ਚੰਡੀਗੜ੍ਹ: ਅੱਜ ਵੀ ਪੰਜਾਬ ਵਿੱਚ ਲੋਕਾਂ ਨੂੰ ਸੰਘਣੀ ਧੁੰਦ ਅਤੇ ਠੰਢ ਦਾ ਸਾਹਮਣਾ ਕਰਨਾ ਪਵੇਗਾ। ਮੌਸਮ ਵਿਭਾਗ ਨੇ ਸੂਬੇ ਦੇ 11 ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਅਤੇ ਠੰਢ ਦਾ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ 80 ਥਾਵਾਂ ’ਤੇ ਸੰਘਣੀ ਧੁੰਦ ਛਾਈ ਰਹੇਗੀ। ਦੂਜਾ 24 ਘੰਟਿਆਂ ਵਿੱਚ ਪਾਰਾ ਵੀ ਹੇਠਾਂ ਡਿੱਗਿਆ ਹੈ।
ਸੇਵਾ ਕੇਂਦਰਾਂ ਦਾ ਬਦਲਿਆ ਸਮਾਂ: ਦੂਜੇ ਪਾਸੇ ਸੂਬਾ ਸਰਕਾਰ ਨੇ ਧੁੰਦ ਅਤੇ ਸਰਦੀ ਕਾਰਨ ਸੇਵਾ ਕੇਂਦਰਾਂ ਦਾ ਸਮਾਂ ਬਦਲ ਦਿੱਤਾ ਹੈ। ਸੇਵਾ ਕੇਂਦਰ ਸਵੇਰੇ 9:30 ਵਜੇ ਤੋਂ ਸ਼ਾਮ 4:30 ਵਜੇ ਤੱਕ ਖੁੱਲ੍ਹਣਗੇ। ਫਿਲਹਾਲ ਸਮਾਂ ਬਦਲ ਕੇ 10 ਜਨਵਰੀ ਤੱਕ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਲੋਕਾਂ ਨੂੰ ਅਜਿਹੇ ਹਾਲਾਤਾਂ 'ਚ ਲੋੜ ਪੈਣ 'ਤੇ ਹੀ ਘਰੋਂ ਬਾਹਰ ਨਿਕਲਣ ਦੀ ਸਲਾਹ ਦਿੱਤੀ ਹੈ। ਇਸ ਤੋਂ ਇਲਾਵਾ ਘਰ ਤੋਂ ਬਾਹਰ ਨਿਕਲਦੇ ਸਮੇਂ ਆਪਣਾ ਚਿਹਰਾ ਢੱਕ ਕੇ ਰੱਖੋ ਅਤੇ ਕਾਰ ਦੀਆਂ ਫੋਗ ਲਾਈਟਾਂ ਦੀ ਵਰਤੋਂ ਕਰੋ, ਤਾਂ ਜੋ ਤੁਹਾਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਦਰਬਾਰ ਸਾਹਿਬ ਨਤਮਸਤਕ ਹੋ ਰਹੀਆਂ ਸੰਗਤਾਂ: ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਉਥੇ ਵੀ ਸੰਘਣੀ ਧੁੰਦ ਪਈ ਹੋਈ ਹੈ ਜੋ ਸ੍ਰੀ ਦਰਬਾਰ ਸਾਹਿਬ ਦੀਆਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ। ਉਧਰ ਸਾਲ ਦਾ ਆਖ਼ਰੀ ਦਿਨ ਹੋਣ ਦੇ ਚੱਲਦਿਆਂ ਸੰਗਤਾਂ ਬਿਨਾਂ ਠੰਡ ਦੀ ਪਰਵਾਹ ਕੀਤਿਆਂ ਨਤਮਸਤਕ ਹੋਣ ਆ ਰਹੀਆਂ ਹਨ। ਇਸ ਦੌਰਾਨ ਸੰਗਤਾਂ ਸਰੋਵਰ 'ਚ ਇਸ਼ਨਾਨ ਵੀ ਕਰ ਰਹੀਆਂ ਹਨ। ਜਿਸ ਤੋਂ ਪਤਾ ਲੱਗ ਰਿਹਾ ਕਿ ਠੰਡ ਉਨ੍ਹਾਂ ਦੀ ਸ਼ਰਧਾ ਨੂੰ ਘੱਟ ਨਹੀਂ ਕਰ ਸਕੀ।
