ਲੁਧਿਆਣਾ: ਬੀਤੀ ਦੇਰ ਰਾਤ ਮੁੰਡੀਆਂ ਕਲਾਂ ਨੇੜੇ ਚੰਡੀਗੜ੍ਹ ਰੋਡ ਉੱਤੇ ਕਾਂਗਰਸ ਦੇ ਵਿਧਾਇਕ ਦੀ ਗੱਡੀ ਦੀ ਇੱਕ ਮੋਟਰਸਾਈਕਲ ਸਵਾਰ ਨਾਲ ਟੱਕਰ ਹੋ ਗਈ ਜਿਸ ਵਿੱਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਗੱਡੀ ਦੀ ਰਫਤਾਰ ਬਹੁਤ ਤੇਜ਼ ਸੀ ਜਿਸ ਕਰਕੇ ਇਹ ਹਾਦਸਾ ਵਾਪਰਿਆ। ਹਾਲਾਂਕਿ ਇਸ ਦੌਰਾਨ ਕਾਰ ਵਿੱਚ ਦਵਿੰਦਰ ਸਿੰਘ ਘੁਬਾਇਆ ਖ਼ੁਦ ਮੌਜੂਦ ਸਨ ਜਾਂ ਨਹੀਂ ਇਸ ਬਾਰੇ ਕੋਈ ਵੀ ਪੁਖ਼ਤਾ ਜਾਣਕਾਰੀ ਨਹੀਂ ਹੈ ਪਰ ਗੱਡੀ ਦੇ ਡਰਾਈਵਰ ਨੇ ਕਿਹਾ ਕਿ ਉਹ ਚੰਡੀਗੜ੍ਹ ਜਾ ਰਿਹਾ ਸੀ ਜਦੋਂ ਇਹ ਹਾਦਸਾ ਵਾਪਰਿਆ।
ਲੁਧਿਆਣਾ ਪੁਲਿਸ ਵੱਲੋਂ ਵਿਧਾਇਕ ਦੀ ਕਾਰ ਦੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਡਰਾਈਵਰ ਨੇ ਕਿਹਾ ਕਿ ਗੱਡੀ ਦਾ ਨੁਕਸਾਨ ਡਿਵਾਇਡਰ ਨਾਲ ਟਕਰਾਉਣ ਕਰਕੇ ਵੱਧ ਹੋਇਆ ਹੈ। ਗੱਡੀ ਦੀ ਸਪੀਡ ਜ਼ਿਆਦਾ ਨਹੀਂ ਸੀ। ਉਸ ਨੇ ਕਿਸੇ ਤਰ੍ਹਾਂ ਦਾ ਨਸ਼ਾ ਵੀ ਨਹੀਂ ਕੀਤਾ ਹੋਇਆ ਸੀ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।