ਚੰਡੀਗੜ੍ਹ: ਰਾਜਪਾਲ ਅਤੇ ਮੁੱਖ ਮੰਤਰੀ ਦੀ ਲੰਬੀ ਤਕਰਾਰ ਤੋਂ ਬਾਅਦ ਅੱਜ ਪੰਜਾਬ ਵਿਧਾਨ ਸਭਾ ਬਜਟ ਇਜਲਾਸ ਦੀ ਸ਼ੁਰੂਆਤ ਵੀ ਹੰਗਾਮੇ ਦੇ ਨਾਲ ਹੋਈ। ਵਿਧਾਨ ਸਭਾ ਦੀ ਕਾਰਵਾਈ ਦੇ ਪਹਿਲੇ ਦਿਨ ਗਵਰਨਰ ਦੇ ਭਾਸ਼ਣ ਦੌਰਾਨ ਹੰਗਾਮਾ ਹੋ ਗਿਆ। ਰਾਜਪਾਲ ਦੇ ਭਾਸ਼ਣ ਵਿੱਚੋਂ ਸਰਕਾਰ ਨਾਲ ਨਾਰਾਜ਼ਗੀ ਦੀ ਝਲਕ ਪਈ ਜਿਸ ਉੱਤੇ ਵਿਰੋਧੀ ਧਿਰ ਕਾਂਗਰਸ ਨੇ ਵੀ ਚੱਲਦੇ ਭਾਸ਼ਣ ਵਿਚ ਧਾਵਾ ਬੋਲ ਦਿੱਤਾ ਜਿਸ ਉੱਤੇ ਗਵਰਨਰ ਵੱਲੋਂ ਵੀ ਵਿਰੋਧੀ ਧਿਰ ਨੂੰ ਰੋਕਿਆ ਗਿਆ ਕਿਉਂਕਿ ਗਵਰਨਰ ਦੇ ਭਾਸ਼ਣ ਤੋਂ ਬਾਅਦ ਸਾਰਿਆਂ ਨੂੰ ਬਹਿਸ ਦਾ ਮੁਕੰਮਲ ਸਮਾਂ ਦਿੱਤਾ ਜਾਂਦਾ ਹੈ। ਕਾਂਗਰਸ ਵੱਲੋਂ ਵਾਕਆਊਟ ਕਰ ਦਿੱਤਾ ਗਿਆ ਜਿਸ ਉੱਤੇ ਸੱਤਾ ਧਿਰ ਆਮ ਆਦਮੀ ਪਾਰਟੀ ਵੀ ਖ਼ਫਾ ਨਜ਼ਰ ਆਈ। ਸਦਨ ਦੀ ਮਰਿਯਾਦਾ ਭੰਗ ਕਰਨ ਦਾ ਹਵਾਲਾ ਦਿੰਦਿਆਂ 'ਆਪ' ਆਗੂਆਂ ਵੱਲੋਂ ਕਾਂਗਰਸ ਦੀ ਨਿਖੇਧੀ ਕੀਤੀ ਗਈ।
ਵਿਧਾਨ ਸਭਾ ਦੇ ਇਤਿਹਾਸ ਵਿਚ ਮੰਦਭਾਗਾ ਵਰਤਾਰਾ: ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਰਾਜਪਾਲ ਦੇ ਭਾਸ਼ਣ ਵਿੱਚ ਕਾਂਗਰਸ ਵੱਲੋਂ ਕੀਤੇ ਹੰਗਾਮੇ 'ਤੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ। ਹਰਜੋਤ ਬੈਂਸ ਨੇ ਕਿਹਾ ਕਿ ਪਾਰਲੀਮੈਂਟ ਦੇ ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਜੋ ਕਿ ਮੰਦਭਾਗਾ ਹੈ। ਗਵਰਨਰ ਦਾ ਭਾਸ਼ਣ ਇਕ ਸੰਵਿਧਾਨਕ ਰੀਤ ਹੈ ਜੋ ਹਰ ਵਿਧਾਨ ਸਭਾ ਇਜਲਾਸ ਦੌਰਾਨ ਪੂਰੀ ਕਰਨੀ ਜ਼ਰੂਰੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਇਸ ਸੰਵਿਧਾਨਿਕ ਰੀਤ ਨੂੰ ਠੇਸ ਪਹੁੰਚਾਈ ਹੈ ਅਤੇ ਪਹਿਲਾਂ ਇਹਨਾਂ ਲੋਕਾਂ ਨੇ ਪੰਜਾਬ ਨੂੰ ਰੱਜ ਕੇ ਲੁੱਟਿਆ। ਉਨ੍ਹਾਂ ਕਿਹਾ ਕਿ ਇਹਨਾਂ ਨੂੰ ਮੌਕਾ ਮਿਲਿਆ ਸੀ ਪੰਜਾਬ ਵਿਚ ਸਕੂਲ ਬਣਾਉਣ ਦਾ, ਹਸਪਤਾਲ ਬਣਾਉਣ ਦਾ ਅਤੇ ਵਿੱਚ ਉਦਯੋਗ ਲੈ ਕੇ ਆਉਣ ਦਾ ਇਹਨਾਂ ਨੇ ਉਦੋਂ ਪੰਜਾਬ ਲੁੱਟਿਆ। ਹੁਣ ਜਦੋਂ ਪੰਜਾਬ ਨੂੰ ਇਕ ਇਮਾਨਦਾਰ ਸਰਕਾਰ ਮਿਲੀ ਹੈ, ਇਮਾਨਦਾਰ ਮੁੱਖ ਮੰਤਰੀ ਮਿਲਿਆ ਤਾਂ ਰਾਜਪਾਲ ਦੇ ਸੰਬੋਧਨ 'ਤੇ ਵੀ ਇਤਰਾਜ਼ ਜਤਾ ਰਹੇ ਹਨ।
