ਚੰਡੀਗੜ੍ਹ: ਪੰਜਾਬ ਦੀ ਰਾਜਨੀਤੀ ਵਿਚੋਂ ਤੜਕਸਾਰ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ। ਉਹ ਫਿਲੌਰ ਤੋਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ ਹੋਏ ਸਨ। ਉਹਨਾਂ ਨੂੰ ਐਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ ਤਾਂ ਡਾਕਟਰਾਂ ਵੱਲੋਂ ਮੌਤ ਦੀ ਪੁਸ਼ਟੀ ਕੀਤੀ ਗਈ। ਉਹਨਾਂ ਦੀ ਮੌਤ ਤੋਂ ਬਾਅਦ ਭਾਰਤ ਜੋੜੋ ਯਾਤਰਾ ਰੋਕ ਦਿੱਤੀ ਗਈ।
ਇਹ ਵੀ ਪੜੋ: ਵੱਡੀ ਖ਼ਬਰ: ਸਾਂਸਦ ਸੰਤੋਖ ਸਿੰਘ ਚੌਧਰੀ ਦਾ ਹੋਇਆ ਦੇਹਾਂਤ, ਭਾਰਤ ਜੋੜੋ ਯਾਤਰਾ ਦੌਰਾਨ ਪਿਆ ਦਿਲ ਦਾ ਦੌਰਾ
ਜਲੰਧਰ ਤੋਂ 2 ਵਾਰ ਬਣੇ ਸਾਂਸਦ: ਚੌਧਰੀ ਸੰਤੋਖ ਸਿੰਘ ਦੀ ਉਮਰ 76 ਸਾਲ ਦੀ ਸੀ। ਪੰਜਾਬ ਦੀ ਰਾਜਨੀਤੀ ਵਿਚ ਚੌਧਰੀ ਸੰਤੋਖ ਸਿੰਘ ਦਾ ਵੱਡਾ ਨਾਂ ਸੀ ਉਹ ਦੋ ਵਾਰ ਜਲੰਧਰ ਤੋਂ ਸਾਂਸਦ ਬਣੇ। ਪਹਿਲੀ ਵਾਰ 2014 ਅਤੇ ਦੂਜੀ ਵਾਰ 2019 ਵਿਚ ਮੈਂਬਰ ਪਾਰਲੀਮੈਂਟ ਵਜੋਂ ਚੋਣ ਜਿੱਤੀ।ਉਹਨਾਂ ਦਾ ਇਕ ਵੱਡਾ ਸਿਆਸੀ ਤਜਰਬਾ ਰਿਹਾ ਹੈ।
ਚੌਧਰੀ ਸੰਤੋਖ ਸਿੰਘ ਦਾ ਰਾਜਨੀਤਿਕ ਜੀਵਨ: ਚੌਧਰੀ ਸੰਤੋਖ ਸਿੰਘ ਨੇ 1978 ਵਿਚ ਰਾਜਨੀਤੀ ਅੰਦਰ ਪੈਰ ਰੱਖਿਆ ਸੀ ਤੇ 1992 ਵਿਧਾਨ ਸਭਾ ਚੋਣਾਂ ਦੌਰਾਨ ਫਿਲੌਰ ਤੋਂ ਚੋਣ ਲੜੀ ਅਤੇ ਜਿੱਤ ਹਾਸਲ ਕੀਤੀ। 1997 ਵਿੱਚ ਪੰਜਾਬ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਚੁਣੇ ਗਏ ਅਤੇ 1 ਸਾਲ ਤੱਕ ਇਸ ਅਹੁਦੇ 'ਤੇ ਬਣੇ ਰਹੇ।
