ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ 'ਚ ਧੜੱਲੇ ਨਾਲ ਚੱਲ ਰਹੇ ਸ਼ਗਨ ਸਕੀਮ ਮਾਫ਼ੀਆ ਵਿਰੁੱਧ ਉੱਚ-ਪੱਧਰੀ ਜਾਂਚ ਦੀ ਮੰਗ ਕੀਤੀ ਹੈ ਤਾਂ ਕਿ ਗ਼ਰੀਬ ਅਤੇ ਦਲਿੱਤ ਬੱਚੀਆਂ ਦੇ ਹੱਕਾਂ ਦੀ ਲੁੱਟ ਬੰਦ ਹੋ ਸਕੇ।
ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਦਲਾਲਾਂ, ਪ੍ਰਸ਼ਾਸਨਿਕ ਅਧਿਕਾਰੀਆਂ, ਕਰਮਚਾਰੀਆਂ ਅਤੇ ਸੱਤਾਧਾਰੀ ਸਿਆਸੀ ਲੋਕਾਂ ਦੀ ਮਿਲੀਭਗਤ ਨਾਲ ਪੂਰੇ ਪੰਜਾਬ 'ਚ ਸ਼ਗਨ-ਸਕੀਮ ਮਾਫ਼ੀਆ ਸਰਗਰਮ ਹੈ।
ਉਨ੍ਹਾਂ ਜ਼ਿਕਰ ਕੀਤਾ ਕਿ ਤਾਜ਼ਾ ਰਿਪੋਰਟਾਂ ਹੈਰਾਨ ਕਰਨ ਵਾਲੀਆਂ ਹਨ। ਨਾਬਾਲਗ ਬੱਚੀਆਂ ਦੇ ਨਾਂਅ 'ਸ਼ਗਨ ਸਕੀਮ' ਫ਼ਰਜ਼ੀਵਾੜਾ ਕੀਤਾ ਜਾ ਰਿਹਾ ਹੈ। ਇਕੱਲੇ ਮਾਨਸਾ ਜ਼ਿਲ੍ਹੇ 'ਚ 28 ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ। ਸਾਰੇ ਜ਼ਿਲ੍ਹਿਆਂ 'ਚ ਅਜਿਹੇ ਮਾਮਲਿਆਂ ਦੀ ਗਿਣਤੀ ਸੈਂਕੜਿਆਂ 'ਚ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਲਈ ਪੂਰੇ ਮਾਮਲੇ ਦੀ ਜਾਂਚ ਕਰਵਾਈ ਜਾਵੇ ਅਤੇ ਪਿਛਲੇ ਸਾਢੇ 12 ਸਾਲਾਂ ਦੀ ਵਿਸਥਾਰ ਆਡਿਟ ਰਿਪੋਰਟ ਤਿਆਰ ਕਰਵਾਈ ਜਾਵੇ। ਗੜਬੜੀ ਦੀ ਵਸੂਲੀ ਸੰਬੰਧਿਤ ਅਧਿਕਾਰੀਆਂ ਕਰਮਚਾਰੀਆਂ ਅਤੇ ਸਿਆਸੀ ਦਲਾਲਾਂ ਕੋਲੋਂ ਵਸੂਲੀ ਜਾਵੇ।
ਇਹ ਵੀ ਪੜ੍ਹੋ : ਪਾਕਿ ਵੱਲੋਂ ਘੁਸਪੈਠ ਦੀ ਕੋਸ਼ਿਸ਼ ਨੂੰ ਭਾਰਤ ਨੇ ਕੀਤਾ ਨਾਕਾਮ, 5-7 ਅੱਤਵਾਦੀ ਢੇਰ
ਚੀਮਾ ਨੇ ਕਿਹਾ ਕਿ ਇਸ ਤੋਂ ਵੱਧ ਸ਼ਰਮ ਵਾਲੀ ਗੱਲ ਹੋਵੇਗੀ ਕਿ ਲਾਚਾਰ-ਗ਼ਰੀਬ-ਦਲਿਤਾਂ ਦੀਆਂ ਲੜਕੀਆਂ ਦੇ ਵਿਆਹ ਲਈ ਸ਼ੁਰੂ ਇਸ ਸ਼ਗਨ ਯੋਜਨਾਂ ਨੂੰ ਵੀ ਬਖ਼ਸ਼ਿਆ ਨਹੀਂ ਜਾ ਰਿਹਾ ਅਤੇ ਬਾਦਲਾਂ ਵਾਂਗ ਕੈਪਟਨ ਸਰਕਾਰ ਵੀ ਸੁੱਤੀ ਪਈ ਹੈ।
ਚੀਮਾ ਨੇ ਸੂਬਾ ਸਰਕਾਰ 'ਤੇ ਤੰਜ ਕਲਦਿਆਂ ਕਿਹਾ ਕਿ ਉਹ ਆਪਣੇ ਚੋਣ ਵਾਅਦੇ ਅਨੁਸਾਰ ਸ਼ਗਨ ਸਕੀਮ ਦੀ ਰਾਸ਼ੀ 51 ਹਜ਼ਾਰ ਤਾਂ ਕਰ ਨਹੀਂ ਸਕੀ ਪਰ ਜੋ ਅੱਧੀ-ਪਚਦੀ ਰਾਸ਼ੀ ਪਹਿਲਾਂ ਨਿਸ਼ਚਿਤ ਹੈ ਉਹ ਤਾਂ ਯੋਗ ਅਤੇ ਅਸਲ ਲੋੜਵੰਦ ਦਲਿਤ ਪਰਿਵਾਰਾਂ ਦੀਆਂ ਲੜਕੀਆਂ ਲਈ ਯਕੀਨੀ ਬਣਾ ਦੇਣ। ਉਨ੍ਹਾਂ ਕਿਹਾ ਕਿ ਅਜਿਹੀਆਂ ਬੇਇਨਸਾਫ਼ੀਆਂ ਅਤੇ ਧੋਖਾਧੜੀਆਂ ਦੀ ਕੀਮਤ ਕੈਪਟਨ ਸਰਕਾਰ ਨੂੰ ਚੁਕਾਉਣੀ ਪਵੇਗੀ।