ਚੰਡੀਗੜ੍ਹ: ਬੀਤੀ 14 ਫਰਵਰੀ ਨੂੰ ਵਿਦੇਸ਼ੀ ਸ਼ਰਾਬ ਸਕੌਚ ਵਰਗੇ ਮਹਿੰਗੇ ਬਰਾਂਡ ਦੀ ਬੋਤਲ ’ਚ ਸਸਤੀ ਸ਼ਰਾਬ ਭਰ ਕੇ ਵੇਚਣ ਵਾਲੇ ਗਿਰੋਹ ਨੂੰ ਆਬਕਾਰੀ ਤੇ ਪੁਲਿਸ ਵਿਭਾਗ ਨੇ ਕਾਬੂ ਕੀਤਾ ਸੀ। ਇਸ ਦੌਰਾਨ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਦੋਵੇਂ ਮੁਲਜ਼ਮਾਂ ਨੇ ਪੁੱਛਗਿਛ ਦੌਰਾਨ ਦੱਸਿਆ ਸੀ ਕਿ ਜਿਸ ਘਰ ’ਚ ਇਹ ਕੰਮ ਚੱਲ ਰਿਹਾ ਸੀ, ਉਹ ਪਿੰਡ ਖੰਡੂਰ ਵਾਸੀ ਹਰਪ੍ਰੀਤ ਸਿੰਘ ਦਾ ਹੈ ਜਦੋਂਕਿ ਇੱਕ ਹੋਰ ਮੁਲਜ਼ਮ ਅਮਿਤ ਸਿੰਘ ਪਰਮਾਰ ਵਾਸੀ ਲੁਧਿਆਣਾ ਵੀ ਉਨ੍ਹਾਂ ਨਾਲ ਸ਼ਾਮਲ ਹੈ।
ਇਸ ਮਾਮਲੇ ਵਿੱਚ ਪੁਲਿਸ ਨੇ ਅਮਿਤ ਸਿੰਘ ਪਰਮਾਰ 'ਤੇ ਵੀ ਕੇਸ ਦਰਜ ਕਰ ਲਿਆ ਸੀ, ਪਰ ਪਰਮਾਰ ਹਾਲੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਅਮਿਤ ਸਿੰਘ ਪਰਮਾਰ ਨੇ ਇੱਕ ਪਟੀਸ਼ਨ ਦਾਇਰ ਕਰਕੇ ਅਗਾਊ ਜ਼ਮਾਨਤ ਦੀ ਮੰਗ ਕੀਤੀ ਸੀ, ਜਿਸ ਨੂੰ ਹਾਈ ਕੋਰਟ ਨੇ ਰੱਦ ਕਰ ਦਿੱਤਾ ਹੈ।
ਇਸ ਮਾਮਲੇ ਦੀ ਸੁਣਵਾਈ ਮੰਗਲਵਾਰ ਨੂੰ ਹਾਈ ਕੋਰਟ ਦੇ ਜਸਟਿਸ ਦੀਪਕ ਸਿੱਬਲ ਦੇ ਬੈਂਚ ਅੱਗੇ ਹੋਈ। ਇਸ ਦੌਰਾਨ ਪਟੀਸ਼ਨ ਕਰਤਾ ਅਮਿਤ ਸਿੰਘ ਪਰਮਾਰ ਦੇ ਵਕੀਲ ਨੇ ਕਿਹਾ ਕਿ ਉਸਦੇ ਕਾਰੋਬਾਰੀ ਵਿਰੋਧੀਆਂ ਦੇ ਇਸ਼ਾਰੇ 'ਤੇ ਝੂਠਾ ਕੇਸ ਦਰਜ ਕੀਤਾ ਗਿਆ ਹੈ। ਵਕੀਲ ਨੇ ਕਿਹਾ ਕਿ ਜਦੋਂ ਪੁਲਿਸ ਨੇ ਛਾਪਾ ਮਾਰਿਆ ਉਸ ਦੌਰਾਨ ਅਮਿਤ ਉੱਥੇ ਮੌਜੂਦ ਹੀ ਨਹੀਂ ਸੀ। ਇਸ ਤੋਂ ਇਲਾਵਾ ਪੰਜਾਬ ਪੁਲਿਸ ਦੇ ਕੋਲ ਕੋਈ ਵੀ ਸਬੂਤ ਅਮਿਤ ਸਿੰਘ ਪਰਮਾਰ ਖ਼ਿਲਾਫ ਨਹੀਂ ਹੈ। ਇਸ ਦੇ ਨਾਲ ਹੀ ਵਕੀਲ ਨੇ ਕਿਹਾ ਕਿ ਪੁਲਿਸ ਨੇ ਜਿਹੜੀ ਵੀ ਬਰਾਮਦਗੀ ਕੀਤੀ ਹੈ, ਉਹ ਹਰਪ੍ਰੀਤ ਸਿੰਘ ਦੇ ਘਰੋਂ ਕੀਤੀ ਹੈ, ਜਿਸ ਦੇ ਨਾਲ ਅਮਿਤ ਸਿੰਘ ਪਰਮਾਰ ਦਾ ਕੋਈ ਸੰਬੰਧ ਨਹੀਂ ਹੈ।
