ਚੰਡੀਗੜ੍ਹ: ਛੇਵੇਂ ਤਨਖਾਹ ਕਮਿਸ਼ਨ ਦੇ ਵਿਰੋਧ ਵਿੱਚ ਜੁਆਇੰਟ ਗੌਰਮਿੰਟ ਡਾਕਟਰ ਕੋਆਰਡੀਨੇਸ਼ਨ ਕਮੇਟੀ ਵੱਲੋਂ ਸਾਂਝੀ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਮੌਕੇ ਡਾਕਟਰਾਂ ਵੱਲੋਂ ਪੰਜਾਬ ਸਰਕਾਰ ‘ਤੇ ਨਿਸ਼ਾਨੇ ਸਾਧੇ ਗਏ। ਇਸ ਦੌਰਾਨ ਡਾਕਟਰਾਂ ਦੀ ਜਥੇਬੰਦੀਆਂ ਵਿੱਚ ਪੀ.ਸੀ.ਐੱਮ.ਐੱਸ ਵੈਟਰਨਰੀ ਡੈਂਟਲ ਹੋਮਿਓਪੈਥੀ ਆਯੁਰਵੈਦਿਕ ਅਤੇ ਦਿਹਾਤੀ ਮੈਡੀਕਲ ਅਫ਼ਸਰ ਸਣੇ ਮੈਡੀਕਲ ਤੇ ਵੈਟਰਨਰੀ ਕਾਲਜਾਂ ਦੇ ਟੀਚਰ ਜਥੇਬੰਦੀਆਂ ਦੇ ਆਗੂ ਸ਼ਾਮਲ ਰਹੇ।
ਇਸ ਦੌਰਾਨ ਪੰਜਾਬ ਵੈਟਰਨਰੀ ਡਾਕਟਰ ਐਸੋਸੀਏਸ਼ਨ ਦੇ ਪ੍ਰਧਾਨ ਡਾ. ਰੰਧਾਵਾ ਨੇ ਈ.ਟੀ.ਵੀ. ਭਾਰਤ ਨਾਲ ਖ਼ਾਸ ਗੱਲਬਾਤ ਕਰਦਿਆਂ ਕਿਹਾ, ਕਿ 6 ਸਾਲ ਲੇਟ ਦਿੱਤੇ ਪੇਅ ਕਮਿਸ਼ਨ ਦੇ ਵਿੱਚ ਤਨਖਾਹਾਂ ਵਧਾਉਣ ਦੀ ਬਜਾਏ ਘੱਟ ਕਰ ਦਿੱਤੀਆਂ ਗਈਆਂ ਹਨ। ਅਤੇ ਮੁਲਾਜ਼ਮਾਂ ਨੂੰ ਮਿਲਣ ਵਾਲਾ 25 ਫ਼ੀਸਦੀ ਐੱਨ.ਪੀ.ਏ. 33 ਫੀਸਦੀ ਵਧਣ ਦੀ ਉਨ੍ਹਾਂ ਨੂੰ ਉਮੀਦ ਸੀ।
ਪਰ ਸਰਕਾਰ ਨੇ ਇਸ ਦੇ ਉਲਟ 25 ਫ਼ੀਸਦੀ ਐੱਨ.ਪੀ.ਏ. ਨੂੰ ਘੱਟ ਕਰਕੇ 20 ਫ਼ੀਸਦੀ ਕਰ ਦਿੱਤਾ, ਮੁਲਾਜ਼ਮਾਂ ਦੀ ਬੇਸਿਕ ਤਨਖਾਹ ਨਾਲੋਂ ਉਸ ਨੂੰ ਡੀ ਲਿੰਕ ਕਰ ਦਿੱਤਾ, ਜਿਸ ਨਾਲ ਮੁਲਾਜ਼ਮਾਂ ਵਿੱਚ ਕਾਂਗਰਸ ਸਰਕਾਰ ਖ਼ਿਲਾਫ਼ ਰੋਸ ਪਾਇਆ ਜਾ ਰਿਹਾ ਹੈ।
ਡਾ. ਰੰਧਾਵਾ ਨੇ ਵੀ ਕਿਹਾ, ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ 2.5 ਫ਼ੀਸਦੀ ਤਨਖਾਹਾਂ ਵਿੱਚ ਵਾਧਾ ਕਰਨ ਗੱਲ ਕਹਿ ਰਹੇ ਹਨ। ਜਦਕਿ ਇਹ ਕੋਰਾ ਝੂਠ ਹੈ। ਸਰਕਾਰ ਵੱਲੋਂ ਅਜਿਹਾ ਮਾਹੌਲ ਬਣਾਇਆ ਜਾ ਰਿਹਾ ਹੈ। ਸਰਕਾਰ ਦੇ ਇਸ ਜ਼ੁਲਮ ਕਾਰਨ ਕਈ ਅਫ਼ਸਰ ਡਾਕਟਰ ਆਪਣੀਆਂ ਨੌਕਰੀਆਂ ਛੱਡਣ ਬਾਰੇ ਵਿਚਾਰ ਕਰ ਰਹੇ ਹਨ।
ਉਨ੍ਹਾਂ ਨੇ ਕਿਹਾ, ਕਿ ਅਗਲੇ ਤਨਖ਼ਾਹ ਕਮਿਸ਼ਨ ਮਿਲਣ ਤੱਕ ਕੋਈ ਵੀ ਇੰਤਜ਼ਾਰ ਨਹੀਂ ਕਰਨਾ ਚਾਹੁੰਦਾ, ਅਤੇ ਉਹ ਡਾ. ਡੇਅ ਵਾਲੇ ਦਿਨ ਪੰਜਾਬ ਸਰਕਾਰ ਖ਼ਿਲਾਫ਼ ਕੋਈ ਵੱਡਾ ਐਲਾਨ ਕਰ ਸਕਦੇ ਹਨ। ਜਿਸ ਬਾਰੇ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:ਪੇਅ ਕਮਿਸ਼ਨ ਦੀ ਰਿਪੋਰਟ 'ਚ ਸੋਸ਼ਣ ਦਾ ਸਿਹਤ ਕਾਮਿਆਂ ਨੇ ਵਿਰੋਧ ਕੀਤਾ