ਚੰਡੀਗੜ੍ਹ: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਕਾਂਗਰਸ ਸ਼ਾਸਿਤ ਸੂਬਿਆਂ ਦੇ ਮੰਤਰੀਆਂ ਨਾਲ ਵੀਡੀਓ ਕਾਨਫਰੰਸ ਰਾਹੀਂ ਕੋਵਿਡ-19 ਅਤੇ ਸੂਬਿਆਂ ਦੇ ਹਲਾਤਾਂ ਦਾ ਜਾਇਜ਼ਾ ਲਿਆ ਗਿਆ ਹੈ। ਵੀਡੀਓ ਕਾਨਫਰੰਸ ਰਾਹੀਂ ਬੈਠਕ 'ਚ ਮੁੱਖ ਮੰਤਰੀ ਕੈਪਟਨ ਨੇ ਵੀ ਕਈ ਮੁੱਦੇ ਚੁੱਕੇ ਹਨ। ਮੁੱਖ ਮੰਤਰੀ ਕੈਪਟਨ ਨੇ ਪੰਜਾਬ ਨੂੰ ਅਪਰੈਲ ਮਹੀਨੇ ਦੌਰਾਨ 88 ਫੀਸਦ ਤੱਕ ਹੋਏ ਮਾਲੀ ਘਾਟੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੂਬੇ ਨੂੰ ਇਸ ਦੌਰਾਨ ਵੱਖ-ਵੱਖ ਟੈਕਸ ਮਾਲੀਏ ਤੋਂ ਕੋਈ ਆਮਦਨ ਨਹੀਂ ਹੋ ਰਹੀ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਅੰਦਰ ਮੌਜੂਦਾ ਸਮੇਂ ਕੁੱਲ ਉਦਯੋਗਿਕ ਯੂਨਿਟਾਂ ਦਾ ਲਗਭਗ 1.5 ਹਿੱਸਾ ਹੀ ਕਾਰਜਸ਼ੀਲ ਹੈ।
ਮੁੱਖ ਮੰਤਰੀ ਕੈਪਟਨ ਨੇ ਕਿਹਾ ਕਿ ਸੂਬੇ ਨੂੰ ਕੇਂਦਰ ਸਰਕਾਰ ਵੱਲੋਂ ਵੀ ਕੋਈ ਗ੍ਰਾਂਟ ਨਹੀਂ ਦਿੱਤੀ ਜਾ ਰਹੀ ਜਿਸ ਕਾਰਨ ਸੂਬੇ ਮਾੜੀ ਆਰਥਿਕ ਸਥਿਤੀ ਤੋਂ ਗੁਜ਼ਰਨਾ ਪੈ ਰਿਹਾ ਹੈ। ਕੋਵਿਡ-19 ਦੌਰਾਨ ਸੂਬੇ ਦੇ ਹਲਾਤਾਂ ਬਾਰੇ ਵੀ ਬੈਠਕ 'ਚ ਗੱਲਬਾਤ ਕੀਤੀ ਗਈ।
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸੂਬੇ 'ਚ ਨਿਰਵਿਘਨ ਖ਼ਰੀਦ ਲਈ ਪੰਜਾਬ ਦੇ ਕਿਸਾਨਾਂ ਨੂੰ ਵਧਾਈ ਦਿੱਤੀ ਹੈ। ਜਾਣਕਾਰੀ ਅਨੁਸਾਰ ਹੁਣ ਤੱਕ ਮੰਡੀਆਂ 'ਚ 100 ਲੱਖ ਮੈਟਰਿਕ ਟਨ ਕਣਕ ਆਮਦ ਹੋ ਚੁੱਕੀ ਹੈ ਅਤੇ ਖ਼ਰੀਦ ਪ੍ਰਕਿਰਿਆ ਚੱਲ ਰਹੀ ਜਿਸ ਦਾ ਮੁੱਖ ਮੰਤਰੀ ਕੈਪਟਨ ਮਹੀਨੇ ਦੇ ਅੰਤ 'ਚ ਮੁਕੰਮਲ ਹੋਣ ਦਾ ਭਰੋਸਾ ਦਵਾਇਆ ਹੈ।