ਉੱਥੇ ਹੀ ਇਸ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਜਸਟਿਸ ਸਿੱਬਲ ਨੂੰ ਦੱਸਿਆ ਕਿ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਅਮਿਤ ਸਿੰਘ ਪਰਮਾਰ ਖਾਲੀ ਸਕੌਚ ਵਿਸਕੀ ਦੀਆਂ ਬੋਤਲਾਂ ਵਿੱਚ ਸਸਤੀ ਸ਼ਰਾਬ ਭਰਨ ਅਤੇ ਇਸ ਨੂੰ ਪ੍ਰਮਾਣਿਤ ਦਿਖਾਉਣ ਲਈ ਜਾਅਲੀ ਹੋਲੋਗ੍ਰਾਮ ਮਾਰਕਾ ਲਗਾ ਕੇ ਬਾਅਦ ਵਿੱਚ ਵੇਚਦਾ ਸੀ। ਜਾਂਚ ਟੀਮ ਨੇ ਕੋਰਟ ਨੂੰ ਇਹ ਵੀ ਦੱਸਿਆ ਕਿ ਅਮਿਤ ਸਿੰਘ ਪਰਮਾਰ ਦੀ ਮੌਕੇ 'ਤੇ ਜਾਂਚ ਦੇ ਦੌਰਾਨ ਮੋਟਰਸਾਈਕਲ ਉੱਥੋਂ ਮਿਲੀ ਸੀ।
ਇਹ ਵੀ ਪੜੋ: ਸਰਕਾਰ ਦੇ ਖ਼ਜ਼ਾਨੇ ਕਦੇ ਖਾਲੀ ਨਹੀਂ ਹੁੰਦੇ, ਨੀਅਤ ਹੋਣੀ ਚਾਹੀਦੀ: ਸੁਖਬੀਰ ਬਾਦਲ
ਇਹ ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਕਿਹਾ ਕਿ ਅਮਿਤ ਸਿੰਘ ਪਰਮਾਰ ਨੇ ਵੱਡੇ ਪੱਧਰ 'ਤੇ ਲੋਕਾਂ ਨੂੰ ਧੋਖਾ ਦਿੱਤਾ ਹੈ ਅਤੇ ਉਸ ਨੇ ਲੋਕਾਂ ਦੀ ਸਿਹਤ ਨਾਲ ਖੇਡਿਆ ਹੈ ਜੋ ਕਿ ਬਹੁਤ ਗੰਭੀਰ ਦੋਸ਼ ਹਨ। ਇਸ ਦੇ ਨਾਲ ਹੀ ਕੋਰਟ ਨੇ ਕਿਹਾ ਕਿ ਅਮਿਤ ਸਿੰਘ ਪਰਮਾਰ ਨੇ ਇਸ ਗੁਨਾਹ ਨੂੰ ਅੰਜਾਮ ਦੇਣ ਲਈ ਕੀ ਕੁਝ ਕੀਤਾ ਹੈ, ਇਹ ਅਮਿਤ ਸਿੰਘ ਪਰਮਾਰ ਨੂੰ ਹਿਰਾਸਤ ਵਿੱਚ ਪੁੱਛਗਿੱਛ ਦੇ ਦੌਰਾਨ ਪਤਾ ਲੱਗ ਸਕਦਾ ਹੈ, ਜਿਸ ਕਰਕੇ ਕੋਰਟ ਨੇ ਕਿਹਾ ਕਿ ਅਮਿਤ ਨੂੰ ਅਗਾਊ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ।