ਪੈਸਿਆਂ ਦਾ ਲੈਣ-ਦੇਣ, ਜੋ ਕਿ ਇੱਕ ਲੱਖ ਰੁਪਏ ਦੀ ਰਕਮ ਤੋਂ ਵੱਧ ਹੋਵੇ ਬਾਰੇ ਜ਼ਿਲਾ ਚੋਣ ਅਫ਼ਸਰ ਸੂਚਨਾ ਲੈ ਸਕਦਾ ਹੈ। ਦਫ਼ਤਰ ਮੁੱਖ ਚੋਣ ਅਫ਼ਸਰ ਦੀ ਵੈਬਸਾਇਟ ਤੇ ਉਪਲਬਧ ਹਲਫ਼ਨਾਮਾ ਜੋ ਕਿ ਚੋਣ ਲੜ ਰਹੇ ਉਮੀਦਵਾਰ ਵੱਲੋਂ ਦਾਇਰ ਕੀਤਾ ਗਿਆ ਹੈ ਵਿੱਚ ਦਰਜ਼ ਉਸਦੇ ਪਤੀ/ਪਤਨੀ ਜਾਂ ਉਸ ਦੇ ਆਸ਼ਰਿਤ ਦੇ ਖਾਤਿਆਂ ਵਿੱਚੋਂ ਵੀ ਜੇਕਰ ਕਿਸੇ ਤਰਾਂ ਦਾ ਇੱਕ ਲੱਖ ਤੋਂ ਵੱਧ ਦਾ ਲੈਣ-ਦੇਣ ਹੁੰਦਾ ਹੈ ਤਾਂ ਉਸਦੀ ਜਾਣਕਾਰੀ ਵੀ ਜ਼ਿਲਾ ਚੋਣ ਅਫ਼ਸਰ ਵੱਲੋਂ ਲਈ ਜਾ ਸਕਦੀ ਹੈ।