ਚੰਡੀਗੜ੍ਹ: ਚੰਡੀਗੜ੍ਹ ਦੇ ਬਾਪੂਧਾਮ ਇਲਾਕੇ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ ਤੇ ਕਮਿਊਨਿਟੀ ਸਪਰੈੱਡ ਦੇ ਖ਼ਤਰੇ ਨੂੰ ਵੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸੈਕਟਰ 26 ਬਾਪੂਧਾਮ ਨੂੰ ਸੀਲ ਕਰ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਸੈਕਟਰ 32 ਜੀਐਮਸੀਐਚ ਦੇ ਵਾਰਡ ਅਟੈਂਡੈਂਟ ਨਰਿੰਦਰ ਨੂੰ ਕਰੋਨਾ ਵਾਇਰਸ ਪੌਜ਼ੀਟਿਵ ਆਇਆ ਸੀ ਤੇ ਉਹ ਬਾਪੂਧਾਮ ਦਾ ਰਹਿਣ ਵਾਲਾ ਸੀ। ਉਸ ਦੀ ਰਿਪੋਰਟ ਆਉਣ ਤੋਂ ਬਾਅਦ ਇਹ ਪਤਾ ਚੱਲਿਆ ਕਿ ਉਸ ਨੇ 17 ਅਪ੍ਰੈਲ ਨੂੰ ਆਪਣੇ ਘਰ ਵਿੱਚ ਇੱਕ ਪਾਰਟੀ ਰੱਖੀ ਸੀ, ਜਿਸ ਵਿੱਚ 123 ਲੋਕ ਸ਼ਾਮਲ ਹੋਏ ਸਨ।
ਹਾਲਾਂਕਿ ਨਰਿੰਦਰ ਦੇ ਗੁਆਂਢ ਤੇ ਉਸ ਦੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਉੱਥੇ ਹੀ ਜਿਹੜੇ ਲੋਕ ਉਸ ਪਾਰਟੀ ਵਿੱਚ ਸ਼ਾਮਲ ਹੋਏ ਸੀ, ਉਨ੍ਹਾਂ ਵਿੱਚੋਂ ਵੀ ਕਈ ਲੋਕਾਂ ਦੀ ਰਿਪੋਰਟ ਪੌਜ਼ੀਟਿਵ ਆਈ ਹੈ। ਚੰਡੀਗੜ੍ਹ ਪੁਲਿਸ ਵੱਲੋਂ ਨਰਿੰਦਰ ਸਿੰਘ ਦੇ ਖ਼ਿਲਾਫ਼ ਕਰਫ਼ਿਊ ਦੇ ਦੌਰਾਨ ਪਾਰਟੀ ਕਰਨ 'ਤੇ ਧਾਰਾ 269,270 ਦੇ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ।