ਚੰਡੀਗੜ੍ਹ:ਅਕਾਲੀ ਦਲ ਡੈਮੋਕਰੇਟਿਕ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਰਲੇਵੇਂ ਤੋਂ ਬਾਅਦ ਅੱਜ ਸਾਂਝੇ ਬਿਆਨ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪ੍ਰਧਾਨ ਸ: ਸੁਖਦੇਵ ਸਿੰਘ ਢੀਂਡਸਾ ਨੇ ਨਵੇਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਐਲਾਨ ਕਰ ਦਿੱਤਾ ਹੈ ਅਤੇ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ ਜਲਦ ਹੀ ਕਰ ਦਿੱਤਾ ਜਾਵੇਗਾ।
ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ਵਿੱਚ ਪਾਰਟੀ ਦੇ ਕੁੱਝ ਚੌਣਵੇਂ ਸੀਨੀਅਰ ਆਗੂਆਂ ਦੀ ਹੋਈ ਮੀਟਿੰਗ ਵਿੱਚ ਪੰਥ ਅਤੇ ਪੰਜਾਬ ਦੀਆਂ ਸਿਰਮੋਰ ਹਸਤੀਆਂ ਜਿਨ੍ਹਾ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਸਾਬਕਾ ਸਿਹਤ ਮੰਤਰੀ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ, ਜਥੇਦਾਰ ਰਜਿੰਦਰ ਸਿੰਘ ਕਾਂਝਲਾ, ਪੱਤਰਕਾਰ ਜਰਨੈਲ ਸਿੰਘ, ਸ: ਅਭੇ ਸਿੰਘ ਸੰਧੂ ਭਤੀਜਾ ਅਮਰ ਸ਼ਹੀਦ ਭਗਤ ਸਿੰਘ, ਸੰਤ ਬਾਬਾ ਛੋਟਾ ਸਿੰਘ ਜੀ, ਸਾਬਕਾ ਮੈਂਬਰ ਪਾਰਲੀਮੈਂਟ ਰਘੁਨੰਦਨ ਲਾਲ ਭਾਟੀਆ, ਸ਼ਹੀਦ ਹਵਲਦਾਰ ਅੰਮ੍ਰਿਤਪਾਲ ਸਿੰਘ, ਜਥੇਦਾਰ ਸੰਤੋਖ਼ ਸਿੰਘ ਸਾਹਨੀ ਗੁੜਗਾਂਵ ਅਤੇ ਡਾ. ਨਿਜ਼ਾਮ ਮਲੇਰਕੋਟਲਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਇਸ ਮੀਟਿੰਗ ਵਿੱਚ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਸੋਂ ਸ਼ਪਸੱਟੀਕਰਨ ਮੰਗਿਆ ਗਿਆ ਕਿ ਉਹ ਦੱਸਣ ਕਿ ਦਿੱਲੀ ਗੁਰਦੁਆਰਾ ਮੈਨਜਮੈਂਟ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਕੋਰੋਨਾ ਕਾਲ ਅਤੇ ਕਿਸਾਨ ਸੰਘਰਸ਼ ਦੌਰਾਨ ਦਾਨ ਵਜੋਂ ਆਈ ਰਕਮ ਦਾ ਵੇਰਵੇ ਸਬੰਧੀ ਵਾਈਟ ਪੇਪਰ ਜਾਰੀ ਕਰਨ ਤਾਂ ਜੋ ਦੇਸ਼ ਦੁਨੀਆ ਅੰਦਰ ਵੱਸ ਦੀ ਸਿੱਖ ਕੌਮ ਨੂੰ ਪਤਾ ਲੱਗ ਸਕੇ ਕਿ ਦਾਨ ਵਜੋਂ ਆਈ ਰਕਮ ਕਿਹੜੇ ਲੋਕਾਂ ਪਾਸੋਂ ਕਬੂਲ ਕੀਤੀ ਗਈ ਹੈ, ਕਿਉਂਕਿ ਇਸ ਵਕਤ ਫਿਲਮੀ ਅਦਾਕਾਰ ਅਮਿਤਾਬ ਬਚਨ ਜਿਸਦਾ ਨਾਮ ਨਵੰਬਰ 1984 ਦੇ ਸਿੱਖ ਕਤਲੇਆਮ ਨਾਲ ਜੁੜਿਆ ਹੋਇਆ ਹੈ ਪਾਸੋਂ ਦਿੱਲੀ ਗੁਰਦੁਆਰਾ ਮੈਨਜਮੈਂਟ ਕਮੇਟੀ ਨੇ 12 ਕਰੋੜ ਰੁਪਏ ਹਾਸਿਲ ਕੀਤੇ ਹਨ। ਕੀ ਬਾਦਲ ਦੱਸਣਗੇ ਕਿ ਕਾਤਲਾਂ ਕੋਲੋਂ ਦਾਨ ਵਜੋਂ ਪੈਸੇ ਲੈਣੇ ਕਿਨ੍ਹੇ ਕੁ ਵਾਜਬ ਹਨ।