ਚੰਡੀਗੜ੍ਹ: ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ, ਸੂਬਾ ਸਰਕਾਰ ਸਰਕਾਰੀ ਨੌਕਰੀਆਂ ਵਿੱਚ ਅੰਗਹੀਣ ਬੱਚਿਆਂ ਦਾ ਬੈਕਲਾਗ ਭਰਨ ਲਈ ਵਚਨਬੱਧ ਹੈ ਅਤੇ ਇਸ ਦਿਸ਼ਾ ਵਿੱਚ ਨਿਰੰਤਰ ਕਾਰਜਸ਼ੀਲ ਹੈ।
ਫ਼ੇਜ਼-8 ਸਥਿਤ ਭਾਰਤ ਸਰਕਾਰ ਦੀਆਂ ਵੱਖ ਵੱਖ ਸਕੀਮਾਂ ਅਧੀਨ ਚਲਦੇ ਮੈਂਟਰ ਸਕਿੱਲਜ਼ ਇੰਡੀਆ ਦੇ ਪ੍ਰਧਾਨ ਮੰਤਰੀ ਕੌਸ਼ਲ ਕੇਂਦਰ ਵਿਖੇ ਦਿਵਿਆਂਗ ਵਿਅਕਤੀਆਂ ਦੇ ਕੌਮਾਂਤਰੀ ਦਿਵਸ ਸਬੰਧੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਸਰਕਾਰ ਦੇ ਅਹਿਮ ਲੋਕ-ਪੱਖੀ ਏਜੰਡਿਆਂ ਵਿੱਚ ਸੂਬੇ ਦੀ ਨੌਜਵਾਨੀ ਨੂੰ ਰੋਜ਼ਗਾਰ ਮੁਹੱਈਆ ਕਰਾਉਣਾ ਇੱਕ ਹੈ।
ਨਾਲ ਹੀ ਉਨ੍ਹਾਂ ਕਿਹਾ ਕਿ, ਪਸ਼ੂ ਪਾਲਣ ਅਤੇ ਕਿਰਤ ਵਿਭਾਗ ਦੇ ਮੰਤਰੀ ਬਣਦਿਆਂ ਹੀ ਉਨਾਂ ਨੇ ਦਿਵਿਆਂਗ ਵਿਅਕਤੀਆਂ ਦਾ ਨੌਕਰੀਆਂ ਦਾ ਬੈਕਲਾਗ ਭਰਿਆ। ਉਨਾਂ ਕਿਹਾ ਕਿ, ਪੰਜਾਬ ਸਰਕਾਰ ਦੀ ਵੱਕਾਰੀ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਆਮ ਨੌਜਵਾਨਾਂ ਦੇ ਨਾਲ-ਨਾਲ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਨੌਕਰੀ ਦਿਵਾਉਣ ਲਈ ਤਰਜੀਹ ਦਿੱਤੀ ਜਾਂਦੀ ਹੈ।
ਉਨਾਂ ਇਸ ਦਿਹਾੜੇ ਮੌਕੇ ਆਪਣੇ ਵੱਡੇ ਭਰਾ ਬਲਦੇਵ ਸਿੰਘ ਸਿੱਧੂ ਦਾ ਉਚੇਚੇ ਤੌਰ ’ਤੇ ਜ਼ਿਕਰ ਕਰਦਿਆਂ ਕਿਹਾ, ‘‘ਮੈਨੂੰ ਦਿਵਿਆਂਗ ਵਿਅਕਤੀਆਂ ਦੀ ਸੇਵਾ ਦੀ ਗੁੜਤੀ ਪਰਿਵਾਰ ਵਿੱਚੋਂ ਮਿਲੀ ਹੈ।’’ ਉਨਾਂ ਦੱਸਿਆ ਕਿ, ਫ਼ੌਜ ਦੇ ਆਲਾ ਅਫ਼ਸਰ ਹੁੰਦਿਆਂ ਉਨਾਂ ਦੇ ਭਰਾ ਜੰਗ ਦੌਰਾਨ ਅਪਾਹਜ ਹੋ ਗਏ ਸਨ ਪਰ ਉਨਾਂ ਨੇ ਹਿੰਮਤ ਨਹੀਂ ਹਾਰੀ ਅਤੇ ਤਾਅ ਉਮਰ ਦਿਵਿਆਂਗ ਵਿਅਕਤੀਆਂ ਦੇ ਹੱਕਾਂ ਲਈ ਲੜਦੇ ਰਹੇ।
ਮੈਂਟਰ ਇੰਡੀਆ ਸੰਸਥਾ ਵੱਲੋਂ ਕੌਮੀ ਹੁਨਰ ਵਿਕਾਸ ਨਿਗਮ ਦੀ ਸਰਪ੍ਰਸਤੀ ਹੇਠ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਨੌਕਰੀਆਂ ਲਈ ਮੁਫ਼ਤ ਸਿਖਲਾਈ ਦੇਣ ਅਤੇ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਜਿਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਉਨਾਂ ਕਿਹਾ ਕਿ ਦਿਵਿਆਂਗ ਬੱਚਿਆਂ ਨੂੰ ਆਪਣੇ ਪੈਰਾਂ ’ਤੇ ਖੜਾ ਕਰਨਾ ਹੀ ਮਨੁੱਖਤਾ ਦੀ ਅਸਲ ਸੇਵਾ ਹੈ।
ਉਨਾਂ ਕਿਹਾ ਕਿ ਜੇ ਅਸੀਂ ਇਨਾਂ ਬੱਚਿਆਂ ਨੂੰ ਅੱਗੇ ਵਧਣ ਦਾ ਮੌਕਾ ਦਿਆਂਗੇ ਤਾਂ ਇਹ ਦੇਸ਼ ਦੀ ਸੇਵਾ ਵਿੱਚ ਸਾਧਾਰਨ ਬੰਦਿਆਂ ਨਾਲੋਂ ਜ਼ਿਆਦਾ ਯੋਗਦਾਨ ਪਾ ਸਕਦੇ ਹਨ।
ਸਮਾਗਮ ਦੌਰਾਨ ਸਿੱਧੂ ਨੇ ਸਿਖਲਾਈ ਲੈ ਚੁੱਕੇ ਅਤੇ ਵੱਖ-ਵੱਖ ਨਾਮੀ ਕੰਪਨੀਆਂ ਵਿੱਚ ਚੁਣੇ ਗਏ ਡੈੱਫ਼ ਐਂਡ ਮਿਊਟ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਅਤੇ ਸੰਸਥਾ ਵਿੱਚ ਸਿਖਲਾਈ ਲੈ ਰਹੇ ਨੌਜਵਾਨਾਂ ਨੂੰ ਆਪਸ ਵਿੱਚ ਵੀਡੀਓ ਸੰਚਾਰ ਕਰਨ ਲਈ ਟਾਇਨੌਰ ਔਰਥੋਟਿਕਸ ਵੱਲੋਂ ਟੈਬਲੈਟ ਅਤੇ ਸੁਣਨ ਦੇ ਯੰਤਰ ਵੰਡੇ।
ਸਿੱਧੂ ਨੇ ਸੰਸਥਾ ਨੂੰ ਵਿਸ਼ੇਸ਼ ਯੋਗਦਾਨ ਦੇਣ ਵਾਲੇ ਅਤੇ ਰੋਜ਼ਗਾਰਦਾਤਾ ਪਤਵੰਤਿਆਂ ਇਨਫੌਸਿਸ ਤੋਂ ਸ੍ਰੀ ਪੁਨੀਤ ਰੰਧਾਵਾ, ਟਾਇਨੌਰ ਦੇ ਐਮ.ਡੀ. ਸ੍ਰੀ ਪੀ.ਜੇ. ਸਿੰਘ, ਗਿਲਾਰਡ ਤੋਂ ਕਰਨੈਲ ਸਿੰਘ, ਏਰੀਅਲ ਟੈਲੀਕਾਮ ਤੋਂ ਅਨੂੰ, ਐਸ.ਐਸ.ਐਫ਼. ਸੰਸਥਾ ਤੋਂ ਸ੍ਰੀ ਅਰਜੁਨ ਸਿੰਘ ਅਤੇ ਸ੍ਰੀ ਰਵਿੰਦਰ ਸਿੰਘ ਆਦਿ ਦਾ ਵੀ ਉਚੇਚਾ ਸਨਮਾਨ ਕੀਤਾ।
ਇਸ ਮੌਕੇ ਮੈਂਟਰ ਇੰਡੀਆ ਦੇ ਡਾਇਰੈਕਟਰ ਨਵਜੀਤ ਸਿੰਘ, ਸੁਕਿ੍ਰਤ ਬਾਂਸਲ ਅਤੇ ਆਲ ਇੰਡੀਆ ਡੈੱਫ਼ ਐਂਡ ਡੰਬ ਐਸੋਸੀਏਸ਼ਨ ਦੇ ਪ੍ਰਧਾਨ ਪਦਮ ਪਾਸੀ ਵੀ ਹਾਜ਼ਰ ਸਨ।