ਚੰਡੀਗੜ੍ਹ: ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵੀ ਪ੍ਰੈਸ ਕਾਨਫਰੰਸ ਕਰਕੇ ਬਿਆਨ ਜਾਰੀ ਕੀਤਾ ਗਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਮੈਂ ਪੰਜਾਬ ਦੇ ਤਿੰਨ ਕਰੋੜ ਲੋਕਾਂ ਦਾ ਧੰਨਵਾਦ ਕਰਦਾਂ ਹਾਂ। ਉਨ੍ਹਾਂ ਵਲੋਂ 30-35 ਦਿਨਾਂ ਤੋਂ ਭਾਈਚਾਰਕ ਸਾਂਝ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਪੰਜਾਬ ਦੇ ਨੌਜਵਾਨਾਂ ਦੇ ਹੱਥਾਂ ਵਿੱਚ ਡਿਗਰੀਆਂ ਅਤੇ ਖੇਡਾਂ ਵਾਲੇ ਮੈਡਲ ਹੋਣ। ਮੈਂ ਨਹੀਂ ਚਾਹੁੰਦਾ ਕਿ ਪੰਜਾਬ ਦੇ ਨੌਜਵਾਨ ਕਿਸੇ ਬਹਿਕਾਵੇ ਵਿੱਚ ਆ ਜਾਣ।
ਅਸੀਂ ਨਹੀਂ ਚਾਹੁੰਦੇ ਸੀ ਕਿ ਖੂਨਖਰਾਬਾ ਹੋਵੇ : ਚੰਡੀਗੜ੍ਹ ਤੋਂ ਜਾਰੀ ਇਕ ਵੀਡੀਓ ਸੰਦੇਸ਼ ਵਿੱਚ ਮੁੱਖ ਮੰਤਰੀ ਮਾਨ ਨੇ ਕਿਹਾ ਕਿ 18 ਮਾਰਚ ਨੂੰ ਜਦੋਂ ਕਾਰਵਾਈ ਕੀਤੀ ਗਈ ਸੀ ਤਾਂ ਉਸੇ ਦਿਨ ਗ੍ਰਿਫਤਾਰੀ ਹੋ ਸਕਦੀ ਸੀ, ਪਰ ਉਦੋਂ ਕੁੱਝ ਵੀ ਵਾਪਰ ਸਕਦਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਈ ਮਹੀਨਿਆਂ ਤੋਂ ਪੰਜਾਬ ਦੇ ਅਮਨ ਕਾਨੂੰਨ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਸੀ। ਕੁਝ ਲੋਕ 18 ਮਾਰਚ ਨੂੰ ਫੜੇ ਗਏ। ਪਰ ਅਸੀਂ ਨਹੀਂ ਚਾਹੁੰਦੇ ਸੀ ਕਿ ਗੋਲੀ ਚੱਲੇ ਜਾਂ ਕੋਈ ਖੂਨ ਖਰਾਬਾ ਹੋਵੇ। ਅਜਨਾਲਾ ਕੁੱਝ ਲੋਕ ਗੁਰੂ ਸਾਹਿਬ ਦੀ ਪਾਲਕੀ ਲੈ ਕੇ ਆਏ ਸਨ। ਉਸ ਦਿਨ ਵੀ ਡੀਜੀਪੀ ਨੂੰ ਇਹੀ ਨਿਰਦੇਸ਼ ਦਿੱਤੇ ਸਨ ਕਿ ਕੁੱਝ ਵੀ ਹੋ ਜਾਵੇ, ਗੁਰੂ ਸਾਹਿਬ ਦੀ ਮਰਿਆਦਾ ਨੂੰ ਸੱਟ ਨਹੀਂ ਵੱਜਣੀ ਚਾਹੀਦੀ ਹੈ। ਹਾਲਾਂਕਿ ਕੁੱਝ ਪੁਲਿਸ ਵਾਲੇ ਜਰੂਰ ਜ਼ਖਮੀ ਹੋਏ ਹਨ। ਅੱਜ ਅੰਮ੍ਰਿਤਪਾਲ ਸਿੰਘ ਗ੍ਰਿਫਤਾਰ ਹੋ ਗਏ ਹਨ। ਜੋ ਵੀ ਲੋਕ ਦੇਸ਼ ਦੇ ਅਮਨ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨਗੇ, ਉਨ੍ਹਾਂ ਉੱਤੇ ਕਾਰਵਾਈ ਹੋਵੇਗੀ।
ਇਹ ਵੀ ਪੜ੍ਹੋ : Amritpal's 'Lady Network: ਔਰਤਾਂ ਦੀ ਮਦਦ ਨਾਲ ਪੁਲਿਸ ਨੂੰ ਚਕਮਾ ਦਿੰਦਾ ਰਿਹਾ ਅੰਮ੍ਰਿਤਪਾਲ, ਇਲੈਕਟ੍ਰਾਨਿਕ ਨਿਗਰਾਨੀ ਦਾ ਪਰਦਾਫਾਸ਼