ਇੰਨ੍ਹਾਂ ਜ਼ਿਲ੍ਹਿਆਂ 'ਚ ਅਲਰਟ: ਮੌਸਮ ਵਿਭਾਗ ਅਨੁਸਾਰ ਸਰਹੱਦੀ ਜ਼ਿਲ੍ਹਿਆਂ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਮੁਹਾਲੀ ਵਿੱਚ ਸੰਘਣੀ ਧੁੰਦ ਅਤੇ ਠੰਢ ਪੈਣ ਦੀ ਸੰਭਾਵਨਾ ਹੈ। ਜਦੋਂ ਕਿ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ ਸਾਹਿਬ, ਬਰਨਾਲਾ ਲਈ ਓਰੇਂਜ ਅਲਰਟ ਜਾਰੀ ਕੀਤਾ ਗਿਆ ਸੀ। ਓਰੇਂਜ ਅਲਰਟ ਕੋਈ ਰਾਹਤ ਵਾਲੀ ਖ਼ਬਰ ਨਹੀਂ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਛਾਈ ਰਹੇਗੀ, ਹਾਲਾਂਕਿ ਠੰਢ ਥੋੜ੍ਹੀ ਘੱਟ ਹੋ ਸਕਦੀ ਹੈ।
ਮੱਛੀ ਪਾਲਕਾਂ ਨੂੰ ਸਲਾਹ: ਇਸ ਤੋਂ ਇਲਾਵਾ ਮੱਛੀ ਪਾਲਣ ਵਿਭਾਗ ਨੇ ਇਸ ਕੰਮ ਨਾਲ ਜੁੜੇ ਲੋਕਾਂ ਅਤੇ ਕਿਸਾਨਾਂ ਨੂੰ ਜਲ-ਜੀਵਾਂ ਦੀ ਸੰਭਾਲ ਕਰਨ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਮੱਛੀ ਪਾਲਕਾਂ ਨੂੰ ਤਾਲਾਬਾਂ ਵਿੱਚ ਪਾਣੀ ਦਾ ਪੱਧਰ 6-7 ਫੁੱਟ ਉੱਤੇ ਰੱਖਣ ਅਤੇ ਤਾਪਮਾਨ ਦੇ ਹਿਸਾਬ ਨਾਲ ਖੁਰਾਕ ਦੇਣ ਦੀ ਸਲਾਹ ਦਿੱਤੀ ਗਈ ਹੈ। ਉਤਪਾਦਕਾਂ ਨੂੰ ਆਪਣੇ ਖੇਤਾਂ ਵਿੱਚ ਆਕਸੀਜਨ ਦੀਆਂ ਗੋਲੀਆਂ ਵੀ ਰੱਖਣੀਆਂ ਪੈਣਗੀਆਂ।
ਹੈਲਪਲਾਈਨ 'ਤੇ ਮਿਲੇਗੀ ਸਹੂਲਤ: ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਵੀ ਲੋਕਾਂ ਦੀ ਸਹੂਲਤ ਲਈ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਫਲੂ ਕਾਰਨਰ ਸਥਾਪਿਤ ਕੀਤੇ ਗਏ ਹਨ। ਇਸ ਤੋਂ ਇਲਾਵਾ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਜੇਕਰ ਉਨ੍ਹਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਆ ਰਹੀ ਹੈ ਅਤੇ ਉਹ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੁੰਦੇ ਹਨ ਤਾਂ ਉਹ ਸਿਹਤ ਵਿਭਾਗ ਦੀ ਮੈਡੀਕਲ ਹੈਲਪਲਾਈਨ 104 'ਤੇ ਕਾਲ ਕਰ ਸਕਦੇ ਹਨ। ਇਹ ਇੱਕ ਟੋਲ ਫਰੀ ਨੰਬਰ ਹੈ, ਇਸ ਨੰਬਰ 'ਤੇ ਵਿਭਾਗ ਵੱਲੋਂ ਉਨ੍ਹਾਂ ਨੂੰ ਸਾਰੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਨੰਬਰ 24 ਘੰਟੇ ਉਪਲਬਧ ਹੈ।