ਵਿਰੋਧੀਆਂ ਨੂੰ ਗਵਰਨਰ ਨੇ ਪਾਈ ਝਾੜ: ਹਲਕਾ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਵਿਰੋਧੀ ਧਿਰ ਕਾਂਗਰਸ ਨੂੰ ਨਿਸ਼ਾਨੇ ਉੱਤੇ ਲਿਆ। ਉਹਨਾਂ ਆਖਿਆ ਕਿ ਭਾਸ਼ਣ ਦੇ ਅੰਤ ਵਿੱਚ ਰਾਜਪਾਲ ਨੇ ਕਾਂਗਰਸ ਨੂੰ ਝਾੜ ਵੀ ਪਾਈ। ਹਰੇਕ ਵਿਧਾਨ ਸਭਾ ਮੈਂਬਰ ਨੂੰ ਗਵਰਨਰ ਦੇ ਭਾਸ਼ਣ ਉੱਤੇ ਬਹਿਸ ਕਰਨ ਦਾ ਅਧਿਕਾਰ ਹੁੰਦਾ ਹੈ। ਜੇਕਰ ਹਰੇਕ ਗੱਲ ਵਿਚ ਸੰਵਿਧਾਨ ਦੀ ਉਲੰਘਣਾ ਕੀਤੀ ਜਾਵੇ ਤਾਂ ਫਿਰ ਇੰਨੇ ਸੀਨੀਅਰ ਹੋਣ ਦਾ ਫਾਇਦਾ ਕੀ ਹੈ ? ਇਹਨਾਂ ਨੇ ਤਾਂ ਪਹਿਲੀ ਵਾਰ ਚੁਣ ਕੇ ਆਏ ਵਿਧਾਇਕਾਂ ਨੂੰ ਵੀ ਜਾਚ ਦੱਸਣੀ ਸੀ, ਸਪੀਕਰ ਨੂੰ ਇਹਨਾਂ 'ਤੇ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਇਹਨਾਂ ਦੀ ਮੈਂਬਰਸ਼ਿਪ ਰੱਦ ਕਰਨੀ ਚਾਹੀਦੀ ਹੈ।
ਕਾਂਗਰਸ ਕਰ ਰਹੀ ਕਿੰਤੂ ਪ੍ਰੰਤੂ: ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਵੀ ਕਾਂਗਰਸ ਨੂੰ ਖਰੀਆਂ ਖਰੀਆਂ ਸੁਣਾਈਆਂ। ਉਹਨਾਂ ਆਖਿਆ ਕਿ ਕਾਂਗਰਸ ਗਵਰਨਰ ਦੇ ਭਾਸ਼ਣ ਵਿਚਕਾਰ ਅੱਧ ਵਿਚਾਲੇ ਕਿੰਤੂ ਪ੍ਰੰਤੂ ਕਰ ਰਹੀ ਹੈ ਜਦਕਿ ਗਵਰਨਰ ਦੇ ਭਾਸ਼ਣ ਤੋਂ ਬਾਅਦ ਸਾਰਿਆਂ ਨੂੰ ਬੋਲਣ ਦਾ ਸਮਾਂ ਦਿੱਤਾ ਜਾਂਦਾ ਹੈ। ਕਾਂਗਰਸ ਨੂੰ ਪਤਾ ਨਹੀਂ ਅਜਿਹੀ ਕੀ ਕਾਹਲੀ ਸੀ ਜੋ ਵਿਚੋਂ ਉੱਠ ਕੇ ਅਤੇ ਕਿੰਤੂ ਪ੍ਰੰਤੂ ਕਰਕੇ ਚਲੇ ਗਏ। ਪੰਜਾਬ ਦੇ ਲੋਕ ਸਾਰਾ ਕੁਝ ਵੇਖ ਰਹੇ ਹਨ ਕਿ ਸਰਕਾਰ ਕੀ ਕਰ ਰਹੀ ਹੈ ਅਤੇ ਵਿਰੋਧੀ ਧਿਰ ਕੀ ਕਰ ਰਹੀ ਹੈ। ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਵਿਰੋਧੀ ਧਿਰ ਕੋਲ ਕਹਿਣ ਨੂੰ ਕੁਝ ਨਹੀਂ। ਜੇਕਰ ਉਹ ਸਦਨ ਵਿਚ ਬੈਠਦੇ ਤਾਂ ਸਾਰੇ ਸਵਾਲਾਂ ਦਾ ਜਵਾਬ ਵੀ ਮਿਲ ਜਾਂਦਾ। ਉਨ੍ਹਾਂ ਕਿਹਾ 10 ਮਿੰਟਾਂ ਦੇ ਅੰਦਰ ਅੰਦਰ ਸਦਨ ਵਿਚੋਂ ਉੱਠ ਕੇ ਚਲੇ ਗਏ ਅਤੇ ਜੇਕਰ ਕਾਂਗਰਸ ਸਬਰ ਰੱਖਦੀ ਗਵਰਨਰ ਦੇ ਭਾਸ਼ਣ ਤੋਂ ਬਾਅਦ ਬਹਿਸ ਹੋਣੀ ਸੀ ਉਸ ਸਮੇਂ ਕਾਂਗਰਸ ਆਪਣੀ ਗੱਲ ਰੱਖ ਸਕਦੀ ਸੀ।