ਸਾਰੀ ਰਾਤ ਰੱਖੀ ਸਥਿਤੀ ਉੱਤੇ ਨਜ਼ਰ : ਮਾਨ ਨੇ ਕਿਹਾ ਕਿ ਦੇਸ਼ ਨੂੰ ਆਜਾਦ ਕਰਵਾਉਣ ਲਈ ਤੇ ਇਸਨੂੰ ਕਾਇਮ ਰੱਖਣ ਲਈ ਸਾਡੇ ਜਵਾਨਾਂ ਤੇ ਲੋਕਾਂ ਦਾ ਵੱਡਾ ਹੱਥ ਹੈ। ਪੰਜਾਬ ਨੇ ਮੋਹਰੀ ਸੂਬੇ ਦੀ ਭੂਮਿਕਾ ਨਿਭਾਈ ਹੈ। ਮੈਂ ਪੂਰੀ ਰਾਤ ਨਹੀਂ ਸੁੱਤਾ। ਮੈਂ ਹਰੇਕ 15 ਮਿੰਟ ਬਾਅਦ ਸਾਰੀ ਸਥਿਤੀ ਤੇ ਅਧਿਕਾਰੀਆਂ ਨਾਲ ਪੁੱਛਗਿੱਛ ਕਰਦਾਂ ਰਿਹਾਂ ਹਾ। ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਾਡੀ ਜਿੰਮੇਦਾਰੀ ਅਮਨ ਕਾਨੂੰਨ ਬਰਕਰਾਰ ਰੱਖਣ ਦੀ ਲਾਈ ਹੈ, ਇਸ ਲਈ ਅਸੀਂ ਕੰਮ ਕਰਦੇ ਰਹਾਂਗੇ।
ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਸੂਬੇ ਦੇ ਨੌਜਵਾਨਾਂ ਨੂੰ ਧਰਮ ਦੇ ਨਾਂ 'ਤੇ ਚਲਾਈਆਂ ਜਾ ਰਹੀਆਂ ਨਫਰਤ ਦੀਆਂ ਫੈਕਟਰੀਆਂ ਦਾ ਕੱਚਾ ਮਾਲ ਨਹੀਂ ਬਣਨ ਦਿੱਤਾ ਜਾਵੇਗਾ। ਮੈਂ ਨੌਜਵਾਨਾਂ ਦੇ ਹੱਥਾਂ 'ਚ ਕਿਤਾਬਾਂ, ਲੈਪਟਾਪ, ਨੌਕਰੀਆਂ, ਮੈਡਲ ਅਤੇ ਅਹਿਮ ਅਹੁਦਿਆਂ 'ਤੇ ਨਿਯੁਕਤੀ ਦੇਖਣਾ ਚਾਹੁੰਦੇ ਹਨ ਪਰ ਇਹ ਆਗੂ ਨੌਜਵਾਨਾਂ ਨੂੰ ਹੱਥਾਂ 'ਚ ਹਥਿਆਰ ਫੜਨ ਦਾ ਸੱਦਾ ਦੇ ਕੇ ਪੁੱਠੇ ਰਾਹ ਉਤੇ ਤੋਰਨਾ ਚਾਹੁੰਦੇ ਹਨ।” ਉਨ੍ਹਾਂ ਕਿਹਾ ਕਿ ਕੁਝ ਤਾਕਤਾਂ ਇਹ ਭਰਮ ਪਾਲ ਰਹੀਆਂ ਹਨ ਕਿ ਉਹ ਲੋਕਾਂ ਨੂੰ ਫਿਰਕੂ ਲੀਹਾਂ 'ਤੇ ਵੰਡ ਸਕਦੀਆਂ ਹਨ ਪਰ ਅਜਿਹਾ ਕਿਸੇ ਵੀ ਕੀਮਤ ਉਤੇ ਸੰਭਵ ਨਹੀਂ ਕਿਉਂਕਿ ਅਮਨ ਪਸੰਦ ਪੰਜਾਬੀ ਅਜਿਹੀ ਕਿਸੇ ਵੀ ਕੋਸ਼ਿਸ਼ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਧਰਤੀ ਬਹੁਤ ਉਪਜਾਊ ਹੈ ਅਤੇ ਇਸ 'ਤੇ ਨਫ਼ਰਤ ਅਤੇ ਦੁਸ਼ਮਣੀ ਤੋਂ ਇਲਾਵਾ ਕੁਝ ਵੀ ਉਗ ਸਕਦਾ ਹੈ। ਉਨ੍ਹਾਂ ਨੇ ਕੌਮੀ ਆਜ਼ਾਦੀ ਸੰਘਰਸ਼, ਸੂਬੇ ਦੀਆਂ ਸਰਹੱਦਾਂ ਦੀ ਰਾਖੀ ਦੇ ਨਾਲ-ਨਾਲ ਹਰੀ ਅਤੇ ਚਿੱਟੀ ਕ੍ਰਾਂਤੀ ਦੇ ਦੌਰ ਦੀ ਸ਼ੁਰੂਆਤ ਕਰਕੇ ਦੇਸ਼ ਨੂੰ ਅਨਾਜ ਉਤਪਾਦਨ ਵਿੱਚ ਆਤਮ-ਨਿਰਭਰ ਬਣਾਉਣ ਵਿੱਚ ਪੰਜਾਬੀਆਂ ਦੇ ਵਡਮੁੱਲੇ ਯੋਗਦਾਨ ਨੂੰ ਵੀ ਚੇਤੇ ਕੀਤਾ। ਭਗਵੰਤ ਮਾਨ ਨੇ ਕਿਹਾ ਕਿ ਹਾਲ ਹੀ ਵਿੱਚ ਸੂਬੇ ਦੇ ਚਾਰ ਬਹਾਦਰ ਜਵਾਨਾਂ ਨੇ ਜੰਮੂ-ਕਸ਼ਮੀਰ ਵਿੱਚ ਦੇਸ਼ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਦੀ ਰਾਖੀ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ। ( ਪ੍ਰੈੱਸ ਨੋਟ )