ਚੰਡੀਗੜ੍ਹ: ਪਿਛਲੇ ਦੋ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਨੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਹਰ ਥਾਂ ਜਲ ਥਲ ਹੋਈ ਪਈ ਹੈ। ਉੱਥੇ ਹੀ ਜੇ ਖੂਬਸੂਰਤ ਸ਼ਹਿਰ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਚੰਡੀਗੜ ਦੀ ਖੂਬਸੂਰਤੀ ਨੂੰ ਵੀ ਮੀਂਹ ਕਾਰਨ ਗ੍ਰਹਿਣ ਲੱਗਦਾ ਨਜ਼ਰ ਆ ਰਿਹਾ ਹੈ। ਚੰਡੀਗੜ੍ਹ ਦੇ ਸੈਕਟਰ 26 ਦੀ ਅਨਾਜ ਮੰਡੀ ਦਾ ਹਾਲ ਮੂੰਹੋਂ ਬੋਲ ਬੋਲ ਕੇ ਪ੍ਰਸ਼ਾਸਨ ਦੀ ਅਣਗਹਿਲੀ ਦੀਆਂ ਦੁਹਾਈਆਂ ਦੇ ਰਿਹਾ ਹੈ।
26 ਮੰਡੀ ਦੀ ਮੇਨ ਮਾਰਕੀਟ 'ਚ ਗਾਰਾ ਹੀ ਗਾਰਾ : ਸੈਕਟਰ 26 ਦੀ ਮੰਡੀ ਵਿੱਚੋਂ ਜੋ ਤਸਵੀਰਾਂ ਸਾਹਮਣੇ ਆਈਆਂ ਉਹਨਾਂ ਵਿਚ ਇੰਝ ਪ੍ਰਤੀਤ ਹੋ ਰਿਹਾ ਹੈ ਕਿ ਇਹ ਜਿਵੇਂ ਇਹ ਚੰਡੀਗੜ੍ਹ ਨਹੀਂ ਬਲਕਿ ਕਿਸੇ ਪਛੜੇ ਇਲਾਕੇ ਦੀਆਂ ਤਸਵੀਰਾਂ ਹੋਣ। ਮੀਂਹ ਨਾਲ ਸਾਰੇ ਪਾਸੇ ਗਾਰਾ ਹੀ ਗਾਰਾ ਹੋਇਆ ਪਿਆ ਹੈ। ਸਾਰੇ ਪਾਸੇ ਗੰਦਗੀ ਦਾ ਪਸਾਰਾ ਹੈ ਸਭ ਤੋਂ ਹੈਰਾਨੀ ਦੀ ਗੱਲ ਹੈ ਇਸ ਸਮੱਸਿਆ ਵੱਲੋਂ ਕਿਸੇ ਦਾ ਕੋਈ ਧਿਆਨ ਨਹੀਂ ਹੈ।ਨਾ ਹੀ ਇਸ ਇਲਾਕੇ ਦੇ ਪ੍ਰਾਸ਼ਦ ਨੇ ਕਦੇ ਇਸ ਵੱਲ ਧਿਆਨ ਦਿੱਤਾ ਅਤੇ ਨਾ ਹੀ ਮੰਡੀ ਬੋਰਡ ਨੇ ਕਦੇ 26 ਅਨਾਜ ਮੰਡੀ ਦਾ ਜਾਇਜ਼ਾ ਲਿਆ। ਇੱਥੇ ਹੀ ਬਸ ਨਹੀਂ ਹੁੰਦੀ ਪਿਛਲੇ ਕਈ ਸਾਲਾਂ ਤੋਂ ਇੱਥੇ ਦੀਆਂ ਸੜਕਾਂ ਦੀ ਕਦੇ ਮੁਰੰਮਤ ਨਹੀਂ ਹੋਈ।
26 ਮੰਡੀ ਚੰਡੀਗੜ੍ਹ ਦੀ ਮੇਨ ਮਾਰਕੀਟ: ਸੈਕਟਰ 26 ਵਿੱਚ ਚੰਡੀਗੜ੍ਹ ਦੀ ਸਭ ਤੋਂ ਵੱਡੀ ਅਨਾਜ ਅਤੇ ਸਬਜ਼ੀ ਮੰਡੀ ਹੈ। ਜਿੱਥੇ ਸਾਰੇ ਸ਼ਹਿਰ ਦੇ ਲੋਕਾਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ। ਵੱਡੇ ਵੱਡੇ ਲੋਕ ਇੱਥੋਂ ਰਾਸ਼ਨ ਅਤੇ ਸਬਜ਼ੀ ਖਰੀਦਣ ਆਉਂਦੇ ਹਨ। ਪਰ ਮੀਂਹ ਕਾਰਨ ਸੜਕਾਂ ਅਤੇ ਮੰਡੀ ਦਾ ਜੋ ਹਾਲ ਹੋਇਆ ਪਿਆ ਉਸ ਨੂੰ ਵੇਖ ਕੇ ਹਰ ਕੋਈ ਹਾਲ ਦੁਹਾਈ ਮਚਾ ਰਿਹਾ ਹੈ। ਇਹ ਤਾਂ ਮੀਂਹ ਕਾਰਨ ਚੰਡੀਗੜ੍ਹ ਦਾ ਹਾਲ ਹੋਇਆ ਪਿਆ ਹੈ। ਉਧਰ ਦੂਜੇ ਪਾਸੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ 'ਚ ਹੋ ਰਹੀ ਬਰਸਾਤ ਅਤੇ ਗੜੇਮਾਰੀ ਕਾਰਨ ਕਿਸਾਨਾਂ ਦੀਆਂ ਪੱਕੀਆਂ ਫ਼ਸਲਾਂ ਦਾ ਬਹੁਤ ਨੁਕਸਾਨ ਹੋਇਆ। ਪੁੱਤਾਂ ਵਾਂਗੂ ਪਾਲੀਆਂ ਫ਼ਸਲਾਂ ਮੀਂਹ ਦੀਆਂ ਬੁਛਾਰਾਂ ਨਾਲ ਡਿੱਗ ਗਈਆਂ । ਇਹ ਮੀਂਹ ਦਾ ਪਾਣੀ ਕਿਸਾਨਾਂ ਦੀਆਂ ਫ਼ਸਲਾਂ ਉੱਪਰ ਨਹੀਂ ਬਲਕਿ ਅਰਮਾਨਾਂ 'ਤੇ ਪਾਣੀ ਫੇਰ ਗਿਆ। ਪੂਰੇ ਪੰਜਾਬ ਵਿਚ ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ ਤਬਾਹ ਹੋ ਗਈ।
ਪੂਰੇ ਉੱਤਰ ਭਾਰਤ ਵਿਚ ਪੈ ਰਿਹਾ ਮੀਂਹ: ਮਾਰਚ ਦੇ ਆਖਰ ਵਿੱਚ ਪੈ ਰਿਹਾ ਮੀਂਹ ਪੂਰੇ ਉੱਤਰ ਭਾਰਤ ਨੂੰ ਜਲ-ਥਲ ਕਰ ਰਿਹਾ ਹੈ। ਦੇਸ਼ ਦੇ ਕਈ ਹਿੱਸਿਆਂ ਵਿਚ ਭਾਰੀ ਬਾਰਿਸ਼ ਨੇ ਇਕ ਵਾਰ ਫਿਰ ਤੋਂ ਠੰਢ ਵਾਲਾ ਕਾਂਬਾ ਛੇੜ ਦਿੱਤਾ ਹੈ।ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਿਕ ਆਉਣ ਵਾਲੇ ਇਕ ਦੋ ਦਿਨ ਹੋਰ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਾਬ, ਹਰਿਆਣਾ, ਉੱਤਰ ਪ੍ਰਦੇਸ, ਰਾਜਸਥਾਨ ਅਤੇ ਦਿੱਲੀ ਵਿਚ ਹੋਰ ਗੜ੍ਹੇਮਾਰੀ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: Search Opration Amritpal Live update: ਅੰਮ੍ਰਿਤਪਾਲ ਨੂੰ ਲੈ ਕੇ ਭਾਰਤ ਨੇਪਾਲ ਸਰਹੱਦ ਉੱਤੇ ਅਲਰਟ ਜਾਰੀ