ਚੰਡੀਗੜ੍ਹ: CBSE ਨੇ ਦਸਵੀਂ ਦੀਆਂ ਪ੍ਰਿਖਿਆਵਾਂ ਦੇ ਨਤੀਜੇ ਐਲਾਨ ਦਿੱਤੇ ਹਨ ਜਿਸ ਤਹਿਤ ਵਿਦਿਆਰਥੀ ਬਹੁਤ ਹੀ ਚੰਗੇ ਨੰਬਰਾਂ ਨਾਲ ਪਾਸ ਹੋਏ ਹਨ। ਪਰ ਇੱਕ ਅਜਿਹਾ ਵਿਦਿਆਰਥੀ ਵੀ ਹੈ ਜੋ ਕਿ ਮੈਰਿਟ ਲਿਸਟ ਦੇ ਵਿਚ ਆਉਣ ਦੇ ਬਾਵਜੂਦ ਆਪਣੇ ਨੰਬਰਾਂ ਤੋਂ ਖੁਸ਼ ਨਹੀਂ ਹੈ ਅਤੇ ਫਿਰ ਤੋਂ ਆਪਣੇ ਪੇਪਰ ਚੈੱਕ ਕਰਵਾਉਣਾ ਚਾਹੁੰਦਾ ਹੈ।
ਵਿਦਿਆਰਥੀ ਜਗਜੋਤ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦੇ 464 ਨੰਬਰ ਆਏ ਹਨ ਅਤੇ ਹਰ ਸਬਜੈਕਟ ਵਿੱਚ ਉਸ ਦੇ ਨੰਬਰ ਪਹਿਲਾਂ ਤੋਂ ਵੀ ਜ਼ਿਆਦਾ ਹਨ ਅਤੇ ਉਸ ਦੀ ਪਰਸੈਂਟੇਜ ਵੀ ਵਧੀਆ ਆਈ ਹੈ। ਪਰ ਉਹ ਆਪਣੇ ਇਨ੍ਹਾਂ ਨੰਬਰਾਂ ਦੇ ਨਾਲ ਖੁਸ਼ ਨਹੀਂ ਹੈ ਅਤੇ ਵਿਗਿਆਨ ਅਤੇ ਅੰਗਰੇਜ਼ੀ ਵਿੱਚ ਦੁਬਾਰਾ ਤੋਂ ਪੇਪਰਾਂ ਨੂੰ ਚੈੱਕ ਕਰਵਾਉਣਾ ਚਾਹੁੰਦਾ ਹੈ।
ਜਗਜੋਤ ਨੇ ਦੱਸਿਆ ਕਿ ਅੰਗਰੇਜ਼ੀ ਵਿੱਚ ਉਸ ਨੂੰ ਅਠਾਸੀ ਨੰਬਰ ਦਿੱਤੇ ਗਏ ਹਨ ਪਰ ਉਸ ਨੂੰ ਪੂਰਾ ਯਕੀਨ ਹੈ ਕਿ ਉਸ ਦਾ ਪੇਪਰ ਬਹੁਤ ਵਧੀਆ ਹੋਇਆ ਸੀ ਅਤੇ ਜੇਕਰ ਦੁਬਾਰਾ ਚੈੱਕ ਕਰਵਾਇਆ ਜਾਂਦਾ ਹੈ ਤਾਂ ਉਸ ਦੇ ਨੰਬਰ ਜ਼ਰੂਰ ਵਧਣਗੇ। ਜਗਜੋਤ ਨੇ ਦੱਸਿਆ ਕਿ ਉਸ ਨੇ ਇਸ ਬਾਰੇ ਆਪਣੇ ਸਕੂਲ ਵਿੱਚ ਵੀ ਗੱਲ ਕੀਤੀ ਹੈ ਅਤੇ ਸਕੂਲ ਵਾਲੇ ਉਸ ਦਾ ਮੁੜ ਮੁਲਾਂਕਣ ਕਰਵਾਉਣ ਦੇ ਲਈ ਰਾਜ਼ੀ ਹਨ।
ਜਗਜੋਤ ਦੇ ਪਿਤਾ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਬੇਟੇ ਤੇ ਪੂਰਾ ਭਰੋਸਾ ਹੈ। ਉਨ੍ਹਾਂ ਕਿਹਾ ਜਦ ਸਾਨੂੰ ਜਗਜੋਤ ਦੇ ਨੰਬਰਾਂ ਦਾ ਪਤਾ ਲੱਗਾ ਤਾਂ ਅਸੀਂ ਜਗਜੋਤ ਦੇ ਮੈਰਿਟ ਲਿਸਟ ਵਿੱਚ ਆਉਣ ਕਾਰਨ ਖੁਸ਼ ਵੀ ਸੀ ਅਤੇ ਪਰ ਹੈਰਾਨ ਵੀ ਕਿਉਂਕਿ ਉਨ੍ਹਾਂ ਦਾ ਬੱਚਾ ਵੱਧ ਅੰਕ ਸੋਚ ਰਿਹਾ ਸੀ ਪਰ ਉਸਨੂੰ ਸਿਰਫ 94 ਫੀਸਦ ਹੀ ਮਿਲੇ।
ਉਨ੍ਹਾਂ ਕਿਹਾ ਕਿ ਜਗਜੋਤ ਨੇ ਦੱਸਿਆ ਕਿ ਉਹ ਹਰ ਪੇਪਰ ਤੋਂ ਬਾਅਦ ਸਕੂਲ ਜਾ ਕੇ ਆਪਣੇ ਜਵਾਬਾਂ ਨੂੰ ਆਪਣੀ ਟੀਚਰ ਦੇ ਨਾਲ ਡਿਸਕਸ ਕਰਦਾ ਸੀ ਅਤੇ ਸਾਨੂੰ ਸਕੂਲ ਦੇ ਵਿੱਚੋਂ ਪ੍ਰਿੰਸੀਪਲ ਦਾ ਵੀ ਫੋਨ ਆਇਆ ਹੈ ਅਤੇ ਉਨ੍ਹਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਜਗਜੋਤ ਦੇ ਨੰਬਰਾਂ ਦੇ ਵਿੱਚ ਕਿਸੇ ਤਰੀਕੇ ਦੀ ਕਮੀ ਰਹਿ ਗਈ ਹੈ ਜੋ ਕਿ ਮੁੜ ਮੁਲਾਂਕਣ ਨਾਲ ਸਹੀ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਪ੍ਰਿੰਸੀਪਲ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਜਦੋਂ ਰੀ-ਇਵੈਲੂਏਸ਼ਨ ਕੀਤੀ ਜਾਏਗੀ ਉਦੋਂ ਸਕੂਲ ਦਾ ਇੱਕ ਅਧਿਆਪਕ ਵੀ ਰਿਵੈਲੂਏਸ਼ਨ ਦੇ ਵਿੱਚ ਬੈਠੇਗਾ।