ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਣੇ ਪੰਜਾਬ ਮਾਮਲਿਆਂ ਦੇ ਨਵੇਂ ਬਣੇ ਇੰਚਾਰਜ ਹਰੀਸ਼ ਰਾਵਤ ਅਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਸੈਕਟਰ-15 ਸਥਿਤ ਕਾਂਗਰਸ ਭਵਨ ਵਿਖੇ ਪ੍ਰੈੱਸ ਵਾਰਤਾ ਕੀਤੀ। ਇਸ ਵਿੱਚ ਉਨ੍ਹਾਂ ਨੇ ਕਿਸਾਨਾਂ ਦੇ ਹੱਕਾਂ ਵਿੱਚ ਖੜ੍ਹਨ ਦੀ ਗੱਲ ਕੀਤੀ ਤਾਂ ਉੱਥੇ ਹੀ ਹਰੀਸ਼ ਰਾਵਤ ਨੇ ਕਿਹਾ ਕਿ 2 ਤਰੀਕ ਨੂੰ ਦੇਸ਼ ਭਰ ਵਿੱਚ ਕਾਂਗਰਸ ਵੱਲੋਂ ਹਸਤਾਖ਼ਰ ਅਭਿਆਨ ਚਲਾਇਆ ਜਾਵੇਗਾ ਅਤੇ 2 ਕਰੋੜ ਕਿਸਾਨਾਂ ਦੇ ਹਸਤਾਖ਼ਰ ਕਰਵਾ ਕੇ ਰਾਸ਼ਟਰਪਤੀ ਨੂੰ ਭੇਜ ਖੇਤੀ ਬਿੱਲ ਦਾ ਵਿਰੋਧ ਕੀਤਾ ਜਾਵੇਗਾ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਕਿਸਾਨਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਰਾਸ਼ਟਰਪਤੀ ਵੱਲੋਂ ਮੋਹਰ ਲਗਾਉਣ ਤੋਂ ਬਾਅਦ ਕਾਨੂੰਨ ਬਣ ਚੁੱਕੇ ਖੇਤੀ ਬਿੱਲਾਂ ਦੇ ਵਿਰੁੱਧ ਕੋਰਟ ਵਿੱਚ ਚੁਣੌਤੀ ਦਿੱਤੀ ਜਾਵੇਗੀ। ਨਾਲ ਹੀ ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਉੱਤੇ ਤੰਜ ਕਸਦਿਆਂ ਕਿਹਾ ਕਿ ਸਰਬ ਪਾਰਟੀ ਮੀਟਿੰਗ ਵਿੱਚ ਸੁਖਬੀਰ ਬਾਦਲ ਖੇਤੀ ਆਰਡੀਨੈਂਸ ਬਿੱਲ ਦੀ ਹਮਾਇਤ ਕਰ ਰਹੇ ਸਨ। ਹੁਣ ਸਿਆਸੀ ਜ਼ਮੀਨ ਖਿਸਕਦੀ ਦੇਖ ਹਰਸਿਮਰਤ ਬਾਦਲ ਦਾ ਅਸਤੀਫ਼ਾ ਦੁਆ ਕੇ ਗੱਠਜੋੜ ਵੀ ਤੋੜ ਲਿਆ ਪਰ ਇਸ ਦਾ ਅਕਾਲੀ ਦਲ ਨੂੰ ਕੋਈ ਵੀ ਫਾਇਦਾ ਨਹੀਂ ਪਹੁੰਚੇਗਾ।
ਬੀਜੇਪੀ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਸੂਬੇ ਵਿੱਚ ਪਾਕਿਸਤਾਨ ਗੜਬੜ ਕਰਨ ਦੀ ਕੋਸ਼ਿਸ਼ ਕਰੇਗਾ ਤੇ ਉਹ ਨਹੀਂ ਚਾਹੁੰਦੇ ਕਿ ਸੂਬੇ ਦੇ ਨੌਜਵਾਨ ਅਤੇ ਲੋਕ ਹਥਿਆਰ ਚੁੱਕਣ ਅਤੇ ਕਿਸੇ ਵੀ ਸੂਰਤ ਵਿੱਚ ਪੰਜਾਬ ਦਾ ਮਾਹੌਲ ਭੰਗ ਨਹੀਂ ਹੋਣ ਦਿੱਤਾ ਜਾਵੇਗਾ।
ਖੇਤੀ ਬਿਲਾਂ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ 2012 ਵਿੱਚ ਕਾਂਗਰਸ ਵੱਲੋਂ ਚੋਣ ਮੈਨੀਫੈਸਟੋ ਵਿੱਚ ਇਨ੍ਹਾਂ ਖੇਤੀ ਆਰਡੀਨੈਂਸ ਨੂੰ ਲਿਆਉਣ ਬਾਰੇ ਜਵਾਬ ਦਿੱਤਾ ਕਿ ਉਹ ਨਹੀਂ ਚਾਹੁੰਦੇ ਕਿ ਕਿਸਾਨ ਖ਼ੁਦਕੁਸ਼ੀਆਂ ਕਰੇ। ਸ਼ਾਂਤਾ ਕੁਮਾਰ ਦੀ ਰਿਪੋਰਟ ਮੁਤਾਬਕ ਉਨ੍ਹਾਂ ਵੱਲੋਂ ਕਿਸਾਨਾਂ ਦੇ ਲਾਹੇ ਲਈ ਐਕਟ ਬਣਾਇਆ ਗਿਆ ਸੀ ਜਿਸ ਵਿੱਚ ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਬਿਲ ਦੀ ਤਰ੍ਹਾਂ ਕੋਈ ਵੀ ਸਮਾਨਤਾ ਨਹੀਂ ਸੀ।