ਚੰਡੀਗੜ੍ਹ: ਦੇਰ ਰਾਤ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ 'ਤੇ ਹਮਲੇ ਨੂੰ ਲੈ ਕੇ ਭਾਜਪਾ ਵਰਕਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਮੰਗਲਵਾਰ ਨੂੰ ਚੰਡੀਗੜ੍ਹ ਦੇ ਭਾਜਪਾ ਵਰਕਰਾਂ ਨੇ ਹਮਲੇ ਦੇ ਵਿਰੋਧ ਵਿੱਚ ਸ਼ਹਿਰੀ ਪ੍ਰਧਾਨ ਅਰੁਣ ਸੂਦ ਦੀ ਅਗਵਾਈ ਹੇਠ ਇੱਕ ਮਾਰਚ ਕੱਢਿਆ। ਭਾਜਪਾ ਵਰਕਰਾਂ ਨੇ ਇਸ ਦੌਰਾਨ ਕਾਂਗਰਸ ਦਫ਼ਤਰ ਘੇਰਨ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਬੈਰੀਕੇਡ ਲਾ ਕੇ ਰੋਕ ਲਿਆ ਅਤੇ ਅੱਗੇ ਨਹੀਂ ਜਾਣ ਦਿੱਤਾ, ਜਿਸ 'ਤੇ ਭਾਜਪਾ ਵਰਕਰਾਂ ਨੇ ਉਥੇ ਹੀ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ।
ਧਰਨੇ ਦੌਰਾਨ ਭਾਜਪਾ ਆਗੂ ਅਰੁਣ ਸੂਦ ਨੇ ਕਿਹਾ ਕਿ ਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਗੱਡੀ 'ਤੇ ਜਿਸ ਤਰੀਕੇ ਹਮਲਾ ਕੀਤਾ ਗਿਆ ਹੈ ਉਹ ਨਿਖੇਧੀਯੋਗ ਹੈ। ਉਨ੍ਹਾਂ ਦੋੋਸ਼ ਲਾਇਆ ਕਿ ਇਹ ਹਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਸ਼ਾਰੇ 'ਤੇ ਪੰਜਾਬ ਯੂਥ ਕਾਂਗਰਸ ਨੇ ਕੀਤਾ ਹੈ, ਜਿਸ ਨੂੰ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਭਾਜਪਾ ਚੰਡੀਗੜ੍ਹ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਪੁਲਿਸ ਵੀ ਪੂਰੇ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਇਸ਼ਾਰੇ 'ਤੇ ਕੰਮ ਕਰ ਰਹੀ ਹੈ। ਇਸ ਕਰਕੇ ਦੇਰ ਰਾਤ ਤੱਕ ਪੁਲਿਸ ਵੱਲੋਂ ਇਸ ਬਾਬਤ ਮੁਕੱਦਮਾ ਦਰਜ ਕਰਕੇ ਕਿਸੇ ਦੋਸ਼ੀ ਨੂੰ ਨਹੀਂ ਫੜਿਆ ਗਿਆ, ਜਿਸ ਦੇ ਰੋਸ ਵੱਜੋਂ ਭਾਜਪਾ ਵਰਕਰਾਂ ਨੇ ਇੱਕ ਰੋਸ ਮਾਰਚ ਕਰਦੇ ਹੋਏ ਕਾਂਗਰਸ ਆਫਿਸ ਦਾ ਘਿਰਾਉ ਕਰਨ ਜਾ ਰਹੇ ਸੀ ਪਰ ਵਿਚਕਾਰ ਹੀ ਪੁਲਿਸ ਨੇ ਰੋਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿੱਚ ਧਾਰਾ 140 ਲੱਗੀ ਹੋਣ ਕਾਰਨ ਪੁਲਿਸ ਨਾਲ ਸਹਿਯੋਗ ਕਰਦੇ ਹੋਏ ਸੜਕ 'ਤੇ ਹੀ ਧਰਨਾ ਲਾਉਣ ਦਾ ਫ਼ੈਸਲਾ ਕੀਤਾ।
ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ ਅਤੇ ਨਾਲ ਹੀ ਪ੍ਰਧਾਨ ਮੰਤਰੀ ਤੋਂ ਅਪੀਲ ਕੀਤੀ ਕਿ ਪੰਜਾਬ ਦੇ ਵਿੱਚ ਸਰਕਾਰ ਨੂੰ ਫੌਰੀ ਤੌਰ 'ਤੇ ਬਰਖਾਸਤ ਕਰਕੇ ਭਾਜਪਾ ਪ੍ਰਧਾਨ 'ਤੇ ਹਮਲੇ ਦੇ ਕਥਿਤ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।