ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਹਿਰੀਲੀ ਸ਼ਰਾਬ ਪੀਣ ਨਾਲ 21 ਲੋਕਾਂ ਦੀ ਅਚਾਨਕ ਮੌਤ ਨੂੰ ਲੈ ਕੇ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ।
ਦੱਸ ਦਈਏ ਕਿ ਪਿਛਲੇ ਕਈ ਦਿਨਾਂ ਵਿੱਚ ਅੰਮ੍ਰਿਤਸਰ, ਬਟਾਲਾ ਅਤੇ ਤਰਨ ਤਾਰਨ ਦੇ ਵਿੱਚ 21 ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋ ਗਈ ਹੈ, ਜਦਕਿ ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਹਾਲਤ ਸਥਿਰ ਹੈ।
ਕੈਪਟਨ ਨੇ ਮੈਜੀਸਟ੍ਰੇਟ ਜਾਂਚ ਦੇ ਦਿੱਤੇ ਹੁਕਮ
ਜਾਂਚ ਟੀਮ ਇਸ ਹਾਦਸੇ ਨਾਲ ਸਬੰਧਤ ਤੱਥਾਂ ਅਤੇ ਹਾਦਸੇ ਦੇ ਕਾਰਨਾਂ ਅਤੇ ਹੋਰ ਕਾਰਨਾਂ ਦਾ ਪਤਾ ਲਗਾਵੇਗੀ। ਇਸ ਟੀਮ ਵਿੱਚ ਜਲੰਧਰ ਦੇ ਡਵਿਜ਼ਨਲ ਕਮਿਸ਼ਨਰ, ਐਕਸਾਈਜ਼ ਤੇ ਟੈਕਸਏਸ਼ਨ ਕਮਿਸ਼ਨਰ ਪੰਜਾਬ ਅਤੇ ਜ਼ਿਲ੍ਹਿਆਂ ਦੇ ਸਬੰਧਤ ਐਸਪੀ ਸ਼ਾਮਲ ਹੋਣਗੇ।
ਪੁਲਿਸ ਨੂੰ ਹਰ ਤਰ੍ਹਾਂ ਦੇ ਵਸੀਲੇ ਵਰਤਣ ਦੇ ਹੁਕਮ
ਮੁੱਖ ਮੰਤਰੀ ਨੇ ਜਲੰਧਰ ਕਮਿਸ਼ਨਰ ਨੂੰ ਕਿਸੇ ਵੀ ਸਿਵਲ/ਪੁਲਿਸ ਅਧਿਕਾਰੀ ਜਾਂ ਕਿਸੇ ਮਾਹਰ ਨੂੰ ਜਾਂਚ ਵਿੱਚ ਤੇਜ਼ੀ ਲਿਆਉਣ ਲਈ ਹਰ ਸੁਵਿਧਾ ਦੇਣ ਦੀ ਖੁੱਲ੍ਹ ਦਿੱਤੀ ਹੈ। ਉਨ੍ਹਾਂ ਨੇ ਇਸ ਮਾਮਲੇ ਵਿੱਚ ਕਿਸੇ ਦੇ ਨਾਲ ਵੀ ਮਿਲੀਭੁਗਤ ਪਾਏ ਜਾਣ 'ਤੇ ਸਖ਼ਤ ਕਾਰਵਾਈ ਦਾ ਵਾਅਦਾ ਕੀਤਾ ਹੈ, ਜਿਸ ਵਿੱਚ ਹੁਣ ਤੱਕ ਇੱਕ ਔਰਤ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਕੈਪਟਨ ਨੇ ਇੱਥੋਂ ਤੱਕ ਵੀ ਕਿਹਾ ਹੈ ਕਿ ਉਹ ਸੂਬੇ ਦੇ ਵਿੱਚ ਚੱਲ ਰਹੀਆਂ ਕਿਸੇ ਵੀ ਪ੍ਰਕਾਰ ਦੀ ਸ਼ਰਾਬ ਦੀਆਂ ਇਕਾਈਆਂ 'ਤੇ ਨਕੇਲ ਪਾਉਣ ਲਈ ਤਲਾਸ਼ੀ ਅਭਿਆਨ ਸ਼ੁਰੂ ਕਰਨ ਅਤੇ ਚੱਲ ਰਹੀ ਸ਼ਰਾਬ ਉਤਪਾਦਨ ਦੀ ਲੜੀ ਨੂੰ ਤੋੜਿਆ ਜਾਵੇ।
ਮਾਮਲੇ ਵਿੱਚ ਇੱਕ ਔਰਤ ਦੀ ਹੋਈ ਗ੍ਰਿਫ਼ਤਾਰੀ
ਜਾਣਕਾਰੀ ਮੁਤਾਬਕ ਪੁਲਿਸ ਨੇ ਇੱਕ ਬਲਵਿੰਦਰ ਕੌਰ ਨਾਂਅ ਦੀ ਔਰਤ ਜੋ ਕਿ ਅੰਮ੍ਰਿਤਸਰ ਦੇ ਪਿੰਡ ਮੁੱਛਲ ਦੀ ਵਾਸੀ ਹੈ, ਨੂੰ ਆਈਪੀਸੀ ਦੀ ਧਾਰਾ 304 ਅਤੇ ਐਕਸਾਈਜ਼ ਐਕਟ 61/1/14 ਦੇ ਅਧੀਨ ਕਾਬੂ ਕੀਤਾ ਹੈ। ਸਪੈਸ਼ਲ ਜਾਂਚ ਟੀਮ ਵੱਲੋਂ ਇਸ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਜਦਕਿ 4 ਮ੍ਰਿਤਕਾਂ ਜਸਵਿੰਦਰ ਸਿੰਘ, ਕਸ਼ਮੀਰ ਸਿੰਘ, ਕ੍ਰਿਪਾਲ ਸਿੰਘ ਅਤੇ ਜਸਵੰਤ ਸਿੰਘ ਦੀਆਂ ਲਾਸ਼ਾਂ ਦਾ ਪੋਸਟ ਮਾਰਟਮ ਅੱਜ ਕਰਵਾਇਆ ਜਾਵੇਗਾ ਅਤੇ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਾਇਆ ਜਾਵੇਗਾ।
ਡੀਜੀਪੀ ਨੇ ਮੌਤਾਂ ਦੀ ਦਿੱਤੀ ਜਾਣਕਾਰੀ
ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਹਿਲੀ ਮੌਤ ਪਿੰਡ ਮੁੱਛਲ ਅਤੇ ਟਾਂਗਰਾ ਵਿਖੇ 29 ਜੁਲਾਈ ਨੂੰ ਹੋਈ ਸੀ, ਫ਼ਿਰ 30 ਜੁਲਾਈ ਦੀ ਸ਼ਾਮ ਨੂੰ 2 ਹੋਰ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 1 ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਇਸ ਤੋਂ ਬਾਅਦ ਪਿੰਡ ਮੁੱਛਲ ਵਿਖੇ ਹੀ 2 ਹੋਰ ਮੌਤਾਂ ਦੀ ਜਾਣਕਾਰੀ ਸਾਹਮਣੇ ਆਈ, ਜਦਕਿ ਜ਼ਹਿਰੀਲੀ ਸ਼ਰਾਬ ਪੀਣ ਨਾਲ ਬਟਾਲਾ ਸ਼ਹਿਰ ਵਿੱਚ 2 ਹੋਰ ਮੌਤਾਂ ਦਰਜ ਕੀਤੀਆਂ ਗਈਆਂ।