ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਭਲਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ। ਦੱਸ ਦਈਏ ਕਿ ਇਹ ਮੁਲਾਕਾਤ ਦਿੱਲੀ ਵਿੱਚ ਹੋਵੇਗੀ। ਇਹ ਮੀਟਿੰਗ ਦੀ ਵਿਸ਼ੇਸ਼ ਗੱਲ ਇਹ ਹੈ ਕਿ 3 ਮਾਰਚ ਨੂੰ ਪੰਜਾਬ ਦਾ ਬਜਟ ਇਜਲਾਸ ਸ਼ੁਰੂ ਹੋਣ ਜਾ ਰਿਹਾ ਹੈ, ਪਰ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਕਰਨ ਜਾ ਰਹੇ ਹਨ।
ਇਹ ਵੀ ਪੜੋ: E-tendering case: ਸਰਪੰਚਾਂ 'ਤੇ ਪੁਲਿਸ ਨੇ ਕੀਤਾ ਲਾਠੀਚਾਰਜ, ਮੁੱਖ ਮੰਤਰੀ ਦੇ OSD ਨਾਲ ਹੋਈ ਗੱਲਬਾਤ ਬੇਸਿੱਟਾ
ਅਜਨਾਲਾ ਘਟਨਾ ਤੋਂ ਬਾਅਦ ਪਹਿਲੀ ਮੁਲਾਕਾਤ: ਦੱਸ ਦਈਏ ਕਿ ਅਜਨਾਲਾ ਵਿੱਚ ਪੁਲਿਸ ਥਾਣੇ ਉੱਤੇ ਹੋਏ ਹਮਲੇ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੇਸ਼ ਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਪਹਿਲੀ ਮੁਲਾਕਾਤ ਕਰਨ ਜਾ ਰਹੇ ਹਨ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਇਸ ਮੁਲਾਕਾਤ ਤੋਂ ਅਜਨਾਲਾ ਘਟਨਾ ਉੱਤੇ ਵੀ ਚਰਚਾ ਹੋ ਸਕਦੀ ਹੈ, ਕਿਉਂਕਿ ਕੇਂਦਰ ਸਰਕਾਰ ਵੱਲੋਂ ਇਸ ਪੂਰੇ ਘਟਨਾਕ੍ਰਮ ਉੱਤੇ ਨਜ਼ਰ ਰੱਖੀ ਜਾ ਰਹੀ ਹੈ ਤੇ ਇਸ ਸਬੰਧੀ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਤੋਂ ਰਿਪੋਰਟ ਵੀ ਮੰਗੀ ਹੈ।
ਅਜਨਾਲਾ ਥਾਣੇ ਉੱਤੇ ਹੋਇਆ ਸੀ ਹਮਲਾ: ਕੁਝ ਦਿਨ ਪਹਿਲਾਂ ਅਜਨਾਲਾ ਥਾਣੇ ਉੱਤੇ ਅੰਮ੍ਰਿਤਪਾਲ ਦੇ ਸਮਰਥਕਾਂ ਨੇ ਹਮਲਾ ਕਰ ਦਿੱਤਾ ਸੀ, ਇਸ ਹਮਲੇ ਦੌਰਾਨ ਬਹੁਤ ਸਾਰੇ ਪੁਲਿਸ ਮੁਲਾਜ਼ਮ ਜ਼ਖ਼ਮੀ ਵੀ ਹੋ ਗਏ ਸਨ। ਦੱਸ ਦਈਏ ਕਿ ਵਾਰਿਸ ਪੰਜਾਬ ਜਥੇਬੰਦੀ ਵੱਲੋਂ ਲਵਪ੍ਰੀਤ ਸਿੰਘ ਉਰਫ਼ ਤੂਫਾਨ ਦੀ ਰਿਹਾਈ ਲਈ ਅਜਨਾਲਾ ਥਾਣੇ ਅੱਗੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਜੋ ਕਿ ਹਿੰਸਕ ਹੋ ਗਿਆ ਸੀ। ਇਸ ਤੋਂ ਮਗਰੋਂ ਪੁਲਿਸ ਦਾ ਅੰਮ੍ਰਿਤਪਾਲ ਸਿੰਘ ਦੀ ਜਥੇਬੰਦੀ ਨਾਲ ਸਮਝੌਤਾ ਹੋ ਗਿਆ ਸੀ ਤੇ ਪੁਲਿਸ ਲਵਪ੍ਰੀਤ ਤੂਫਾਨ ਦੀ ਰਿਹਾਈ ਲਈ ਮੰਨ ਗਈ ਸੀ। ਇਸ ਦੌਰਾਨ ਅੰਮ੍ਰਿਤਪਾਲ ਸਿੰਘ ਨੇ ਬਹੁਤ ਤਿੱਖੀ ਬਿਆਨਬਾਜ਼ੀ ਕੀਤੀ ਸੀ, ਜਿਸ ਕਾਰਨ ਉਸ ਦਾ ਹਰ ਪਾਸੇ ਵਿਰੋਧ ਰਿਹਾ ਸੀ ਤੇ ਗ੍ਰਿਫ਼ਤਾਰੀ ਦੀ ਮੰਗ ਕੀਤੀ ਜਾ ਰਹੀ ਸੀ।
3 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ: ਦੱਸ ਦਈਏ ਕਿ 3 ਮਾਰਚ ਨੂੰ ਪੰਜਾਬ ਦਾ ਬਜਟ ਇਜਲਾਸ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਨੂੰ ਕਿ ਸੁਪਰੀਮ ਕੋਰਟ ਨੇ ਮਨਜ਼ੂਰੀ ਦਿੱਤੀ ਹੈ। ਬਜਟ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਜਾ ਰਹੇ ਹਨ। ਬਜਟ ਇਜਲਾਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਤੇ ਰਾਜਪਾਲ ਵਿਚਾਲੇ ਕਾਫੀ ਰੇੜਕਾ ਚੱਲ ਰਿਹਾ ਸੀ, ਜਿਸ ਕਾਰਨ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦਾ ਰੁੱਖ ਕੀਤਾ ਸੀ। ਬੀਤੇ ਦਿਨ ਇਸ ਮਾਮਲੇ ਉੱਤੇ ਸੁਣਵਾਈ ਹੋਈ ਤੇ ਸੁਪਰੀਮ ਕੋਰਟ ਨੇ ਪੰਜਾਬ ਦੇ ਬਜਟ ਇਜਲਾਸ ਨੂੰ ਮਨਜ਼ੂਰੀ ਦੇ ਦਿੱਤੀ ਸੀ।