ਪੰਜਾਬ ਵਿੱਚ 2002 ਅੰਦਰ ਕਾਂਗਰਸ ਦੀ ਸਰਕਾਰ ਆਈ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਤਾਂ ਉਸ ਦੌਰ ਦੌਰਾਨ ਚੌਧਰੀ ਸੰਤੋਖ ਸਿੰਘ ਪੰਜਾਬ ਦੇ ਮੰਤਰੀ ਬਣੇ। ਉਹਨਾਂ ਨੂੰ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ, ਸਮਾਜ ਕਲਿਆਣ, ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਸੌਂਪੇ ਗਏ। ਚੌਧਰੀ ਸੰਤੋਖ ਸਿੰਘ 2004 ਤੋਂ ਲੈ ਕੇ 2010 ਤੱਕ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਸਹਿ ਪ੍ਰਧਾਨ ਵੀ ਰਹੇ। 2014 ਵਿਚ ਜਲੰਧਰ ਤੋਂ ਪਹਿਲੀ ਵਾਰ ਮੈਂਬਰ ਪਾਰਲੀਮੈਂਟ ਬਣਕੇ ਚੌਧਰੀ ਸੰਤੋਖ ਸਿੰਘ ਲੋਕ ਸਭਾ 'ਚ ਪਹੁੰਚੇ। ਵਿਧਾਨ ਸਭਾ ਚੋਣਾਂ 2022 ਦੌਰਾਨ ਫਿਲੌਰ ਤੋਂ ਉਹਨਾਂ ਦੇ ਬੇਟੇ ਚੌਧਰੀ ਬਿਕਰਮ ਸਿੰਘ ਵਿਧਾਇਕ ਬਣੇ।
ਯੂਥ ਕਾਂਗਰਸ ਨੇਤਾ ਵਜੋਂ ਕੀਤੀ ਸੀ ਰਾਜਨੀਤਿਕ ਸਫ਼ਰ ਦੀ ਸ਼ੁਰੂਆਤ: ਚੌਧਰੀ ਸੰਤੋਖ ਸਿੰਘ ਨੇ 1978 ਵਿਚ ਯੂਥ ਕਾਂਗਰਸ ਨੇਤਾ ਵਜੋਂ ਸਿਆਸੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ। 1978 ਤੋਂ 1982 ਤੱਕ ਪੰਜਾਬ ਕਾਂਗਰਸ ਦੇ ਸਹਿ ਪ੍ਰਧਾਨ ਰਹੇ। ਚੌਧਰੀ ਸੰਤੋਖ ਸਿੰਘ ਦਾ ਪਿਛੋਕੜ ਸਿਆਸੀ ਪਰਿਵਾਰ ਤੋਂ ਸੀ।ਉਹਨਾਂ ਦਾਦਾ ਗੋਪਾਲ ਸਿੰਘ ਅਤੇ ਪਿਤਾ ਗੁਰਬੰਦਾ ਸਿੰਘ ਕਿਸਾਨੀ ਤੋਂ ਰਾਜਨੀਤੀ ਵਿਚ ਆਏ ਸਨ।
ਚੌਧਰੀ ਆਪਣੇ ਸਿਆਸੀ ਕਰੀਅਰ ਵਿੱਚ ਤਿੰਨ ਮਹੀਨੇ ਜੇਲ੍ਹ ਵੀ ਕੱਟ ਚੁੱਕੇ ਹਨ। ਜਦੋਂ ਪੰਜਾਬ ਅੱਤਵਾਦ ਦੇ ਕਾਲੇ ਦੌਰ ਵਿੱਚੋਂ ਲੰਘ ਰਿਹਾ ਸੀ ਅਤੇ ਬਹੁਤ ਸਾਰੇ ਕਾਂਗਰਸੀ ਵਿਦੇਸ਼ਾਂ ਵਿੱਚ ਸ਼ਿਫਟ ਹੋ ਰਹੇ ਸਨ ਪਰ ਚੌਧਰੀ ਸੰਤੋਖ ਸਿੰਘ ਨੇ ਪਾਰਟੀ ਦਾ ਝੰਡਾ ਬੁਲੰਦ ਰੱਖਿਆ ਸੀ। ਉਹਨਾਂ ਦੀ ਮੌਤ ਤੋਂ ਬਾਅਦ ਹੁਣ ਜਲੰਧਰ ਲੋਕ ਸਭਾ ਦੀ ਸੀਟ ਖਾਲੀ ਹੋ ਗਈ ਹੈ।
ਇਹ ਵੀ ਪੜੋ: ਮੁਕਤਸਰ ਦੀ ਮਾਘੀ: ਖਿਦਰਾਣੇ ਦੀ ਢਾਬ ਵਜੋਂ ਜਾਣੀ ਜਾਂਦੀ ਇਹ ਧਰਤੀ ਕਿਵੇਂ ਬਣੀ ਸ੍ਰੀ ਮੁਕਤਸਰ ਸਾਹਿਬ, ਜਾਣੋ ਇਤਿਹਾਸ